• Home »
  • ਵਿਸ਼ੇਸ਼ ਲੇਖ
  • » ਆਖ਼ਰ ਕਦ ਮੁੱਕੇਗੀ ਦਲਿਤਾਂ ‘ਤੇ ਹੋ ਰਹੇ ਜ਼ੁਲਮੋ ਤਸ਼ੱਦਦ ਦੀ ਕਾਲੀ ਰਾਤ

ਆਖ਼ਰ ਕਦ ਮੁੱਕੇਗੀ ਦਲਿਤਾਂ ‘ਤੇ ਹੋ ਰਹੇ ਜ਼ੁਲਮੋ ਤਸ਼ੱਦਦ ਦੀ ਕਾਲੀ ਰਾਤ

– ਮਨਜਿੰਦਰ ਸਿੰਘ ਸਰੌਦ
ਸਿੱਖ ਗੁਰੂ ਸਾਹਿਬਾਨ ਦੇ ਵੇਲੇ ਤੋਂ ਕੌਮ ਦੀ ਆਨ ਤੇ ਇੱਜ਼ਤ ਖ਼ਾਤਰ ਆਪਾ ਵਾਰਨ ਤੇ ਪਰਿਵਾਰਾਂ ਤੱਕ ਦੇ ਬਲੀਦਾਨ ਦੀਆਂ ਉਦਾਹਰਣਾਂ ਬਣਨ ਵਾਲੇ ਯੋਧਿਆਂ ਦੇ ਵਾਰਸ ਜਿਨਾਂ ਨੂੰ ਸਾਡਾ ਸਮਾਜ ਦਲਿਤ ਕਹਿ ਕੇ ਨੀਵੀਂ ਜਾਤ ਨਾਲ ਸਬੰਧ ਹੋਣ ਦਾ ਖ਼ਿਤਾਬ ਬਖ਼ਸ਼ਦਾ ਹੈ। ਇਨਾਂ ਦਾ ਦੇਸ਼ ‘ਤੇ ਕਿਸੇ ਵੀ ਪਈ ਭੀੜ ਵੇਲੇ ਹਿੱਕਾਂ ਡਾਹ ਕੇ ਸੂਰਵੀਰਤਾ ਦੀ ਮੌਤ ਮਰਨਾ ਆਪਣੇ ਆਪ ਵਿੱਚ ਅਣੋਖੀ ਲਾ-ਮਿਸਾਲ ਦਾਸਤਾਨ ਹੈ।
ਗੁਰੂ ਸਾਹਿਬ ਨਾਲ ਇਨਾਂ ਦਲਿਤ ਪਰਿਵਾਰਾਂ ਦੀ ਵਫ਼ਾਦਾਰੀ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੀ। ਪਿਛਲੇ ਕੁਝ ਸਮਿਆਂ ਤੋਂ ਪੂਰੇ ਦੇਸ਼ ਅਤੇ ਪੰਜਾਬ ਅੰਦਰ ਦਲਿਤਾਂ ‘ਤੇ ਜੋ ਕਹਿਰ ਢਾਹਿਆ ਜਾ ਰਿਹੈ ਉਸ ਨੂੰ ਦੇਖ ਤਾਂ ਇਉਂ ਲੱਗਦੈ ਜਿਵੇਂ ਇਨਾਂ ਲੋਕਾਂ ਨੂੰ ਮਨੂੰਵਾਦੀ ਸੋਚ ਦੇ ਧਾਰਣੀ ਲੋਕ ਭਾਰਤ ਵਰਸ਼ ਦਾ ਹਿੱਸਾ ਹੀ ਨਾ ਮੰਨਦੇ ਹੋਣ। ਉੱਪਰ ਪ੍ਰਦੇਸ਼, ਬਿਹਾਰ, ਬੰਗਾਲ, ਝਾਰਖੰਡ ਅਤੇ ਉੜੀਸਾ ਅੰਦਰ ਚਿੱਟੇ ਦਿਨ ਵਾਪਰਦੀਆਂ ਘਟਨਾਵਾਂ ਨੇ ਮੇਰੇ ਮਨ ਨੂੰ ਝੰਜੋੜ ਕੇ ਸੁੱਟ ਦਿੱਤਾ।
ਅਸੀਂ ਭਾਵੇਂ 21ਵੀਂ ਸਦੀ ਵਿੱਚ ਪ੍ਰਵੇਸ਼ ਤਾਂ ਕਰ ਚੁੱਕੇ ਹਾਂ ਪਰ ਸਾਡੀ ਸੋਚ ਅਜੇ ਵੀ ਜੰਗਲ ਦੇ ਆਦਿ-ਮਾਨਵ ਵਰਗੀ ਜਾਪਦੀ ਹੈ। ਯਾਦ ਆਉਂਦਾ ਹੈ ਉਹ ਸਮਾਂ ਜਦ ਦਲਿਤਾਂ ਦੇ ਪਿੰਡ ਅੰਦਰ ਵੜਨ ‘ਤੇ ਮਨਾਹੀ ਸੀ ਅਤੇ ਉਨਾਂ ਦੀ ਪਿੱਠ ਦੇ ਪਿੱਛੇ ਝੀਂਗਾਂ ਬੰਨੀਆਂ ਜਾਂਦੀਆਂ ਸਨ ਤਾਂ ਕਿ ਉਨਾਂ ਦੀ ਪੈੜ ਧਰਤੀ ਤੋਂ ਨਾਲ ਦੀ ਨਾਲ ਮਿਟ ਜਾਵੇ ਤੇ ਉਨਾਂ ਦੇ ਜੂਠੇ ਭਾਂਡਿਆਂ ਨੂੰ ਅੱਗ ਵਿੱਚ ਸੁੱਟ ਕੇ ਮਾਂਜਿਆ ਜਾਂਦਾ ਸੀ। ਠੀਕ ਹੈ, ਉਨਾਂ ਵੇਲਿਆਂ ਨੂੰ ਅਸੀਂ ਗੁਰਮਤਿ ਤੇ ਇਨਸਾਨੀਅਤ ਤੋਂ ਸੱਖਣੀ ਸੋਚ ਤੇ ਰੂੜੀਵਾਦੀ ਧਾਰਨਾ ਦਾ ਤਰਕ ਮੰਨਦੇ ਸੀ ਪਰ ਅੱਜ ਤਾਂ ਦਲਿਤਾਂ ‘ਤੇ ਜੁਲਮੋਂ ਤਸ਼ੱਦਦ ਨੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਨੇ। ਮਨੁੱਖੀ ਭੇੜੀਏ ਦੇ ਰੂਪ ਵਿੱਚ ਅਖੌਤੀ ਉੱਚੀ ਜਾਤ ਦਾ ਭਰਮ ਪਾਲੀ ਬੈਠੇ ਮਨੂੰਵਾਦੀ ਸੋਚ ਦੇ ਧਾਰਣੀਂ ਲੋਕਾਂ ਦਾ ਦਲਿਤਾਂ ‘ਤੇ ਜ਼ੁਲਮ ਢਾਹੁਣਾ ਸ਼ਾਇਦ ਸਾਡੇ ਦੇਸ਼ ਦੀ ਮੁੱਖ ਧਾਰਾ ਦਾ ਮੂੰਹ ਭੰਨਣ ਦੀ ਕਵਾਇਦ ਨੂੰ ਹੀ ਅੰਜ਼ਾਮ ਦਿੰਦਾ ਹੈ।        ਪਿਛਲੇ ਦਿਨੀਂ ਇੱਕ ਵੀਡਿਓ ਵਾਇਰਲ ਹੋਈ। ਜਿਸ ਨੂੰ ਜਾਣ ਬੁੱਝ ਕੇ ਵਾਇਰਲ ਕੀਤਾ ਗਿਆ। ਜਿਸ ਵਿੱਚ ਇੱਕ ਬੇਵੱਸ ਤੇ ਲਾਚਾਰ ਦਲਿਤ ਮਾਂ ਦੇ ਹੱਥੋਂ ਚਾਰ ਪੰਜ ਮਨੁੱਖੀ ਭੇੜੀਏ ਉਸ ਦੀ ਮਾਸੂਮ ਧੀ ਨੂੰ ਖੋਹ ਕੇ ਨੋਚਣਾ ਚਾਹੁੰਦੇ ਨੇ ਵੀਡਿਓ ਬਣਾਉਣ ਵਾਲਾ ਇਉਂ ਪੋਜ ਬਣਾ ਰਿਹੈ ਜਿਵੇਂ ਉਹ ਕੋਈ ਭਲੇ ਦਾ ਕਾਰਜ ਕਰਦਾ ਹੋਵੇ। ਕਦੇ ਉਸ ਛਾਤੀ ਨੂੰ ਨੋਚਿਆ ਜਾਂਦੈ ਤੇ ਕਦੇ ਮੂੰਹ ਨੂੰ ਤੇ ਕਦੇ ਉਸ ਨੂੰ ਹਵਾ ਵਿੱਚ ਉਛਾਲਿਆ ਜਾਂਦੈ। ਮਾਂ ਦੀਆਂ ਮਿੰਨਤਾਂ ਦਾ ਕੋਈ ਅਸਰ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਬੇਖ਼ੌਫ਼ ਭੇੜੀਏ ਉਸ ਨੂੰ ਨੋਚ ਰਹੇ ਨੇ। ਵੀਡਿਓ ਬਣ ਰਹੀ ਹੈ, ਮਾਂ ਲਾਚਾਰ ਹੈ, ਅਜਿਹੀਆਂ ਸੈਂਕੜੇ ਘਟਨਾਵਾਂ ਇਸ ਮੁਲਖ ਦੇ ਅੰਦਰ ਆਏ ਦਿਨ ਵਾਪਰਦੀਆਂ ਨੇ। ਪਰ ਦੇਸ਼ ਦੇ ਆਗੂ ਇਸ ਮੁਲਖ਼ ਨੂੰ ਡਿਜੀਟਲ ਬਣਾਉਣ ਵਿੱਚ ਮਸਰੂਫ ਨੇ। ਪੂਰੇ ਪਿੰਡ ਅੰਦਰ ਦਲਿਤ ਮਹਿਲਾ ਨੂੰ ਨਿਰਵਸਤਰ ਕਰਕੇ ਘੁਮਾਇਆ ਜਾਂਦੈ। ਪੁਲਿਸ ਆਪਣੀ ਕਾਰਵਾਈ ਵਿੱਚ ਕੁਝ ਹੋਰ ਹੀ ਲਿਖ ਦਿੰਦੀ ਹੈ। ਦਲਿਤਾਂ ਦੀਆਂ ਮਾਸੂਮ ਬਾਲੜੀਆਂ ਦੇ ਸਰੀਰਾਂ ਨੂੰ ਇਹ ਮਨੁੱਖ ਰੂਪੀ ਭੇੜੀਏ ਇਉਂ ਨੋਚਦੇ ਨੇ ਜਿਵੇਂ ਉਹ ਬੇਜਾਨ ਰਬੜ ਦੀ ਗੁੱਡੀ ਹੋਵੇ। ਅੱਜ ਸਮੁੱਚੇ ਦੇਸ਼ ਅੰਦਰ ਘੱਟ ਗਿਣਤੀਆਂ ‘ਤੇ ਹਮਲੇ ਜਾਰੀ ਨੇ। ਆਵਾਜ਼ ਜ਼ਰੂਰ ਉੱਠਦੀ ਹੈ ਪਰ ਛੇਤੀ ਹੀ ਦਬ ਜਾਂਦੀ ਹੈ। ਸ਼ਾਇਦ ਦਲਿਤਾਂ ‘ਤੇ ਢਾਹੇ ਕਹਿਰ ਦੀ ਗੱਲ ਕਰਨ ਦਾ ਕਿਸੇ ਕੋਲ ਵਿਹਲ ਕਿੱਥੇ ? ਉਨਾਂ ਨੂੰ ਤਾਂ ਰਿਜ਼ਰਵੇਸ਼ਨ ਦੇ ਕੇ ਉਨਾਂਕੋਲੋਂ ਇਹ ਲਿਖ ਕੇ ਲੈ ਲਿਆ ਹੈ ਤੇ ਹੁਣ ਤੁਹਾਨੂੰ ਜਿੰਨਾ ਮਰਜ਼ੀ ਕੁੱਟੀਏ ਤੇ ਲੁੱਟੀਏ।
ਵਾਹ ਓਏ ਭਾਰਤ ਵਾਸੀਓ ! ਮੁਕਾਬਲਾ ਚੀਨ ਤੇ ਅਮਰੀਕਾ ਨਾਲ ਕਰਨ ਦੀਆਂ ਗੱਲਾਂ ਪਰ ਨਿਕਲੇ ਅਜੇ ਜਾਤ ਪਾਤ ਦੀ ਦਲਦਲ ‘ਚੋਂ ਬਾਹਰ ਨਹੀਂ। ਪੂਰਬੀ ਸੂਬਿਆਂ ਵਿੱਚ ਫੈਲੇ ਖਾੜਕੂਵਾਦ ਦਾ ਇੱਕ ਵੱਡਾ ਕਾਰਨ ਮੇਰੇ ਸਾਹਮਣੇ ਇਹ ਵੀ ਆਇਐ ਕਿ ਉੱਥੇ ਦਲਿਤ ਨੌਜਵਾਨਾਂ ‘ਤੇ ਜਦ ਅੱਤਿਆਚਾਰ ਚਰਮ ਸੀਮਾ ਨੂੰ ਪਹੁੰਚ ਜਾਂਦੈ ਤਾਂ ਉਹ ਹਥਿਆਰ ਚੁੱਕ ਲੈਂਦੇ ਨੇ। ਜਿਸ ਨੂੰ ਸਰਕਾਰ ਅੱਤਵਾਦ ਦਾ ਨਾਂਅ ਦਿੰਦੀ ਹੈ।
ਬੀਤੇ ਸਮੇਂ ਅਸਾਮ ਦੇ ਕੋਕਰਾਝਾਰ ਜ਼ਿਲੇ ਦੇ ਜੰਗਲ ਵਿੱਚ ਜੰਗੀਰੂ ਹਵਸ ਦੇ ਮਾਲਕ ਲੋਕਾਂ ਵੱਲੋਂ ਇੱਕ ਦਲਿਤ ਮੁਟਿਆਰ ਨੂੰ ਜਬਰ ਜਿਨਾਹ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਉਸ ਦੇ ਸਰੀਰ ‘ਤੇ ਦਲਿਤ ਲਿਖ ਦਿੱਤਾ। ਕੀ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਦਲਿਤ ਪਰਿਵਾਰ ਕੀ ਸੋਚਣਗੇ ਕਿ ਉਹਨਾਂ ਨੇ ਚੱਟਣਾ ਹੈ ਇਸ ਦੇਸ਼ ਦੀ ਮੁੱਖ ਧਾਰਾ ਨੂੰ ਜਿਨਾਂ ਦੀਆਂ ਜੁਆਨ ਬੇਟੀਆਂ ਨੂੰ ਦਲਿਤ ਹੋਣ ‘ਤੇ ਇੱਥੇ ਜਿਉਣ ਦਾ ਵੀ ਹੱਕ ਨਹੀਂ।
ਇੱਧਰ ਪੰਜਾਬ ਅੰਦਰ ਵੀ ਸਭ ਖੈਰ ਨਹੀਂ। ਮੈਨੂੰ ਖੁਦ ਇੱਕ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹੋਣ ‘ਤੇ ਇਹ ਕਹਿੰਦਿਆਂ ਕੋਈ ਝਿਜਕ ਨਹੀਂ ਕਿ ਇੱਥੇ ਵੀ ਮੇਰੇ ਵਰਗ ਦੇ ਲੋਕਾਂ ਵੱਲੋਂ ਦਲਿਤਾਂ ਨੂੰ ਅੱਜ ਵੀ ਗਹਿਰੀ ਨਿਗਾਹ ਨਾਲ ਦੇਖਿਆ ਜਾਂਦੈ। ਜੱਟਾਂ ਦਾ ਗੁਰਦੁਆਰਾ ਅਲੱਗ ਤੇ ਰਵਿਦਾਸੀਆਂ ਦਾ ਅਲੱਗ। ਜੱਟਾਂ ਦੀ ਧਰਮਸ਼ਾਲਾ ਅਲੱਗ ਤੇ ਰਵਿਦਾਸੀਆਂ ਦੀ ਅਲੱਗ। ਹੋਰ ਤਾਂ ਹੋਰ ਅਸੀਂ ਸਿਵੇ ਵੀ ਵੰਡ ਲਏ। ਵੋਟਾਂ ਵੇਲੇ ਐਸ.ਸੀ. ਭਾਈਚਾਰੇ ਦੇ ਵਿਹੜੇ ਨੂੰ ਵਿਕਾਊ ਮਾਲ ਆਖ ਕੇ ਉੱਚੀ ਜਾਤ ਵਾਲੇ ਆਪਣੇ ਮਨ ਦਾ ਗੁਬਾਰ ਕੱਢਦੇ ਨੇ। ਕੀ ਅੱਜ ਦੇ ਸਮੇਂ ਵਿੱਚ ਉੱਚੀ ਜਾਤ ਵਾਲਿਆਂ ਵੱਲੋਂ ਵੋਟਾਂ ਦੀ ਖਰੀਦੋ-ਫ਼ਰੋਖ਼ਤ ਨਹੀਂ ਕੀਤੀ ਜਾਂਦੀ ਇਸ ਦੀ ਕੀ ਗਾਰੰਟੀ ਹੈ ? ਪਿੰਡ ਦੇ ਕੁਝ ਰਜਵਾੜਾ ਸ਼ਾਹੀ ਘਰਾਂ ਅੰਦਰ ਅੱਜ ਵੀ ਦਲਿਤਾਂ ਨੂੰ ਸਿਰਫ਼ ਗੋਹਾ ਕੂੜਾ ਕਰਨ ਦੀ ਮਸ਼ੀਨ ਸਮਝਿਆ ਜਾਂਦੈ।
ਸਮੇਂ ਦੀ ਸਿਤਮਜ਼ਰੀਫ਼ੀ ਦੇਖੋ ਅੱਜ ਵੀ ਦਲਿਤ ਪਰਿਵਾਰਾਂ ਦੇ ਕਈ ਬੱਚੇ ਰੁਲਦਿਆਂ ਰੁਲਦਿਆਂ ਜੁਆਨੀ ਦੀ ਦਹਿਲੀਜ਼ ਪਾਰ ਕਰਦੇ ਨੇ। ਮਾਸੂਮ ਬਾਲੜੀਆਂ ਇਲਾਜ ਖੁਣੋਂ ਕਿਸੇ ਸ਼ਾਹੂਕਾਰ ਦੇ ਖੀਸੇ ਵੱਲ ਝਾਕਦੀਆਂ ਝਾਕਦੀਆਂ ਦੀ ਉਮਰ ਬੀਤ ਜਾਂਦੀ ਹੈ। ਉਨਾਂ ਦੇ ਹੱਥ ਕਿਸੇ ਰਜਵਾੜੇ ਘਰ ਦੇ ਭਾਂਡਿਆਂ ਨਾਲ ਖਹਿੰਦੇ ਖਹਿੰਦੇ ਘਸ ਜਾਂਦੇ ਨੇ। ਵਾਹ ਓਏ ਮੇਰਿਆ ਮਾਲਕਾ ਇਨਸਾਫ਼ ਕਿੱਥੇ ਹੈ ?
ਸਿੱਖ ਕੌਮ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਅਜੇ ਵੀ ਸਮਾਂ ਹੈ, ਤੋੜ ਦਿਓ ਇਹ ਹਉਮੈ ਦੀਆਂ ਦੀਵਾਰਾਂ, ਗਲ ਲਾਓ ਦਲਿਤ ਪਰਿਵਾਰਾਂ ਨੂੰ, ਕਿਉਂ ਇਨਾਂ ਨੂੰ ਸਾਧਾਂ ਦੇ ਡੇਰਿਆਂ ‘ਤੇ ਜਾਣ ਨੂੰ ਮਜਬੂਰ ਕਰਦੇ ਹੋ ? ਪਿੰਡਾਂ ਅੰਦਰ ਬਣੇ ਹੋਏ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਦਲਿਤ ਭਾਈਚਾਰੇ ਦਾ ਬਣਦਾ ਹਿੱਸਾ ਦੇ ਕੇ ਮੈਂਬਰ ਲਏ ਜਾਣ। ਪੰਚਾਇਤ ਜ਼ਮੀਨਾਂ ਨੂੰ ਹਿੱਸੇ ਦੇ ਆਧਾਰ ‘ਤੇ ਵੰਡਿਆ ਜਾਵੇ। ਦਰਵਾਜ਼ੇ ‘ਤੇ ਧਰਮਸ਼ਾਲਾ ਸਾਂਝੀਆਂ ਰੱਖੀਆਂ ਜਾਣ। ਸਿਵੇ ਇੱਕ ਅਜਿਹੀ ਜਗਾ ਹੈ ਜਿੱਥੇ ਬਾਹਰਲਾ ਕੋਈ ਜਾਣਾ ਨਹੀਂ ਚਾਹੁੰਦਾ, ਅੰਦਰਲੇ ਮੁਰਦੇ ਬਾਹਰ ਨਹੀਂ ਆ ਸਕਦੇ। ਇਨਸਾਨ ਨੇ ਉੱਥੇ ਵੀ ਵੰਡੀਆਂ ਪਾ ਦਿੱਤੀਆਂ। ਨਗਰ ਕੀਰਤਨ ਵੱਖ ਕਰ ਲਏ। ਪੰਚਾਇਤੀ ਜ਼ਮੀਨ ਤੋਂ ਦਲਿਤਾਂ ਨੂੰ ਵਾਂਝੇ ਕਰ ਦੇਣਾ ਕਦਾਚਿਤ ਵੀ ਦਿਆਨਤਦਾਰੀ ਨਹੀਂ। ਉਨਾਂ ਨੂੰ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਉਨਾਂ ਦੀ ਵੋਟ ਦੀ ਤਾਕਤ ਸਾਡੇ ਬਰਾਬਰ ਹੈ ਤਾਂ ਹੱਕ ਵੀ ਬਰਾਬਰ ਚਾਹੀਦੇ ਨੇ। ਖ਼ੂਨ ਇੱਕੋ ਜਿਹਾ ਹੈ ਜਦ ਕੁਦਰਤ ਇਨਸਾਨਾਂ ਨਾਲ ਵਿਤਕਰਾ ਨਹੀਂ ਕਰਦੀ ਤਾਂ ਅਸੀਂ ਕੌਣ ਹੁੰਦੇ ਹਾਂ ਇਨਾਂ ਦੇ ਹੱਕ ਮਾਰਨ ਵਾਲੇ। ਕੇਵਲ ਨੋਕਦਾਰ ਪੱਗਾਂ ਬੰਨ ਤੇ ਚਿੱਟੀਆਂ ਜਾਕਟਾਂ ਅਤੇ ਕੱਢਵੀਂ ਜੁੱਤੀ ਪਾ ਕੇ ਪਿੰਡ ਦੀ ਚੌਧਰ ਹਾਸਲ ਕਰਨੀ ਹੀ ਸਭ ਕੁਝ ਨਹੀਂ ਹੁੰਦੀ। ਲੋੜ ਹੈ ਲਿਆਕਤ ਸੋਚ ਤੇ ਰੂਹਾਨੀ ਗਿਆਨ ਦੀ। ਉਸ ਨੂੰ ਹਾਸਲ ਕਰਨ ਲਈ ਪਹਿਲ ਕਰੋ।
ਆਓ ਦਲਿਤ ਸਮਾਜ ਨੂੰ ਆਪਣੇ ਬਰਬਰ ਦਾ ਸਮਝਣ ਦੀ ਪਿਰਤ ਪਾ ਕੇ ਨਵੀਂ ਮਿਸਾਲ ਬਣੀਏ। ਕਿਉਂਕਿ ਸਿੱਖ ਫ਼ਲਸਫ਼ਾ ਤੇ ਹੋਰ ਗਿਆਨ ਦੀਆਂ ਕਿਤਾਬਾਂ ਅੰਦਰ ਕੇਵਲ ਤੇ ਕੇਵਲ ਇਨਸਾਨੀਅਤ ਨੂੰ ਪਹਿਲ ਦਿੱਤੀ ਗਈ ਹੈ। ਇਸ ‘ਤੇ ਅਮਲ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ।