ਹਾਰੀ ਹੋਈ ਜ਼ਿੰਦਗੀ ਦਾ ਜੇਤੂ ਜਰਨੈਲ-ਪਿੰਦਰ ਬਾਈ

ਸਲਾਮ ਜ਼ਿੰਦਗੀ-2
-ਅਮਨਦੀਪ ਕੌਰ ਹਾਂਸ
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ  -ਬਾਬਾ ਨਜ਼ਮੀ
ਜਲੰਧਰ-ਕਪੂਰਥਲਾ ਸੜਕ ‘ਤੇ ਸੱਜੀ ਵੱਖੀ ਤੇ ਪਿੰਡ ਪੈਂਦਾ ਹੈ ਧਾਰੀਵਾਲ ਦੋਨਾ, ਜੀਹਦੇ ਬੱਸ ਅੱਡੇ ਦੇ ਇਕ ਖੂੰਜੇ ‘ਤੇ ਹਾਰੀ ਹੋਈ ਜ਼ਿੰਦਗੀ ਦੀ ਜੇਤੂ ਧੜਕਣ ਸਾਫ ਝਲਕਦੀ ਹੈ,  ਰੰਗ ਬਿਰੰਗੇ ਇਸ਼ਤਿਹਾਰੀ ਫਲੈਕਸ, ਅੱਧੋਰਾਣੀ ਤਰਪਾਲ਼ ਦੀ ਛੱਤ ਹੈ, ਟੁੱਟਜੂੰ ਟੁੱਟਜੂੰ ਕਰਦੇ ਬਾਂਸ, ਪਿੱਲਰਾਂ ਵਾਂਗੂੰ ਇਸ ਛੱਤ ਨੂੰ ਥੰਮੀ ਖਲੋਤੇ ਨੇ, ਜਿਵੇਂ ਆਪ ਆ ਕੇ ਰੱਬ ਨੇ ਓਟ ਦਿੱਤੀ ਹੋਵੇ। ਅੰਦਰ ਬੈਡ ਦਾ ਭੁਲੇਖਾ ਪਾਉਂਦੇ ਫੱਟੇ ਅੱਠ ਪਾਵਿਆਂ ਵਰਗੇ ਲੱਕੜ ਦੇ ਮੁੰਨਿਆਂ ਦੇ ਸਿਰ ‘ਤੇ ਚਿਣੇ ਨੇ। ਪੁਰਾਣੇ ਕੱਪੜੇ ਬੋਰੀਆਂ ਵਿੱਚ ਪਾ ਪਾ ਕੇ ਪੋਲੇ ਮਖਮਲੀ ਗੱਦਿਆਂ ਦਾ ਭਰਮ ਸਿਰਜਣ ਲਈ ਟਿਕਾਏ ਨੇ, ਦੋ ਚੁੰਨੀਆਂ ਚ ਕੱਪੜੇ ਪਾ ਕੇ ਗੱਠੜੀ ਬੰਨ ਕੇ ਸਿਰਹਾਣੇ ਦਾ ਰੂਪ ਦਿੱਤਾ ਹੈ, ਕਮਾਲ ਦੀ ਕਲਾਕਾਰੀ ਹੈ.. ਜੋ ਹਾਰੀ ਹੋਈ ਜ਼ਿੰਦਗੀ ਵਿੱਚ ਵੀ ਜੇਤੂ ਨਿਸ਼ਾਨ ਉਗਾੜ ਕੇ ਰੱਖਦੀ ਹੈ।
ਇਹ ਇਕ ਘਰ ਹੈ, ਜਿਸ ਦੇ ਅੰਦਰ ਹਾਸਾ ਟੁਣਕਦਾ ਹੈ, 52 ਸਾਲਾ ਪਿੰਦਰ ਸਿੰਘ ਦਾ, 48 ਸਾਲਾ ਬਬਲੀ ਦਾ, 17 ਸਾਲਾ ਸਾਹਿਲ, 14 ਸਾਲਾ ਸਾਗਰ, ਤੇ 13 ਸਾਲਾ ਬੱਚੀ ਕਾਜਲ ਦਾ..
ਜਲੰਧਰ-ਕਪੂਰਥਲਾ ਮੁੱਖ ਸੜਕ ਦੇ ਕਿਨਾਰੇ ਪੀ ਡਬਲਿਊ ਡੀ ਦੀ ਜ਼ਮੀਨ ‘ਤੇ ਫਲੈਕਸਾਂ ਤੇ ਫਟੀ ਪੁਰਾਣੀ ਤਰਪਾਲ ਦੀ ਓਟ ਚ ਬਣੇ ਇਸ ਟਿਕਾਣੇ ਨੂੰ ਆਲੇ ਦੁਆਲੇ ਦੇ ਲੋਕ ਪਿੰਦਰ ਬਾਈ ਦਾ ਢਾਬਾ ਕਹਿੰਦੇ ਨੇ।
ਪਿੰਦਰ ਬਾਈ ਦੇ ਧੁਆਂਖੇ ਚਿਹਰੇ ‘ਤੇ ਗੁਰਬਤ ਨਾਲ ਉਮਰ ਦੀਆਂ ਲਕੀਰਾਂ ਹੋਰ ਡੂੰਘੀਆਂ ਦਿਸਦੀਆਂ ਨੇ, ਪਰ ਅੰਦਰ ਧਸੀਆਂ ਅੱਖਾਂ ਚ ਜੇਤੂ ਲਿਸ਼ਕ ਹੈ, ਕਿ ਥੁੜਾਂ, ਤੰਗੀਆਂ ਤੁਰਸ਼ੀਆਂ ਸਿਰੜੀ ਲੋਕਾਂ ਨੂੰ ਹਰਾ ਨਹੀਂ ਸਕਦੀਆਂ। ਪਿੰਦਰ ਦੱਸਦਾ ਹੈ ਕਿ ਗੁਰਬਤ ਕਰਕੇ ਸਕੂਲ ਦਾ ਮੂੰਹ ਨਹੀਂ ਦੇਖਿਆ, ਨਿੱਕੇ ਨਿਆਣੇ ਹੁੰਦੇ ਮਾਪਿਆਂ ਨਾਲ ਦਿਹਾੜੀ ਦੱਪਾ ਕਰਨ ਜਾਂਦੇ, ਫੇਰ 16-17 ਸਾਲ ਦੀ ਉਮਰੇ ਨਾਈਪੁਣਾ ਸਿੱਖ ਲਿਆ ਤੇ ਪਿੰਡ ਦੇ ਅੱਡੇ ‘ਤੇ ਦੁਕਾਨ ਕਰ ਲਈ, ਆਈ ਚਲਾਈ ਹੁੰਦੀ ਰਹੀ, ਪਹਿਲਾਂ ਭਾਈਚਾਰਾ ਸੀ, ਜੱਟ ਜ਼ਿਮੀਦਾਰ ਊਂਈ ਦੁੱਧ ਲੱਸੀ ਦੇ ਦਿਆ ਕਰਦੇ ਸੀ, ਦਿਨ ਤਿਉਹਾਰ ‘ਤੇ ਦਾਣੇ ਵੀ ਦੇ ਦਿੰਦੇ, ਪਰ ਹੁਣ ਤਾਂ ਜਿਵੇਂ ਕੋਈ ਟੂਣਾ ਕਰ ਗਿਆ ਹੋਵੇ, ਹੱਥ ਨੂੰ ਹੱਥ ਨਹੀਂ ਸਿਆਣਦਾ.. ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ..।
ਪਿੰਦਰ ਨੇ 15 ਕੁ ਸਾਲ ਨਾਈ ਦੀ ਦੁਕਾਨ ਕੀਤੀ, ਫੇਰ ਵੱਡੇ ਸੈਲੂਨ ਖੁੱਲ ਗਏ ਤਾਂ ਉਸ ਦੀ ਦੁਕਾਨ ਬੰਦ ਹੋ ਗਈ, ਉਸ ਨੇ ਆਂਡਿਆਂ ਦੀ ਰੇਹੜੀ ਲਾ ਲਈ, ਮੁਰਗੇ ਪਾਲ਼ ਲਏ, ਦੋ ਵਕਤ ਦੀ ਰੋਟੀ ਤੁਰ ਪਈ, ਇਸੇ ਹਾਲਾਤ ਚ ਉਸ ਦਾ ਵਿਆਹ ਕਰ ਦਿੱਤਾ ਗਿਆ, ਦੋ ਮੁੰਡੇ ਤੇ ਇਕ ਧੀ ਹੋਈ, ਦੋ ਭਰਾਵਾਂ ਕੋਲ ਦੋ ਮਰਲੇ ਜਗਾ ਹੈ, ਨਿੱਕੇ ਨਿੱਕੇ ਦੋ ਕਮਰੇ ਹਿੱਸੇ ਚ ਆਉਂਦੇ ਨੇ। ਪਿੰਦਰ ਵਾਲੇ ਹਿੱਸੇ ਦੀ ਤਾਂ ਛੱਤ ਵੀ ਡਿੱਗ ਚੁੱਕੀ ਹੈ।  ਪਿੰਦਰ ਦੀ ਘਰਵਾਲੀ ਦਾ ਇਸ ਮਹੌਲ ਚ ਦਮ ਘੁਟਦਾ ਸੀ, ਗੁਰਬਤ ਨੂੰ ਝੱਲ ਨਾ ਸਕੀ ਤਾਂ ਅੱਠ ਮਹੀਨਿਆਂ ਦੀ ਧੀ ਤੇ ਦੋ ਤੇ ਚਾਰ ਸਾਲ ਦੇ ਮੁੰਡੇ, ਸਭ ਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਗਈ। ਇਸੇ ਦੌਰਾਨ ਪਿੰਦਰ ਦਾ ਐਕਸੀਡੈਂਟ ਹੋ ਗਿਆ, ਕਿਸੇ ਨੇ ਨਿਆਣਿਆਂ ਦੀ ਬਾਤ ਨਾ ਪੁੱਛੀ, ਪਿੰਦਰ ਦਾ ਹਾਲ ਨਾ ਪੁੱਛਿਆ, ਤਾਂ ਇਲਾਕੇ ਦੇ ਕੁਝ ਈਸਾਈ ਬਣੇ ਭਾਈਚਾਰੇ ਦੇ ਪਰਿਵਾਰਾਂ ਨੇ ਈਸਾਈ ਆਗੂਆਂ ਜ਼ਰੀਏ ਪਿੰਦਰ ਦਾ ਇਲਾਜ ਕਰਵਾਇਆ, ਬੱਚਿਆਂ ਨੂੰ ਇਕ ਵਕਤ ਦੀ ਰੋਟੀ ਦੇ ਜਾਂਦੇ, ਤਾਂ ਇਸੇ ਗਰਜ਼ਾਂ ਦੇ ਭਾਰ ਨੇ ਸ. ਪਿੰਦਰ ਸਿੰਘ ਮਜ਼ਹਬੀ ਸਿੱਖ ਦੇ ਨਾਮ ਨਾਲੋਂ ਸਿੰਘ ਲੁਹਾ ਦਿੱਤਾ ਤੇ ਉਹ ਪਿੰਦਰ ਮਸੀਹ ਬਣ ਗਿਆ। 10 ਕੁ ਸਾਲ ਪਹਿਲਾਂ ਇਕ ਤਲਾਕਸ਼ੁਦਾ ਮਹਿਲਾ ਬਬਲੀ ਨਾਲ ਉਸ ਦਾ ਈਸਾਈ ਭਰਾਵਾਂ ਨੇ ਵਿਆਹ ਕਰਵਾ ਦਿੱਤਾ ਤਾਂ ਨਿਆਣੇ ਸਾਂਭੇ ਗਏ।
ਦੋਵਾਂ ਮੀਆਂ ਬੀਵੀ ਨੇ ਧਾਰੀਵਾਲ ਦੋਨਾ ਪਿੰਡ ਦੇ ਅੱਡੇ ‘ਤੇ ਕਰਜ਼ਾ ਚੁੱਕ ਕੇ ਢਾਬਾ ਖੋਲ ਲਿਆ, ਤਰਪਾਲਾਂ ਤੇ ਇਸ਼ਤਿਹਾਰੀ ਫਲੈਕਸਾਂ ਦੀ ਛੱਤ ਪਾ ਲਈ, ਟੁੱਟੇ ਹੋਏ ਕੂੜੇ ਚੋਂ ਫੱਟੇ ਇਕੱਠੇ ਕਰਕੇ ਬੈਡ ਬਣਾਇਆ, ਬੈਂਚ ਬਣਾਏ, ਮੁਰਗਿਆਂ ਲਈ ਖੁੱਡਾ ਬਣਾਇਆ ਤੇ ਪੁਰਾਣੀਆਂ ਕੁਰਸੀਆਂ ਤੇ ਪੁਰਾਣੇ ਭਾਂਡੇ ਕਿਸ਼ਤਾਂ ‘ਤੇ ਲੈ ਲਏ, 40 ਕੁ ਹਜ਼ਾਰ ਦਾ ਕਰਜ਼ਾ ਸੀ, ਪਰ ਦੋਵੇਂ ਜੀਅ ਇਕ ਦੂਜੇ ਦੇ ਆਸਰੇ ਨਾਲ ਜ਼ਿੰਦਗੀ ਦਾ ਰੇੜੂ ਰੋੜਨ ਲੱਗੇ, ਬੱਚੇ ਨੇੜੇ ਹੀ ਸਰਕਾਰੀ ਸਕੂਲ ਜਾਂਦੇ ਸਨ।  ਗੁਰਬਤ ਦੀਆਂ ਝੀਥਾਂ ਵਿਚਦੀ ਜ਼ਿੰਦਗੀ ਕਦੇ ਕਦੇ ਖੁਸ਼ੀਆਂ ਦਾ ਵਰੋਲਾ ਦੇ ਜਾਂਦੀ.. । ਸਹਿਜਤਾ ਨਾਲ ਸਭ ਕੁਝ ਚੱਲ ਰਿਹਾ ਸੀ ਕਿ ਦੋ ਸਾਲ ਪਹਿਲਾਂ ਕੋਈ ਸ਼ਰਾਰਤੀ ਅਨਸਰ ਇਹ ਢਾਬਾ ਸਾੜ ਗਿਆ, ਪਿੰਦਰ ਬਾਈ ਦੀ ਤਾਂ ਜ਼ਿੰਦਗੀ ਹੀ ਮੱਚ ਕੇ ਕੋਲਾ ਹੋ ਗਈ, ਢਾਬੇ ਨੂੰ ਦੁਬਾਰਾ ਖੜਾ ਕਰਨ ਲਈ ਹੋਰ ਕਰਜ਼ਾ ਲੈਣਾ ਪਿਆ।
ਸਰਕਾਰੀ ਬੈਂਕਾਂ ਬਿਨਾ ਕਿਸੇ ਵੱਡੀ ਜਾਇਦਾਦ ਦੇ ਕਰਜ਼ਾ ਨਹੀਂ ਦਿੰਦੀਆਂ, ਤਾਂ ਗੁਰਬਤ ਮਾਰੇ ਲੋਕ ਅਜਿਹੇ ਸੂਦਖੋਰਾਂ ਦੇ ਦਰ ‘ਤੇ ਜਾਣ ਨੂੰ ਮਜਬੂਰ ਹੁੰਦੇ ਨੇ, ਜਿਹਨਾਂ ਦੇ ਲਹੂ ਚੂਸਣੇ ਦੰਦ ਬੜੇ ਵੱਡੇ ਨੇ, ਬਿਨਾ ਕਿਸੇ ਦਸਤਾਵੇਜ਼ ਦੇ 8000 ਰੁਪਏ ਦੇ ਕੇ 10000 ਰੁਪਏ 100 ਦਿਨਾਂ ਵਿੱਚ ਵਸੂਲੇ ਜਾਂਦੇ ਨੇ, ਅਜਿਹੇ ਸੂਦਖੋਰਾਂ ਤੋਂ ਹੀ ਪਿੰਦਰ ਬਾਈ ਨੇ ਕਰਜ਼ਾ ਲਿਆ ਤੇ ਮੁੜ ਕਿਸ਼ਤਾਂ ‘ਤੇ ਭਾਂਡੇ, ਕੁਰਸੀਆਂ ਲਏ, ਕੂੜਾ ਫਰੋਲਿਆ, ਲੋਕਾਂ ਵਲੋਂ ਸੁੱਟੇ ਫਟੇ ਪੁਰਾਣੇ ਕੱਪੜੇ ਇਕੱਠੇ ਕੀਤੇ, ਤਿੰਨਾਂ ਬੱਚਿਆਂ ਦਾ ਤੇ ਪਤੀ ਪਤਨੀ ਨੇ ਆਪਣਾ ਤਨ ਢਕਣ ਦਾ ਜੁਗਾੜ ਕੀਤਾ। ਜੁਆਕਾਂ ਨੂੰ ਸਕੂਲੋਂ ਹਟਾ ਲਿਆ ਗਿਆ, ਵਰਦੀ, ਬਸਤੇ, ਕਿਤਾਬਾਂ, ਕਾਪੀਆਂ ਸੜ ਗਈਆਂ ਸਨ।
ਉਦੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਸੀ, ਕਪੂਰਥਲਾ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਇਸ਼ਤਿਹਾਰ, ਫਲੈਕਸਾਂ ਲੱਗੇ ਸੀ, ਜੋ ਹਵਾ ਨਾਲ ਡਿੱਗ ਪੈਂਦੇ, ਜੁਆਕ ਉਹ ਫਲੈਕਸਾਂ ਧੂਹ ਲਿਆਂਉਂਦੇ ਤੇ ਛੱਤ ‘ਤੇ ਪਾ ਲਿਆ ਜਾਂਦਾ। ਇਹ ਇਸ਼ਤਿਹਾਰੀ ਫਲੈਕਸਾਂ ਕਿਸੇ ਦਾ ਕੁਝ ਸਵਾਰਨ ਜਾਂ ਨਾ, ਪਰ ਪਿੰਦਰ ਬਾਈ ਦੇ ਪਰਿਵਾਰ ਨੂੰ ਗਰਮੀ ਸਰਦੀ ਮੀਂਹ ਕਣੀ ਤੋਂ ਜ਼ਰੂਰ ਬਚਾਉਂਦੇ ਨੇ।  ਇਹੀ ਫਲੈਕਸਾਂ ਤਾਣ ਕੇ ਇਕ ਪਾਸੇ ਗੁਸਲਖਾਨਾ ਬਣਾਇਆ ਹੈ। ਇਹੀ ਫਲੈਕਸਾਂ ਢਾਬੇ ਦੀਆਂ ਕੰਧਾਂ ਨੇ ਤੇ ਇਹੀ ਛੱਤ ਹੈ, ਗੱਲ ਕੀ ਪਿੰਦਰ ਬਾਈ ਦੇ ਟੱਬਰ ਦੀ ਜ਼ਿੰਦਗੀ ਨੂੰ ਪੂਰੀ ਓਟ ਹੀ ਵੱਖ ਵੱਖ ਲੀਡਰਾਂ ਦੀ ਮਸ਼ਹੂਰੀ ਕਰਦੇ ਤੇ ਫਿਲਮਾਂ ਦੀ ਇਸ਼ਤਿਹਾਰਬਾਜ਼ੀ ਵਾਲੇ ਫਲੈਕਸਾਂ ਨੇ ਦਿੱਤੀ ਹੋਈ ਹੈ। ਗੁਰਬਤ ਨਾਲ ਧੁਆਂਖੀ ਜ਼ਿੰਦਗੀ ਵਿੱਚ ਰੰਗ ਭਰਦੀਆਂ ਨੇ ਇਹ ਫਲੈਕਸਾਂ। ਮੁੱਖ ਸੜਕ ਦਾ ਕਿਨਾਰਾ, ਤੇ ਇਹ ਤਰਪਾਲਾਂ, ਫਲੈਕਸਾਂ ਦੀ ਓਟ ਹੀ ਪਿੰਦਰ ਦੇ ਪਰਿਵਾਰ ਦੀ ਜ਼ਿੰਦਗੀ ਹੈ।
ਪਿੰਦਰ ਦੱਸਦਾ ਹੈ ਕਿ ਜ਼ਿੰਦਗੀ ਦਾ ਰੇੜੂ ਰੋੜਨ ਲਈ ਵੱਡੇ 17 ਸਾਲਾ ਮੁੰਡੇ ਨੂੰ ਨਾਈ ਦੀ ਦੁਕਾਨ ਕਰਵਾ ਦਿੱਤੀ, ਸਾਢੇ ਕੁ 14 ਸਾਲਾ ਸਾਗਰ, ਤੇ 13 ਸਾਲਾ ਕਾਜਲ ਢਾਬੇ ‘ਤੇ ਕੰਮ ਕਰਦੇ ਨੇ, ਢਾਬਾ ਕਹਿਣ ਨੂੰ ਢਾਬਾ ਹੈ, ਕੋਈ ਵਿਰਲਾ ਟਾਂਵਾਂ ਚਾਹ ਪੀਣ ਜਾਂ ਕਦੇ ਕਦਾਈਂ ਰੋਟੀ ਖਾਣ ਰੁਕਦਾ ਹੈ, ਪਿੰਦਰ ਦੀ ਘਰਵਾਲੀ ਬਬਲੀ ਕੁਝ ਘਰਾਂ ਚ ਸਾਫ ਸਫਾਈ ਦਾ ਕੰਮ ਕਰਨ ਜਾਂਦੀ ਹੈ, ਢਾਈ ਕੁ ਹਜ਼ਾਰ ਕਮਾ ਲੈਂਦੀ ਹੈ, ਢਾਬੇ ਤੋਂ 1000-1500 ਦੀ ਆਮਦਨ ਦੋ ਜਾਂਦੀ ਹੈ।
ਅੱਜ ਪਿੰਦਰ ਬਾਈ ਦੇ ਸਿਰ ਲੱਖ ਕੁ ਰੁਪਏ ਦਾ ਕਰਜ਼ਾ ਹੈ, ਉਹ ਕਹਿੰਦਾ ਹੈ, ਪਤਾ ਨਹੀਂ ਲੋਕ ਕਰਜ਼ੇ ਕਰਕੇ ਜਾਨ ਕਿਉਂ ਦੇ ਦਿੰਦੇ ਨੇ, ਜਿਉਂਦੀ ਜਾਨ ਲੜੇ ਤਾਂ ਸਹੀ? ਕਿਸੇ ਦਾ ਪੁਰਾਣਾ ਜਮਾ ਈ ਹੰਢਿਆ ਢਿੱਲਾ ਜਿਹਾ ਕੋਟ ਪੈਂਟ ਸੂਤ ਕਰਦਾ ਪਿੰਦਰ ਬਾਈ ਕਰੇੜੇ ਦੰਦਾਂ ਨਾਲ ਹੱਸਦਾ, ਸਮਾਜਕ ਨਾਬਰਾਬਰੀ ਨੂੰ ਦੰਦੀਆਂ ਚਿੜਾਉਂਦਾ ਜਾਪਦਾ ਹੈ।
ਹਾਲ ਹੀ ਵਿੱਚ ਦੀਵਾਲੀ ਵੇਲੇ ਇਕ ਵਾਰ ਫੇਰ ਐਕਸੀਡੈਂਟ ਦਾ ਸ਼ਿਕਾਰ ਹੋ ਚੁੱਕਿਆ ਹੈ, ਲੱਤ ‘ਤੇ 15 ਟਾਂਕੇ ਲੱਗੇ, ਪਰ ਉਸੇ ਤਰਾਂ ਕੰਮ ਕਰਦਾ ਰਿਹਾ, ਪਿੰਦਰ ਬਾਈ ਕਹਿੰਦਾ ਮੈਂ ਤਾਂ ਭੈਣ ਜੀ ਸੱਟ ਲੱਗੀ ਤੋਂ ਵੀ ਇਕ ਦਿਨ ਵੀ ਮੰਜੇ ‘ਤੇ ਪਿਆ ਨਹੀਂ, ਢਾਬੇ ‘ਤੇ ਚਾਹ ਪਾਣੀ, ਰੋਟੀ ਆਦਿ ਦਾ ਕੰਮ ਕਰਦਾ ਰਿਹਾ, ਤਾਂ ਨਿੱਕੇ ਨਿਆਣਿਆਂ ਨੇ ਗੁਰਬਤ ਦਾ ਮਜ਼ਾਕ ਉਡਾਇਆ, ਮੰਜਾ ਤਾਂ ਡੈਡੀ ਹੈ ਵੀ ਨਹੀਂ.. ਪੈਣਾ ਕਿੱਥੇ ਸੀ?
ਬੱਚੇ ਠਹਾਕੇ ਮਾਰ ਕੇ ਹੱਸ ਪਏ, ਬਾਪ ਨਿਮੋਝੂਣਾ ਜਿਹਾ ਹੋ ਗਿਆ .. ਅੰਦਰੋਂ ਉਬਲ਼ੇ  ਲਹੂ ਨਾਲ ਮੇਰਾ ਸੰਘ ਘੁੱਟ ਗਿਆ.. ਕੁਝ ਹੋਰ ਪੁੱਛਣ, ਜਾਨਣ ਦੀ ਹਿੰਮਤ ਨਾ ਹੋਈ, ਸਭ ਕੁਝ ਤਾਂ ਸਾਹਮਣੇ ਹੈ..।
ਸਾਢੇ ਕੁ 14 ਸਾਲਾ ਸਾਗਰ ਆਪਣੇ ਆਪ ਵਿੱਚ ਪੂਰੀ ਕਹਾਣੀ ਹੈ, ਢੋਲ ਵਜਾਉਂਦਾ ਵੱਡੇ ਵੱਡੇ ਢੋਲੀਆਂ ਨੂੰ ਮਾਤ ਪਾਉਂਦਾ ਹੈ, ਹਿੱਕ ਦੇ ਜ਼ੋਰ ਪੱਕੇ ਗਾਇਕਾਂ ਵਾਂਗ ਹੇਕ ਲਾਉਂਦਾ ਹੈ, ਪੜਨਾ ਚਾਹੁੰਦਾ ਹੈ, ਅਤੇ ਨਿੱਕੇ ਨਿੱਕੇ ਹੱਥਾਂ ਨਾਲ ਵੱਡੇ ਵੱਡੇ ਪਤੀਲੇ ਮਾਂਜਦੀ ਕਾਜਲ ਮਰ ਰਹੇ ਸੁਪਨਿਆਂ ਨੂੰ ਅੱਥਰੂਆਂ ਪਿੱਛੇ ਤੇ ਅੱਥਰੂਆਂ ਨੂੰ ਟੱਲੀਆਂ ਦੀ ਟੁਣਕਾਰ ਵਰਗੇ ਹਾਸੇ ਪਿੱਛੇ ਛੁਪਾਉਣ ਦੀ ਸਫਲ ਕੋਸ਼ਿਸ਼ ਕਰ ਜਾਂਦੀ ਹੈ। ਦੋਵਾਂ ਨਿਆਂਣਿਆਂ ਨੂੰ ਮਾਰਚ ਮਹੀਨੇ ਦੁਬਾਰਾ ਸਕੂਲ ਦਾਖਲ ਕਰਵਾਉਣ ਦਾ ਵਾਅਦਾ ਕੀਤਾ ਹੈ, ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ।
ਠਰੀਆਂ ਰਾਤਾਂ ਨੂੰ ਇਹ ਬੱਚੇ ਸਰਕਾਰੀ ਜ਼ਮੀਨ ‘ਤੇ ਸਿਆਸੀ ਪਾਰਟੀਆਂ ਦੀ ਮਸ਼ਹੂਰੀ ਵਾਲੇ ਫਲੈਕਸ ਵਿਛਾ ਕੇ ਬੋਰੀਆਂ ਚ ਕੂੜੇ ਚੋਂ ਇਕੱਠੇ ਕੀਤੇ ਕੱਪੜੇ ਉਪਰ ਤਾਣਦੇ ਨੇ, ਤੇ ਪੋਹ ਦੀ ਠੁਰਕੀ ਨੂੰ ਹਰਾਉਂਦੇ ਨੇ।
ਪਿੰਦਰ ਬਾਈ ਦੇ ਢਾਬੇ ਚ ਗੁਰਬਤ ਨੂੰ ਹਰਾਉਂਦੀ ਜ਼ਿੰਦਗੀ ਨੂੰ ਸਲਾਮ ਕਰਨਾ ਬਣਦਾ ਹੈ।