ਆਉ, ਅਸੀਂ ਇਮਾਨਦਾਰੀ ਦਾ ਪੱਲਾ ਫੜੀਏ

-ਵਰਿੰਦਰ ਸ਼ਰਮਾ
ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਨਾਅਰਾ ‘ਸੋਚ ਬਦਲੋ ਦੇਸ਼ ਬਦਲੇਗਾ’ ਸਚਮੁਚ ਉਨਾਂ ਦੀ ਉੱਚ ਸੋਚ ਦਾ ਪ੍ਰਤੀਕ ਹੈ। ਆਓ ਅਸੀਂ ਸਾਰੇ ਇਕੱਠੇ ਮਿੱਲ ਕੇ ਛੋਟੀਆਂ-ਛੋਟੀਆਂ ਗੱਲਾਂ ਬਾਰੇ ਚਿੰਤਨ ਕਰੀਏ। ਕੀ ਅਸੀਂ ਸਚਮੁਚ ਧਾਰਮਿਕ, ਇਮਾਨਦਾਰ ਅਤੇ ਕਰਮਸ਼ੀਲ ਆਸਥਾਵਾਨ ਹਾਂ?
ਜਦੋਂ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਉਹ ਵਸਤਾਂ ਕਿਤੇ ਪਈਆਂ ਮਿਲ ਜਾਂਦੀਆਂ ਹਨ, ਜਿਹੜੀਆਂ ਉਨਾਂ ਦੇ ਮਾਲਕ ਗੁਆ ਬੈਠਦੇ ਹਨ ਤਾਂ ਹਰ ਹੀਲੇ ਉਨਾਂ ਨੂੰ ਵਾਪਸ ਕਰਦੇ ਹੋਏ ਇਮਾਨਦਾਰੀ ਦੀ ਪਹਿਲ ਕਰਨੀ ਚਾਹੀਦੀ ਹੈ। ਜੇ ਸਾਡਾ ਬੱਚਾ ਘਰ ਵਿਚ ਕੋਈ ਵੀ ਕੀਮਤੀ ਵਸਤੂ ਕਿਤੋਂ ਵੀ ਲੈ ਆਉਂਦਾ ਹੈ ਤਾਂ ਮਾਂ-ਬਾਪ ਦਾ ਨੈਤਿਕ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਗੰਭੀਰਤਾ ਨਾਲ ਪੁੱਛਗਿੱੱਛ ਕਰੀਏ ਅਤੇ ਜੇ ਉਹ ਵਸਤੂ ਚੋਰੀ ਆਦਿ ਦੀ ਹੈ ਤਾਂ ਬੱਚਿਆਂ ਨੂੰ ਇਸ ਗੱਲ ‘ਤੇ ਝਿੜਕਿਆ ਜਾਵੇ ਅਤੇ ਉਨਾਂ ਬੱਚਿਆਂ ਨੂੰ ਸਮਝਾਇਆ ਜਾਵੇ ਕਿ ਚੋਰੀ ਕਰਨਾ ਪਾਪ ਹੈ ਅਤੇ ਕਿਸੇ ਦੀ ਵਸਤੂ ‘ਤੇ ਆਪਣਾ ਅਧਿਕਾਰ ਜਮਾਉਣਾ ਅਨੈਤਿਕਤਾ ਹੈ।
ਇਮਾਨਦਾਰ ਬਣਾਂਗੇ ਤਾਂ ਕਰਮਸ਼ੀਲ ਬਣਾਂਗੇ। ਇਮਾਨਦਾਰੀ ਨਾਲ ਕਰਮਸ਼ੀਲ ਬਣਨਾ ਕੋਈ ਅਸੰਭਵ ਨਹੀਂ ਹੋਵੇਗਾ। ਧਾਰਮਿਕ ਕੱਟੜਤਾ ਖ਼ਤਰਨਾਕ ਹੈ। ਗੱਲ ਕੀ ਜ਼ਿੰਦਗੀ ਦੇ ਹਰ ਇੱਕ ਖੇਤਰ ਵਿਚ ਆਪਣੀ ਸੋਚ ਬਦਲੋ ਤੇ ਫਿਰ ਦੇਖਣਾ ਸਾਡੇ ਦੇਸ਼ ਦੀ ਧੁੰਦਲੀ ਤਸਵੀਰ ਕਿੰਨੀ ਸੋਹਣੀ ਬਣ ਜਾਵੇਗੀ।
ਅੱਜ ਅਸੀਂ ਕਿੱਥੇ ਖੜੇ ਹਾਂ? ਆਪਣੇ ਦਿਲ ਦੇ ਅੰਦਰ ਝਾਤ ਮਾਰਨ ‘ਤੇ ਸਾਨੂੰ ਆਪਣੇ ਅੰਦਰ ਕੀ ਨਜ਼ਰ ਆਉਂਦਾ ਹੈ? ਦਰਅਸਲ ਹਰੇਕ ਇਨਸਾਨ ਚੰਗਾ ਬਣਨਾ ਨਹੀਂ ਚਾਹੁੰਦਾ ਪਰ ਦੁਨੀਆ ਦੀ ਨਜ਼ਰ ਵਿਚ ਆਪਣੇ ਆਪ ਨੂੰ ਚੰਗਾ ਕਹਾਉਣਾ ਲੋਚਦਾ ਹੈ। ਉਂਜ ਮੂੰਹ ‘ਤੇ ਕੀਤੀ ਪ੍ਰਸੰਸਾ ਕੋਈ ਪ੍ਰਸੰਸਾ ਨਹੀਂ ਹੁੰਦੀ। ਪ੍ਰਸੰਸਾ ਉਹ ਹੈ ਜੋ ਲੋਕ ਸਾਡੀ ਪਿੱਠ ਪਿੱਛੇ ਕਰਨ। ਇਸ ਲਈ ਸਾਥੀਓ ਸਿਰਫ ਪ੍ਰਸੰਸਾ ਲਈ ਇਮਾਨਦਾਰੀ ਦੀ ਲਹਿਰ ਨਾਲ ਜੁੜਨਾ ਕੋਈ ਚੰਗੀ ਗੱਲ ਨਹੀਂ, ਦਿਲੋਂ ਇਮਾਨਦਾਰ ਬਣਨ ਦੀ ਲੋੜ ਹੈ।
ਸਿਰਫ ਪਾਠ ਪੁਸਤਕਾਂ ਪੜ ਕੇ ਪ੍ਰੀਖਿਆ ਪਾਸ ਕਰ ਲੈਣਾ ਕਾਫੀ ਨਹੀਂ ਹੁੰਦਾ। ਅਸੀਂ ਸਾਰਿਆਂ ਨੇ ਬਚਪਨ ਵਿਚ ਇਮਾਨਦਾਰ ਲੱਕੜਹਾਰੇ ਦੀ ਕਹਾਣੀ ਪੜੀ ਹੈ, ਪਰ ਕੀ ਅਸੀਂ ਕਦੀ ਇਸ ਕਹਾਣੀ ਤੋਂ ਸਿੱਖਿਆ ਲਈ ਹੈ। ਸੋਚੋ, ਵਿਚਾਰੋ, ਜ਼ਰਾ ਗ਼ੌਰ ਕਰੋ, ਸਿਰਫ ਦਿਖਾਵਾ ਨਹੀਂ ਚਾਹੀਦਾ। ਅੱਠੋ-ਅੱਠ ਛਿਆਨਵੇਂ ਚਾਰ ਤੈਨੂੰ ਛੱਡੇ ਬਾਕੀ ਰਹਿ ਗਿਆ ਸੌ— ਇਸ ਗ਼ਲਤ, ਅਖੌਤੀ ਵਿਚਾਰਧਾਰਾ ‘ਤੇ ਚੱਲਣਾ ਇਮਾਨਦਾਰੀ ਤੋਂ ਮੂੰਹ ਮੋੜਨਾ ਹੈ। ਦੋਸਤੋ, ਸਾਰੇ ਹੀ ਲੋਕ ਬੇਈਮਾਨ ਨਹੀਂ ਹੁੰਦੇ। ਹਾਂ ਇਮਾਨਦਾਰ ਲੋਕਾਂ ਦੇ ਮੁਕਾਬਲੇ ਬੇਈਮਾਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਬੇਈਮਾਨ ਵਿਅਕਤੀ ਹਰ ਸਮੇਂ ਹੇਰਾ-ਫੇਰੀ ਦਾ ਕੋਈ ਨਾ ਕੋਈ ਨਵਾਂ ਢੰਗ ਤਰੀਕਾ ਲੱਭਦਾ ਰਹਿੰਦਾ ਹੈ। ਉਸ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ। ਇਸ ਲਈ ਉਹ ਆਪਣੇ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਨੂੰ ਵੀ ਰਗੜਾ ਲਗਾਉਣ ਤੋਂ ਵੀ ਸੰਕੋਚ ਨਹੀਂ ਕਰਦਾ। ਬੇਈਮਾਨੀ ਕਰਨ ਵਾਲਾ ਆਦਮੀ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਨੇਕ ਕਮਾਈ ‘ਚ ਹੀ ਬਰਕਤ ਹੈ ਅਤੇ ਇਸ ਲਈ ਸਾਨੂੰ ਨੇਕ ਕਮਾਈ ਹੀ ਕਰਨੀ ਚਾਹੀਦੀ ਹੈ। ਬੇਈਮਾਨੀ ਨਾਲ ਇਕੱਠੀ ਕੀਤੀ ਕਮਾਈ ਸਾਨੂੰ ਗ਼ਲਤ ਰਾਹ ਵੱਲ ਹੀ ਲੈ ਕੇ ਜਾਵੇਗੀ। ਇਸ ਗੱਲ ਨੂੰ ਜ਼ਰੂਰ ਯਾਦ ਰੱਖੋ ਕਿ ਬੇਈਮਾਨੀ ਵਾਲੀ ਕਮਾਈ ਦੁੱਗਣੀ ਹੋ ਕੇ ਨਿਕਲਦੀ ਹੈ। ਬੇਈਮਾਨੀ ਨਾਲ ਉੱਚੇ-ਉੱਚੇ ਮਹਿਲਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪਦਾਰਥਵਾਦ ਵੱਲ ਜਾਂਦੇ ਹੋਏ ਕੀਮਤੀ ਵਸਤਾਂ ਤਾਂ ਅਸੀਂ ਖ਼ਰੀਦ ਸਕਦੇ ਹਾਂ ਪਰ ਕੀ ਇਨਾਂ ਵਸਤਾਂ ਨੂੰ ਖ਼ਰੀਦ ਕੇ ਸਾਨੂੰ ਉਹ ਸੱਚਾ ਸੁੱਖ-ਸਕੂਨ ਮਿਲ ਜਾਂਦਾ ਹੈ? ਜਵਾਬ ਹੈ ਬਿਲਕੁਲ ਨਹੀਂ।
ਸੱਚਾ ਸੁੱਖ, ਖੁਸ਼ੀ ਅਤੇ ਆਨੰਦ ਇਮਾਨਦਾਰੀ ਭਰੀ ਜ਼ਿੰਦਗੀ ਜਿਊਣ ਵਿਚ ਹੀ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਥੋੜਾ ਕਮਾ ਲਓ, ਥੋੜਾ ਖਾ ਲਓ, ਪਰ ਕਮਾਈ ਹੋਈ ਵਸਤੂ ਜਾਂ ਰੋਟੀ ਇਮਾਨਦਾਰੀ ਦੀ ਹੋਣੀ ਚਾਹੀਦੀ ਹੈ। ਇਮਾਨਦਾਰੀ ਦੀ ਗੱੱਡੀ ਜ਼ਿੰਦਗੀ ਭਰ ਚੱਲਦੀ ਹੈ ਪਰ ਬੇਈਮਾਨੀ ਦਾ ਸਿੱੱਕਾ ਹਮੇਸ਼ਾ ਨਹੀਂ ਚਲਦਾ। ਬੇਈਮਾਨ ਆਦਮੀ ਦੀ ਥਾਂ-ਥਾਂ ‘ਤੇ ਆਲੋਚਨਾ ਹੀ ਹੁੰਦੀ ਰਹਿੰਦੀ ਹੈ। ਮੂੰਹ ‘ਤੇ ਨਹੀਂ ਤਾਂ ਪਿੱਠ ਪਿੱਛੇ ਤਾਂ ਉਸ ਦੀ ਚਰਚਾ ਸ਼ਰੇਆਮ ਜ਼ਰੂਰ ਹੁੰਦੀ ਹੈ। ਫਿਰ ਬੇਈਮਾਨ ਕਿਉਂ ਨਹੀਂ ਸੋਚਦਾ ਕਿ ਉਹ ਵੀ ਇਮਾਨਦਾਰ ਬਣੇ, ਸਮਾਜ ‘ਚ ਪ੍ਰਤੱਖ ਰੂਪ ਵਿਚ ਵੀ ਉਸ ਦੀ ਪ੍ਰਸੰਸਾ ਕੋਈ ਕਰੇ।
‘ਇਮਾਨਦਾਰੀ ਦੀ ਲਹਿਰ’ ਨਾਲ ਜੁੜਨ ਲਈ ਸਾਨੂੰ ਬਹੁਤ ਜ਼ਿਆਦਾ ਤਿਆਗ ਦੀ ਜ਼ਰੂਰਤ ਹੈ। ਭੌਤਿਕ ਚੀਜ਼ਾਂ ਦੀ ਲਾਲਸਾ ਛੱਡੋ। ਆਪ ਤੋਂ ਵੱਡੇ ਨੂੰ ਨਾ ਦੇਖੋ। ਸਾਨੂੰ ਹੇਠਾਂ ਵੱਲ ਵੀ ਝਾਤੀ ਮਾਰਨੀ ਚਾਹੀਦੀ ਹੈ। ਇਸ ਦੁਨੀਆ ਵਿਚ ਅਸੀਂ ਕਿਸੇ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੇ ਪਰ ਆਪ ਤੋਂ ਨੀਵਿਆਂ ਵੱਲ ਦੇਖ ਕੇ ਗੁਜ਼ਾਰਾ ਤਾਂ ਕਰ ਸਕਦੇ ਹਾਂ। ਜ਼ਿਆਦਾ ਲਾਲਸਾ, ਆਸ ਅਤੇ ਸਵਾਰਥ ਸਾਨੂੰ ਚਿੰਤਾ ਵਿਚ ਪਾ ਦਿੰਦਾ ਹੈ। ਕਿਸੇ ਵੀ ਗੱੱਲ ‘ਤੇ ਚਿੰਤਾ ਨਾ ਕਰੋ ਬਲਕਿ ਚਿੰਤਨ ਕਰੋ।
ਆਪਣੇ ਸਿਧਾਤਾਂ ‘ਤੇ ਦ੍ਰਿੜ ਰਹੋ। ਮੰਗਵੀਂ ਤੇ ਉਧਾਰੀ ਚੀਜ਼ ਨੂੰ ਵਾਪਸ ਕਰਨ ਬਾਰੇ ਜ਼ਰੂਰ ਸੋਚੋ। ਜਿਸ ਤਰਾਂ ਤੁਸੀਂ ਕਿਸੇ ਤੋਂ ਚੀਜ਼, ਰੁਪਿਆ-ਪੈਸਾ ਉਧਾਰ ਲੈਂਦੇ ਹੋ ਠੀਕ ਉਸੇ ਹੀ ਤਰਾਂ ਉਸ ਵਿਅਕਤੀ ਨੂੰ ਧੰਨਵਾਦ ਸਹਿਤ ਵਾਪਸ ਵੀ ਕਰੋ ਤਾਂ ਜੋ ਫਿਰ ਲੋੜ ਪੈਣ ‘ਤੇ ਅਸੀਂ ਉਸ ਤੋਂ ਕੁਝ ਵੀ ਮੰਗ ਸਕੀਏ। ਆਮ ਜ਼ਿੰਦਗੀ ਵਿਚ ਦੇਖਣ ਨੂੰ ਆਉਂਦਾ ਹੈ ਕਿ ਲੋਕ ਪੈਸਾ ਵਗੈਰਾ ਮੰਗਣ ਵੇਲੇ ਬੜੇ ਨਿਮਰ ਹੁੰਦੇ ਹਨ ਪਰ ਉਸ ਨੂੰ ਵਾਪਸ ਕਰਨ ਲੱਗਿਆਂ ਉਨਾਂ ਦਾ ਵਿਹਾਰ ਪੂਰੀ ਤਰਾਂ ਬਦਲ ਹੀ ਜਾਂਦਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਇਕ ਗੱਲ ਸਮਝ ਨਹੀਂ ਆਉਂਦੀ ਕਿ ਲੋਕ ਉਧਾਰ ਵਗੈਰਾ ਲੈ ਕੇ ਭੁੱੱਲ ਕਿਉਂ ਜਾਂਦੇ ਹਨ? ਕਿ ਇਹ ਇਨਸਾਨੀ ਫ਼ਿਤਰਤ ਹੈ? ਅਸੀਂ ਲੈਣਾ ਤਾਂ ਯਾਦ ਰੱਖਦੇ ਹਾਂ ਪਰ ਵਾਪਸ ਕਰਨਾ ਸਾਨੂੰ ਯਾਦ ਕਿਉਂ ਨਹੀਂ ਰਹਿੰਦਾ ?
ਇਸ ਲਈ ਅੱਜ ਅਸੀਂ ਪ੍ਰਣ ਕਰੀਏ ਕਿ ਜੇ ਸਾਨੂੰ ਕਿਤੇ ਵੀ ਕਿਸੇ ਵੇਲੇ ਮੋਬਾਈਲ, ਪੈਸਾ ਜਾਂ ਕੋਈ ਹੋਰ ਕੀਮਤੀ ਚੀਜ਼ ਮਿਲਦੀ ਹੈ ਤਾਂ ਲਾਲਚ ਨੂੰ ਛੱਡਦੇ ਹੋਏ ਉਸ ਕੀਮਤੀ ਸਮਾਨ ਨੂੰ ਤਰੁੰਤ ਉਸ ਦੇ ਮਾਲਕ ਤੱਕ ਪਹੁੰਚਾਈਏ। ਇਸ ਤਰਾਂ ਕਰਨ ਨਾਲ ਜ਼ਿੰਦਗੀ ਵਿਚ ਜੋ ਖੁਸ਼ੀ, ਆਨੰਦ ਅਤੇ ਸੰਤੁਸ਼ਟੀ ਸਾਨੂੰ ਮਿਲੇਗੀ ਉਹ ਹੋਰ ਕਿਤੋਂ ਵੀਂ ਨਹੀਂ ਮਿਲ ਸਕਦੀ। ਇਮਾਨਦਾਰੀ ਹਮੇਸ਼ਾ-ਹਮੇਸ਼ਾ ਤੱਕ ਜਿਊਂਦੀ ਰਹਿੰਦੀ ਹੈ, ਬੇਈਮਾਨ ਆਦਮੀ ਨੂੰ ਭਲਾ ਕੌਣ ਯਾਦ ਰੱਖਦਾ ਹੈ? ਵੇਦਾਂ, ਧਾਰਮਿਕ ਗ੍ਰੰਥਾਂ ਵਿਚ ਵੀ ਲਿਖਿਆ ਹੈ ਕਿ ਇਮਾਨਦਾਰੀ ਭਰਿਆ ਜੀਵਨ ਜੀਉ। ਮੁੱਕਦੀ ਗੱਲ ਇਹ ਹੈ ਕਿ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਨੂੰ ਜ਼ਿਆਦਾ ਧਾਰਮਿਕ ਬਣਨ ਦੀ ਲੋੜ ਨਹੀਂ ਪਰ ਜੇ ਤੁਸੀਂ ਧਾਰਮਿਕ ਹੋ ਤਾਂ ਇਹ ਲਾਜ਼ਮੀ ਹੈ ਕਿ ਤੁਸੀਂ ਇਮਾਨਦਾਰ ਬਣੋ। ਦੋਸਤੋ! ਫ਼ੈਸਲਾ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਇਮਾਨਦਾਰ ਬਣਨਾ ਹੈ ਜਾਂ ਬੇਈਮਾਨ..