ਮੂਧੜੇ ਮੂੰਹ ਹੋਈ ਆਰਥਿਕਤਾ ਲਈ ਕੌਣ ਜ਼ੁਮੇਵਾਰ??

-ਸੰਤੋਖ ਸਿੰਘ ਭਾਣਾ 

ਦੇਸ਼ ਦੀ ਡਿੱਗਦੀ ਆਰਥਿਕਤਾ ਨੂੰ ਲੈ ਕੇ ਸਰਕਾਰ ਚਿੰਤਤ ਹੈ। ਉਦਯੋਗ ਜਗਤ ਨਿਰਾਸ਼ ਹੈ।ਆਮ ਜਨਤਾ ਨਾ-ਖੁਸ਼ ਹੈ।ਡਾਲਰ ਦੇ ਮੁਕਾਬਲੇ ਰੁਪਏ ਦੀ ਰਿਕਾਰਡ ਗਿਰਾਵਟ ਦੇ ਚੱਲਦਿਆਂ,ਆਯਾਤ ਨਿਰਯਾਤ ‘ ਤੇ ਬੂਰਾ ਅਸਰ ਪਿਆ ਹੈ।ਆਮ ਵਸਤਾਂ ਦੀਆਂ ਵਧਦੀਆਂ ਕੀਮਤਾ ਤੋਂ ਲੋਕ ਪਰੇਸ਼ਾਨ ਹਨ।ਸਰਕਾਰ ਦੇ ਭਰਪੂਰ ਯਤਨਾਂ ਦੇ ਬਾਵਜੂਦ ਰੁਪਏ ‘ ਚ ਮਾਮੂਲੀ ਸੁਧਾਰ ਹੀ ਆ ਸਕਿਆ ਹੈ।ਦੂਸਰੇ ਪਾਸੇ ਆਰਥਿਕ ਤਰੱਕੀ ਲਈ ਜ਼ਰੂਰੀ ਨਵੇਂ ਉਦਯੋਗ ਅਤੇ ਵਪਾਰੀਆਂ ਤੋ ਨਿਵੇਸ਼ਕ ਹੱਥ ਪਿੱਛੇ ਖਿੱਚ ਰਹੇ ਹਨ।ਨਿਵੇਸ਼ਕਾਂ ਦੀ ਨਜਰ ‘ ਚ ਭਾਰਤ ‘ਚ ਬੇਲਗਾਮ ਭ੍ਰਿਸ਼ਟਾਚਾਰ ਅਤੇ ਬੁਨਿਆਦੀ ਢਾਂਚੇ ‘ ਚ ਠਹਿਰਾਵ ਦੇ ਨਾਲ ਨਾਲ ਵਿੱਤੀ ਦਬਾਅ ਵੀ ਹੈ।

ਆਰਥਿਕ ਹਾਲਾਤ ਦੇ ਬਦਤਰ ਹੋਣ ਲਈ ਸਰਕਾਰ ਦੀਆਂ ਨੀਤੀਆਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ।ਪਰ ਕੀ ਇਹ ਸੱਚ ਹੈ ਕਿ ਦੇਸ਼ ਦੀ ਖਰਾਬ ਹਾਲਤ ਪਿੱਛੇ ਦੇਸ਼ ਦੀਆਂ ਖਰਾਬ ਨੀਤੀਆਂ ਹੀ ਹਨ? ਕੀ ਇਸ ਦੇਸ਼ ਦਾ ਹਰ ਨਾਗਰਿਕ ਅਤੇ ਹਰ ਸੰਸਥਾ,ਦੇਸ਼ ਦੇ ਆਰਥਿਕ ਉਤਪਾਦਨ ‘ਚ ਮੱਦਦ ਕਰ ਰਹੇ ਹਨ? ਦੇਸ਼ ਦੀ ਆਥਿਕਤਾ ‘ਚ ਘੱਟੋ ਘੱਟ ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੁੰਦਾ ਹੈ ਪਰ ਕੀ ਦੇਸ਼ ਦੀ ਜੰਤਾ ਕੋਈ ਕੰਮ-ਧੰਦਾ ਕਰਕੇ ਆਪਣੇ ਘਰ ਪਰਿਵਾਰ,ਸਮਾਜ ਅਤੇ ਦੇਸ਼ ਦੇ ਵਿਕਾਸ ‘ਚ ਬਣਦਾ ਯੋਗਦਾਨ ਪਾ ਰਹੇ ਹਨ? ਕੀ ਏਥੋ ਦੇ ਨਾਗਰਿਕ,ਉਤਪਾਦਨਾ ‘ਚ ਆਪਣੀ ਬਣਦੀ ਹਿੱਸੇਦਾਰੀ ਨਿਭਾ ਰਹੇ ਹਨ?
ਅਸਲ ‘ਚ ਦੇਸ਼ ਦੀ ਇੱਕ ਅਰਬ ਤੀਹ ਕਰੋੜ ਦੀ ਅਬਾਦੀ ‘ਚੋਂ ਕੇਵਲ ਦਸ ਪ੍ਰਤੀਸ਼ਤ ਲੋਕ ਹੀ ਕਮਾਉਣ ਵਾਲੇ ਹਨ।ਬਾਕੀ ਕਿਸੇ ਨਾ ਕਿਸੇ ਦੇ ਮੋਢਿਆਂ ‘ਤੇ ਲਮਕੇ ਹੋਏ ਹਨ।ਯਾਨੀ ਦੂਜਿਆ ਤੇ ਨਿਰਭਰ ਹਨ।ਏਥੇ ਮੰਗ ਕੇ ਖਾਣਾ ਜਾਂ ਮੁਫਤ ਦਾ ਖਾਣਾ ਸ਼ਰਮ ਦੀ ਗੱਲ ਨਹੀਂ ਸਗੋਂ ਧਰਮ ਮੰਨਿਆ ਜਾ ਰਿਹਾ ਹੈ।ਦਰਅਸਲ ਭਾਰਤ ਦੀ ਆਰਥਿਕਤਾ ਦੀਆਂ ਦਿੱਕਤਾਂ,ਅਰਥ ਸ਼ਾਸਤਰ ਨਾਲ ਨਹੀਂ,ਸਮਾਜਕ ਹਾਲਾਤ ਨਾਲ ਜੁੜੀਆਂ ਹੋਈਆਂ ਹਨ।ਸਾਡੀ ਸੰਸਕ੍ਰਿਤੀ,ਨਿੱਕਮਾਪਨ ਅਤੇ ਮੁਫਤਖੋਰੀ ਦਾ ਸੰਦੇਸ਼ ਦੇਣ ਵਾਲੀ ਹੈ।ਏਥੇ ਨਿਕੰਮਿਆ ਦਾ ਗੁਣਗਾਣ ਗਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ।ਸਾਡੇ ਦੇਸ਼ ਦੇ ਲੱਖਾਂ ਪਾਂਡੇ ਪੁਜਾਰੀ ,ਸਾਧੂ ਸੰਤ ,ਗੁਰੂ ,ਮਹੰਤ ,ਪ੍ਰਵਰਚਕ ਜਿਓਤਸ਼ੀ,ਤਾਂਤਰਿਕ,ਅੋਝਾ, ਕਿਸੇ ਵੀ ਤਰ੍ਹਾਂ ਦੀ ਉਤਪਾਦਕਤਾ ਤੋਂ ਦੂਰ,ਵਿਹਲੇ ਬੈਠ ਕੇ ਮਿਹਨਤਕਸ਼ ਲੋਕਾਂ ਦੀ ਕਮਾਈ ‘ਤੇ ਐਸ਼ ਕਰਦੇ ਹਨ। ਇਸ ਦੇਸ਼ ‘ਚ ਤਕਰੀਬਨ ਛੋਟੇ ਵੱਡੇ ਪੰਜ ਕਰੋੜ ਧਰਮ ਅਸਥਾਨ ਹਨ।ਇਨ੍ਹਾਂ ਧਰਮ ਸਥਾਨਾਂ ਦੇ ਬਾਹਰ,ਬਗੈਰ ਕੰਮ ਕਰਕੇ ਖਾਣ ਵਾਲੇ ਲੱਖਾਂ ਭਿਖਾਰੀ ਬੈਠੇ ਹਨ ਜੋ ਇਨ੍ਹਾਂ ਧਰਮ ਸਥਾਨਾ ਦੀ ਮਹਿੰਮਾਂ ਗਾਉਂਦੇ ਹਨ ਅਤੇ ਮੁਫਤ ‘ਚ ਖਾਣ ਨੂੰ ਭਗਵਾਨ ਦਾ ਦਿੱਤਾ ਹੱਕ ਦੱਸਦੇ ਫਿਰਦੇ ਹਨ।

ਸਾਡੇ ਧਰਮਾਂ ਅਤੇ ਸੰਸਕ੍ਰਿਤੀ ਨੇ ਮਿਹਨਤ ਦੀ ਬਜਾਏ ਭਿੱਖਿਆ ਪ੍ਰਵਿਰਤੀ ਦਾ ਖੂਬ ਗੁਣਗਾਣ ਕੀਤਾ ਹੈ।ਭੀਖ ਮੰਗਣ ਵਾਲੇ ਨੂੰ ਆਦਰ ਸਨਮਾਨ ਦਿੱਤਾ ਗਿਆ ਹੈ।ਨਿਕੱਮਿਆਂ ਨੂੰ ਉੱਚਾ ਅਹੁਦਾ ਮਿਲਿਆ ਹੈ।ਅਸੀਂ ਮਿਹਨਤਕਸ਼ ਨਹੀਂ,ਬੇਕਾਰ ਲੋਕਾਂ ਦੀ ਜਮਾਤ ਖੜੀ ਕਰ ਰਹੇ ਹਾਂ,ਜ਼ੋ ਦੇਸ਼,ਸਮਾਜ ਅਤੇ ਜੰਤਾਂ ‘ਤੇ ਬੋਝ ਬਣੀ ਹੋਈ ਹੈ।ਮਿਹਨਤ ਕਰਨ ਵਾਲੇ ਸੀਮਤ ਹਨ ਪਰ ਬਿਨਾ ਮਿਹਨਤ ਕੀਤੇ ਲੁੱਟਣ ਵਾਲਿਆਂ ਦਾ ਵੱਡਾ ਵਰਗ ਪੈਦਾ ਹੋ ਰਿਹਾ ਹੈ।

ਦੇਸ਼ ਦੇ ਧਰਮ ਸਥਾਨ, ਸਾਡੇ ਕਾਰਖਾਨਿਆਂ,ਫੈਕਟਰੀਆਂ ਅਤੇ ਕੰਪਨੀਆਂ ਤੋਂ ਜ਼ਿਆਦਾ ਧਨ ਪੈਦਾ ਕਰ ਰਹੇ ਹਨ।ਏਥੇ ‘ ਜਿਸਨੇ ਭਗਵਾਂ ਪਾ ਲਿਆ,ਵੇਖਦੇ ਵੇਖਦੇ ਉਹ ਕਰੋੜਾਂ ‘ਚ ਖੇਡਣ ਲੱਗ ਪੈਂਦਾ ਹੈ।ਮਜ਼ੇ ਦੀ ਗੱਲ ਇਹ ਵੀ ਹੈ ਕਿ ਬਿਨਾਂ ਕੰਮ ਕੀਤੇ ਏਥੇ ਧਰਮ ਦਾ ਸਾਮਰਾਜ,ਰਾਜ ਤੋ ਵੀ ਜ਼ਿਆਦਾ ਤਾਕਤਵਾਰ ਹੈ।ਯਾਨੀ ਅਡੰਬਰ ਅਤੇ ਪਖੰਡ ਦਾ ਕਾਰੋਬਾਰ ਦਿਨ ਦੁੱਗਣਾ ਚਮਕ ਰਿਹਾ ਹੈ।ਧਰਮ ਦੀ ਆਰਥਿਕਤਾ ‘ਚ ਮੰਦੀ ਦੀ ਕਦੇ ਵੀ ਕੋਈ ਗੁੰਜਾਇਸ਼ ਨਹੀਂ ਰਹੀ।                                                 

ਸਾਡੇ ਦੇਸ਼ ‘ਚ  ਧਰਮ ਦਾ ਸਲਾਨਾ ਕਾਰੋਬਾਰ ਪੰਜਾਹ ਲੱਖ ਕਰੋੜ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ।ਇਹ ਦੁਨੀਆਂ ਦੇ ਕਈ ਛੋਟੇ ਦੇਸ਼ਾ ਦੇ ਸਲਾਨਾ ਬੱਜ਼ਟ ਨੂੰ ਮਿਲਾਕੇ ਵੀ ਜ਼ਿਆਦਾ ਬਣਦਾ ਹੈ।ਇਹ ਧਨ ,ਮਿਹਨਤਸ਼ ਲੋਕਾਂ ਦਾ ਹੈ ਜ਼ੋ ਧਰਮ ਦੇ ਨਾ ਤੇ ਕੀਤੀ ਜਾ ਰਹੀ ਬੇਈਮਾਨੀ ਅਤੇ ਚਾਲਬਾਜ਼ੀ ਉੱਤੇ ਬੜੀ ਸ਼ਰਧਾ ਨਾਲ ਚੜਾਇਆ ਜਾ ਰਿਹਾ ਹੈ।ਇਨ੍ਹਾਂ ਧਰਮ ਅਸਥਾਨਾਂ ਨੇ ਲੱਖਾਂ ਏਕੜ ਉਪਜਾਊ ਜ਼ਮੀਨ ਉੱਪਰ ਨਜਇਜ ਕਬਜੇ ਕੀਤੇ ਹੋਏ ਹਨ।ਪਿੱਛੇ ਜਿਹੇ ਬਲਾਤਕਾਰ ਦੇ ਦੋਸ਼ਾ ‘ਚ ਘਿਰੇ ਆਸਾਰਾਮ ਦੇ ਕਬਜੇ ‘ਚ ਪੂਰੇ ਦੇਸ਼ ‘ਚ ਹਜਾਰਾਂ ਏਕੜ ਜ਼ਮੀਨ ਹੈ।ਜਿਸ ਜ਼ਮੀਨ ਉੱਤੇ ਪੈਦਾਵਾਰ ਜਾਂ ਕਾਰਖਾਨੇ ਹੋਣੇ ਚਾਹੀਦੇ ਸਨ,ਉੱਥੇ ਪਖੰਡ ਦਾ ਧੰਦਾ ਚਲਾਇਆ ਜਾ ਰਿਹਾ ਹੈ।

ਦੇਸ਼ ਦੇ ਮੰਦਰਾਂ ‘ਚ ਸੈਂਕੜੇ ਟੱਨ ਸੋਨਾ ਦੱਬਿਆ ਜਾ ਰਿਹਾ ਹੈ।ਦੇਵੀ-ਦੇਵਤਿਆਂ ਦੇ ਰਥ ,ਸਿੰਘਾਸਨ ,ਮੁਕਟ ,ਘੰਟੇ ,ਘੜਿਆਲ,ਛਤਰ ,ਦਰਵਾਜੇ ,ਪੋੜੀਆਂ ,ਦਹਿਲੀਜਾਂ ਸੋਨੇ ਨਾਲ ਸਜਾਈਆਂ ਜਾ ਰਹੀਆਂ ਹਨ।ਡਿੱਗਦੀ ਆਰਥਿਕਤਾ ਦੇ ਚੱਲਦਿਆ ਪਿਛਲੇ ਦਿਨੀਂ ਵਿੱਤ-ਮੰਤਰੀ ਨੇ ਲੋਕਾ ਨੂੰ ਸੋਨੇ ਦੀ ਖਰੀਦਾਰੀ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਧਰਮ ਅਸਥਾਨਾਂ ‘ਤੇ ਧੜੱਲੇ ਨਾਲ, ਪੁੰਨ ਖੱਟਣ ਲਈ ਸੋਨਾ ਚੜਾਇਆ ਜਾ ਰਿਹਾ ਹੈ।

ਅਨੇਕਾ ਲੋਕ ਧਰਮ ਪ੍ਰਚਾਰ ‘ਚ ਦਿਨ ਰਾਤ ਇੱਕ ਕਰ ਰਹੇ ਹਨ।ਕੋਈ ਆਪਣੀ ਜਾਤ ਦਾ ਨੇਤਾ ਬਣਿਆ ਫਿਰਦਾ ਹੈ ਕੋਈ ਗੋਤਰ ਦਾ ਝੰਡਾ ਚੁੱਕੀ ਫਿਰਦਾ ਹੈ।ਕੋਈ ਕਿਸੇ ਦੇਵਤਾ ਦਾ,ਕੋਈ ਕਿਸੇ ਮਜਾਰ ਦਾ।ਕਿਧਰੇ ਭਜਨ ਕੀਤਰਨ ‘ਚ ਸੈਂਕੜੇ ਲੋਕ ਬੈਠੇ ਹਨ।ਕਿਧਰੇ ਕਿਸੇ ਗੁਰੂ ਦਾ ਪ੍ਰਵਚਨ ਚੱਲ ਰਿਹਾ ਹੈ ਅਤੇ ਭੀੜ ਦਾ ਕੋਈ ਅੰਤ ਨਹੀਂ।ਆਪਣੀ ਗਰੀਬੀ ਦੂਰ ਕਰਨ ਲਈ ਲੋਕੀਂ ਕਥਿੱਤ ਦੇਵਤਿਆ ਅੱਗੇ ਪ੍ਰਾਰਥਨਾਵਾਂ ਕਰ ਰਹੇ ਹਨ।ਖੁਦ ਮਿਹਨਤ ਨਹੀਂ ਕਰਦੇ, ਕੰਮਚੋਰੀ ਨਹੀਂ ਛੱਡਦੇ।ਪੂਰੀ ਦੁਨੀਆਂ ‘ਚੋਂ ਸਾਡੇ ਦੇਸ਼ ਦੇ ਇਹ ਬਹੁਤ ਦੁਖਦ ਅਤੇ ਹੈਰਾਨੀਜਨਕ ਹਾਲਾਤ ਹਨ ਪਰ ਹੈਰਾਨੀ ਹੁੰਦੀ ਹੈ ਕਿ ਅਸੀਂ ਫਿਰ ਵੀ ਇਸ ‘ਤੇ ਮਾਣ ਮਹਿਸੂਸ ਕਰਦੇ ਹਾਂ।

ਲੱਖਾਂ ਕਰੋੜਾਂ ਲੋਕ ਤੀਰਥ ਅਸਥਾਨਾਂ ‘ਤੇ ਘੁੰਮ ਫਿਰ ਰਹੇ ਹਨ,ਜਿਨ੍ਹਾਂ ਨੂੰ ਵੇਖਕੇ ਲੱਗਦਾ ਹੈ ਕਿ ਜਿਵੇਂ ਇਹ ਏਸੇ ਕੰਮ ਲਈ ਹੀ ਜੰਮੇ ਹਨ।ਹੋਰ ਤਾਂ ਹੋਰ ਲੋਕ ਇਸਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝ ਰਹੇ ਹਨ।ਅਜੀਬ ਜਿਹਾ ਹੀ ਮਹੌਲ ਹੈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਫਿਰ ਇਸ ਦੇਸ਼ ‘ਚ ਕੰਮ ਕੌਣ ਕਰ ਰਿਹਾ ਹੈ? ਅਜਿਹੇ ‘ਚ ਲੋਕੀ ਰੌਲਾ ਪਾ ਰਹੇ ਹਨ ਕਿ ਮਹਿੰਗਾਈ ਹੈ,ਭ੍ਰਿਸ਼ਟਾਚਾਰ ਹੈ,ਸਰਕਾਰ ਕੁਝ ਨਹੀਂ ਕਰ ਰਹੀ।ਉੱਨ੍ਹਾ ਤੋ ਪੁੱਛਿਆ ਜਾਵੇ ਕਿ ਤੁਸੀਂ ਕੀ ਕਰ ਰਹੇ ਹੋ? ਕੀ ਸਾਰੇ ਕੰਮ ਸਰਕਾਰ ਨੇ ਹੀ ਕਰਨੇ ਹਨ? ਨਾਗਰਿਕਾਂ ਦੀ ਕੋਈ ਜੁੰਮੇਵਾਰੀ ਨਹੀਂ ਬਣਦੀ?

ਸਾਨੂੰ ਮਿਹਨਤ ਨੂੰ ਛੱਡਕੇ ਚਮਤਕਾਰਾਂ ਉੱਤੇ ਭਰੋਸਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ।ਖਾਲੀ ਬਹਿਕੇ ਮਾਲਾ ਜਪਣ ਨਾਲ ਹੀ ਸੱਭ ਕੁੱਝ ਹਾਸਲ ਹੋਣ ਦਾ ਯਕੀਨ ਦੁਆਇਆ ਜਾਂਦਾ ਹੈ।ਕੇਵਲ ਪੂਜਾ ਪਾਠ,ਪ੍ਰਾਰਥਨਾ ਅਤੇ ਹਵਨ ਯੱਗ ਕਰਕੇ,ਈਸ਼ਵਰ ਦੇ ਦਰਸ਼ਨ ਕਰਨ ਨਾਲ ਹੀ ਮੋਨਕਾਮਨਾ ਪੂਰੀ ਹੋਣ ਦੀ ਗਰੰਟੀ ਦਿੱਤੀ ਜਾਂਦੀ ਹੈ।

ਵਿਹਲੇ ਬੈਠੇ ਲੋਕ ਨਸ਼ਾਖੋਰੀ ਕਰਨਾ ਜਰੂਰੀ ਸਮਝਦੇ ਹਨ।ਦੇਸ਼ ਦੇ ਲੱਖਾਂ ਲੋਕ ਜੂਆ ਅਤੇ ਸੱਟੇ ਦੀ ਆਦਤ ਦਾ ਸ਼ਿਕਾਰ ਹਨ।ਇਹ ਢੰਗ ਤਰੀਕਾ, ਬਿਨਾਂ ਮਿਹਨਤ ਕੀਤੇ ਅਤੇ ਬੈਠੇ-ਬਿਠਾਏ ਪੈਸਾ ਕਮਾਉਣ ਦਾ ਇਹ ਜ਼ਰੀਆ ਮਹਾਂਭਾਰਤ ਵੇਲੇ ਤੋਂ ਸਾਡੀ ਪਰੰਪਰਾ ਦਾ ਹਿੱਸਾ ਬਣਿਆ ਹੋਇਆ ਹੈ।

ਸਰਕਾਰਾਂ,ਧਰਮ ਦੇ ਵਿਕਾਸ ਲਈ ਅਰਬਾਂ ਰੁਪਏ ਖਰਚ ਕਰ ਰਹੀਆਂ ਹਨ।ਧਾਰਮਿਕ ਯਾਤਰਾਵਾਂ ਦੇ ਨਾਮ ‘ਤੇ ਸਰਕਾਰਾਂ ਦੇ ਖ਼ਜਾਨੇ ਖੁੱਲ੍ਹੇ ਹੀ ਰਹਿੰਦੇ ਹਨ।ਕੀ ਇਸ ਤਰ੍ਹਾਂ ਲੋਕਾ ਨੂੰ ਨਿਕੰਮੇਪਣ ਵੱਲ ਨਹੀਂ ਧੱਕਿਆ ਜਾ ਰਿਹਾ? ਕੀ ਇਹੀ ਪੈਸਾ ਲੋਕਾਂ ਨੂੰ ਕੰਮਾਂ-ਧੰਦਿਆ ਵੱਲ ਪ੍ਰੇਰਿਤ ਕਰਨ ਲਈ ਨਹੀਂ ਲਾਉਣਾ ਚਾਹੀਦਾ ? ਚਾਹੀਦਾ ਤਾਂ ਇਹ ਹੈ ਕਿ ਜ਼ੋ ਕੰਮ ਨਹੀਂ ਕਰਦਾ ਉਹਨੂੰ ਖਾਣ ਦਾ ਵੀ ਕੋਈ ਹੱਕ ਨਹੀਂ।ਕੀ ਸਾਡੇ ਦੇਸ਼ ‘ਚ ਅਜਿਹਾ ਕੋਈ ਸ਼ਾਸ਼ਕ ਆਇਆ ਹੈ ਜਿਸਨੇ ਗੁਰੂਡੰਮ ਦੇ ਖਿਲਾਫ ਦੋ ਸ਼ਬਦ ਵੀ ਕਹਿਣ ਦੀ ਹਿੰਮਤ ਕੀਤੀ ਹੋਵੇ? ਇਸਦੇ ਉਲਟ ਸਾਰੇ ਨੇਤਾ ਅਤੇ ਸ਼ਾਸਕ ਅਖੌਤੀ ਗੁਰੂਆਂ ਦੇ ਚਰਨਾ ‘ਚ ਡਿੱਗਦੇ ਵੇਖੇ ਗਏ ਹਨ।

ਸਾਡਾ ਧਰਮ,ਦੇਸ਼ ‘ਚ ਜੁਆਰੀ , ਨਸ਼ਈ, ਸੱਟੇਬਾਜ਼,ਕਬੂਤਰਬਾਜ,ਭ੍ਰਿਸ਼ਟਾਚਾਰ ਬੇਈਮਾਨ ਅਤੇ ਬਿਨਾਂ ਮਿਹਨਤ ਕੀਤਿਆ , ਰਾਤੋ ਰਾਤ ਅਮੀਰ ਬਣਨ ਦੀ ਖਾਹਿਸ਼ ਰੱਖਣ ਵਾਲੀਆਂ ਨਸਲਾਂ ਪੈਦਾ ਕਰ ਰਿਹਾ ਹੈ।ਮਿਹਨਤੀ ਨਹੀਂ,ਆਲਸੀ ਬਣਨ ਦੀ ਦੌੜ ਲੱਗੀ ਹੋਈ ਹੈ।ਅਸੀਂ ਆਪਣੀ ਯੋਗਤਾ ਦਾ ਸਹੀ ਉਪਯੋਗ ਕਰ ਈ ਨਹੀਂ ਰਹੇ।ਨਿਕੰਮਾਪਣ ਅਤੇ ਅਰਾਮ-ਪ੍ਰਸਤੀ ਸਾਡੀ ਨਸ ਨਸ ‘ਚ ਸਮਾਈ ਹੋਈ ਹੈ।

ਮੁਲਕ ਦੇ ਵਿਕਾਸ ਅਤੇ ਤਰੱਕੀ ਨੂੰ ਜਾਤਾਂ ਅਤੇ ਧਰਮਾਂ ‘ਚ ਵੰਡੇ ਸਾਡੇ ਸਮਾਜ ਨੇ ਰੋਕ ਛੱਡਿਆ ਹੈ ਨਿੱਤ ਦਿਹਾੜੇ ਹੁੰਦੇ ਦੰਗਿਆ , ਰੈਲੀਆਂ, ਹੜਤਾਲਾਂ ਅਤੇ ਰੋਸ ਪ੍ਰਦਸ਼ਨਾਂ ਨੇ ਸਾਡੇ ਦੇਸ਼ ਦੀ ਅਰਬਾਂ ਦੀ ਜਾਇਦਾਤ ਨੂੰ ਨਸ਼ਟ ਕੀਤਾ ਹੈ ਅਤੇ ਬਚਿਆ ਖੁਚਿਆ ਉਤਪਾਦਨ ਵੀ ਠੱਪ ਹੋਣ ਕਿਨਾਰੇ ਹੈ।ਸ਼ਬਦੀ-ਜੰਗ ਜ਼ਿਆਦਾ ਹੈ ਕੰਮ ਘੱਟ ਹੈ।ਲੋਕਾਂ ਨੇ ਬਿਨਾਂ ਮਿਹਨਤ ਕੀਤਿਆਂ, ਕਥਿੱਤ ਭਗਵਾਨ ਤੋ ‘ਛੱਪਰ ਪਾੜ ਕੇ ‘ ਹਾਸਿਲ ਕਰਨ ਦੀਆਂ ਬੇਕਾਰ ਉਮੀਦਾ ਪਾਲ ਰੱਖੀਆਂ ਹਨ।ਗਰੀਬ ਲੋਕ ਭੁੱਖਮਰੀ ਨੂੰ ਪਿਛਲੇ ਜਨਮ ਦੇ ਕਰਮਾ ਦਾ ਫਲ ਮੰਨ ਕੇ ਕੋਈ ਕੰਮ-ਧੰਦਾ ਕਰ ਈ ਨਹੀਂ ਰਹੇ।

ਧਾਰਮਿਕ ਨੇਤਾ ਅਤੇ ਸੰਗਠਨਾ ਨੂੰ ਚਿੰਤਾ ਇਸ ਗੱਲ ਦੀ ਜ਼ਿਆਦਾ ਰਹਿੰਦੀ ਹੈ ਕਿ ਉਨ੍ਹਾਂ ਦੇ ਧਰਮ ਦੇ ਲੋਕ ਦੂਸਰੇ ਪਾਲੇ ‘ਚ ਤਾਂ ਨਹੀਂ ਜਾ ਰਹੇ? ਦੂਸਰੇ ਧਰਮ ਦੇ ਲੋਕ ਉਨ੍ਹਾਂ ਦੇ ਧਰਮ ਦੀ ਨਿੰਦਾ ਤਾਂ ਨਹੀਂ ਕਰ ਰਹੇ? ਉਨ੍ਹਾਂ ਦੇ ਤੀਰਥ ਅਸਥਾਨਾਂ ਦਾ ਵਿਕਾਸ ਹੋ ਰਿਹਾ ਏ ਜਾਂ ਨਹੀਂ ? ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਨਹੀਂ ਹੁੰਦੀ ਕਿ ਉਨ੍ਹਾਂ ਦੇ ਧਰਮ ਦੇ ਲੋਕਾਂ ਦੀ ਗਰੀਬੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ? ਉਨ੍ਹਾਂ ਨੂੰ ਰੁਜ਼ਗਾਰ ਕਿਵੇਂ ਮਿਲ ਸਕਦਾ ਹੈ ? ਉਹ ਮਿਹਨਤ ਕਰ ਰਹੇ ਹਨ ਜਾਂ ਨਹੀਂ?

ਮੀਡੀਆ ਇਸ ਗੱਲ ‘ਤੇ ਬਹਿਸ ਕਰਨ ‘ਚ ਜਿਅਦਾ ਰੁਚੀ ਦਿਖਾ ਰਿਹਾ ਹੈ ਕਿ ਪਖੰਡੀ ਸੰਤ ਰਾਮਪਾਲ ਦੀ ਜਮਾਨਤ ਹੋਵੇਗੀ ਜਾਂ ਨਹੀਂ? ਗੈਂਗਰੇਪ ਦੇ ਅਪਰਾਧੀਆਂ ਨੂੰ ਉਮਰਕੈਦ ਹੋਵੇਗੀ ਜਾਂ ਫਾਂਸੀ ? ਅੱਜ ਤੁਹਾਡਾ ਦਿਨ ਚੰਗਾ ਗੁਜ਼ਰੇਗਾ ਜਾਂ ਮਾੜਾ? ਯਾਤਰਾ ਜਾਂ ਨੌਕਰੀ ‘ਤੇ ਜਾ ਸਕਦੇ ਹੋ ਜਾਂ ਨਹੀਂ? ਤਿੰਨ ਸੌ ਤੋਂ ਜ਼ਿਆਦਾ ਟੀ.ਵੀ.ਚੈਨਲਾਂ ਵਿੱਚੋ ਕੋਈ ਇੱਕ ਵੀ ਅਜਿਹਾ ਪ੍ਰੋਗਰਾਮ ਨਹੀਂ ਦਿਖਾਉਂਦਾ ਜੋ ਮਿਹਨਤ ਕਰਨ ਦੀ ਪ੍ਰਰਣਾ ਦਿੰਦਾ ਹੋਵੇ।ਇਨ੍ਹਾਂ ਟੀ.ਵੀ ਚੈਨਲਾਂ ਉੱਤੇ ਹਰ ਵੇਲੇ ਭੜਕਾਊ ਨਾਚ ਗਾਣੇ,ਧਾਰਮਿਕ ਪੂਜਾ-ਪਾਠ ,ਧਾਰਮਿਕ ਕਥਾਵਾਂ ਅਤੇ ਢੌਂਗੀ ਬਾਬਿਆਂ ਦੇ ਖੋਖਲੇ ਪ੍ਰਵਚਨ ਦਿਨ ਰਾਤ ਚੱਲਦੇ ਰਹਿੰਦੇ ਹਨ।ਅਜਿਹੇ ‘ਚ ਦੇਸ਼ ਦੀ ਆਰਥਿਤਾ ਦੀ ਬਿਹਤਰੀ ਦੀ ਗੱਲ ਕੋਣ ਕਰੇਗਾ ? ਮਾਲੀ ਹਾਲਾਤ ਕਿਵੇਂ ਸੁਧਰਨਗੇ ?

ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਮਜਬੂਤੀ ਉੱਥੋ ਦੇ ਲੋਕਾਂ ਦੀ ਮਿਹਨਤ ,ਕੰਮ ਪ੍ਰਤੀ ਇਮਾਨਦਾਰੀ ਵਾਲੀ ਸੋਚ ਅਤੇ ਲਗਨ ‘ਤੇ ਨਿਰਭਰ ਕਰਦੀ ਹੈ।ਠੋਸ ਅਤੇ ਮਜਬੂਤ ਆਰਥਿਕਤਾ ਲਈ ਹਰ ਨਾਗਰਿਕ ਦੇ ਹੱਥ ਕੰਮ ਹੋਣਾ ਬਹੁਤ ਜ਼ਰੂਰੀ ਹੈ।