ਮੁਲਕ ਦੇ ਮੌਜੂਦਾ ਹਾਲਾਤ

ਫਤਿਹਜੰਗ ਸਿੰਘ
ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਦੇ ਸਮਾਜਕ ਹਾਲਾਤ ਇਹੋ ਜਿਹੇ ਬਣਾ ਦਿਤੇ ਗਏ ਹਨ ਕਿ ਦੇਸ਼ ਦਾ ਸਾਰਾ ਢਾਂਚਾ ਹੀ ਚਰਮਰਾ ਗਿਆ ਲਗਦਾ ਹੈ। ਜਾਪਦਾ ਹੈ ਇਨਸਾਫ਼, ਪੁਲਿਸ ਜਾਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਕੇਂਦਰ ਅਤੇ ਇਸ ਦੀਆਂ ਭਾਈਵਾਲ ਸੂਬਾ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਇਹ ਅਸਰ ਪੈਦਾ ਹੋ ਰਿਹਾ ਹੈ ਕਿ ਇਹ ‘ਸਭ ਦਾ ਵਿਕਾਸ, ਸਭ ਦਾ ਸਾਥ’ ਦੀਆਂ ਜਿੰਨੀਆਂ ਮਰਜ਼ੀ ਟਾਹਰਾਂ ਮਾਰ ਲੈਣ ਪਰ ਇਨਾਂ ਦਾ ਸਮਾਜ ਜਾਂ ਵਿਕਾਸ ਨਾਲ ਤਾਂ ਦੂਰ ਦਾ ਵੀ ਵਾਸਤਾ ਨਜ਼ਰ ਨਹੀਂ ਆ ਰਿਹਾ। ਕਿਸ ਦਾ ਵਿਕਾਸ ਹੋ ਰਿਹਾ ਹੈ ਅਤੇ ਕਿਸ ਦਾ ਵਿਨਾਸ਼, ਇਹ ਤਾਂ ਹੁਣ ਜੱਗ ਜ਼ਾਹਰ ਹੋ ਹੀ ਚੁਕਿਆ ਹੈ। ਹੁਣ ਤਾਂ ਸਰਕਾਰ ਦਾ ਅਸਲ ਏਜੰਡਾ ਕੀ ਹੈ ਇਹ ਵੀ ਸ਼ਰੇਆਮ ਪ੍ਰਗਟ ਹੋ ਚੁਕਿਆ ਹੈ ਜੋ ਕਿ ਪਹਿਲਾਂ ਅਕਸਰ ਲੁਕਵਾਂ ਹੋਇਆ ਕਰਦਾ ਸੀ। ਹੁਣ ਤਾਂ ਸੱਤਾਧਾਰੀ ਪਾਰਟੀ ਦਾ ਕੇਂਦਰ ਜਾਂ ਰਾਜ ਪੱਧਰ ਦਾ ਹਰ ਛੋਟਾ ਅਤੇ ਵੱਡਾ ਲੀਡਰ ਸ਼ਰੇਆਮ ਭਾਰਤ ਨੂੰ ਹਿੰਦੁਸਤਾਨ ਬਣਾਉਣ ਤੇ ਤੁਲਿਆ ਹੋਇਆ ਹੈ। ਹੁਣ ਕਿਸੇ ਨੂੰ ਕੋਈ ਝੁਕਾਅ ਛੁਪਾਅ ਨਹੀਂ, ਸਿੱਧਾ ਹੀ ਦਾਗ਼ ਦਿੱਤਾ ਜਾਂਦਾ ਹੈ ਕਿ ਜੇ ਕੋਈ ਇਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ, ਇਹ ਨਹੀਂ ਖਾ ਸਕਦਾ, ਉਹ ਨਹੀਂ ਖਾ ਸਕਦਾ ਤਾਂ ਉਹ ਅੱਜ ਹੀ ਇਸ ਦੇਸ਼ ਨੂੰ ਛੱਡ ਕੇ ਫ਼ਲਾਣੇ ਦੇਸ਼ ਚਲਿਆ ਜਾਵੇ।
ਪਿਛਲੇ ਸਮੇਂ ਦੀਆਂ ਘਟਨਾਵਾਂ ਗਵਾਹ ਹਨ ਕਿ ਕਦੇ ਘਰ ਵਾਪਸੀ, ਕਦੇ ਲਵ-ਜੇਹਾਦ, ਕਦੇ ਗਊ ਬਚਾਉ, ਕਦੇ ਧਰਮ ਜਾਤੀ ਦੇ ਨਾਂ ਤੇ ਮੁੱਦੇ ਖੜੇ ਕਰ ਕੇ ਸ਼ਰੇਆਮ ਕਾਨੂੰਨ ਅਤੇ ਪ੍ਰਬੰਧ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਜਾਂਦੀਆਂ ਹਨ। ਰੋਕ ਟੋਕ ਬਰਦਾਸ਼ਤ ਨਹੀਂ ਕੀਤੀ ਜਾਂਦੀ। ਜੇ ਕਾਨੂੰਨ ਜਾਂ ਸੰਵਿਧਾਨ ਦੀ ਗੱਲ ਕਰੋ ਤਾਂ ਇਹ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਦੇ ਆਖ ਕੇ ਇਨਾਂ ਨੂੰ ਨਾ ਮੰਨਣ ਜਾਂ ਬਦਲਣ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ ਬਦਲ ਲੈਣ ਪਰ ਜਦੋਂ ਤਕ ਨਹੀਂ ਬਦਲਿਆ ਜਾਂਦਾ ਉਦੋਂ ਤਕ ਤਾਂ ਲਾਗੂ ਕਾਨੂੰਨ ਅਨੁਸਾਰ ਚੱਲੋ। ਮਨੁੱਖੀ ਹਿਤਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਨਾਂ ਦਾ ਘਾਣ ਵੀ ਤਾਂ ਨਾ ਕਰੋ। ਮਨੁੱਖੀ ਹਿਤਾਂ ਦੇ ਹੱਕ ਵਿਚ ਤਾਂ ਸੰਸਾਰ ਭਾਈਚਾਰਾ ਵੀ ਖਲੋਂਦਾ ਹੈ। ਇਸ ਦੇਸ਼ ਦਾ ਕਾਨੂੰਨ ਨਹੀਂ ਮੰਨਣਾ ਤਾਂ ਸੰਸਾਰ ਦੇ ਭਾਈਚਾਰੇ ਦੀ ਆਵਾਜ਼ ਤਾਂ ਸੁਣ ਲਉ। ਜੇ ਇਹ ਵੀ ਨਹੀਂ ਮੰਨਣੀ ਤਾਂ ਰੱਬ ਨੂੰ ਮੰਨਣ ਵਾਲਿਉ ਰੱਬੀ ਕਾਨੂੰਨ ਹੀ ਮੰਨ ਲਉ ਜੋ ਪਲ-ਪਲ ਬਰਾਬਰੀ ਦਾ ਅਹਿਸਾਸ ਕਰਵਾਉਂਦਾ ਹੈ, ਨਿਤਾਣਿਆਂ ਅਤੇ ਨਿਹੱਥਿਆਂ ਦੇ ਹੱਕ ਵਿਚ ਖਲੋਂਦਾ ਹੈ ਪਰ ਇਹ ਕਿਹੜਾ ਕਾਨੂੰਨ ਹੋਇਆ ਜੋ ਦੇਸ਼ ਵਿਚ ਥਾਂ ਥਾਂ ਤੇ ਦੰਗੇ-ਫ਼ਸਾਦ, ਅੱਗਾਂ, ਕਤਲ, ਮਾਰਕੁੱਟ, ਜਬਰ ਜ਼ਨਾਹ ਫ਼ੈਲਾਉਂਦਾ ਜਾ ਰਿਹਾ ਹੈ? ਕਾਨੂੰਨ ਮਨੁੱਖ ਦਾ ਦੁਸ਼ਮਣ ਹੈ ਜਾਂ ਰਖਵਾਲਾ? ਕਾਨੂੰਨ ਦਹਿਸ਼ਤਗਰਦੀ ਫੈਲਾਉਂਦਾ ਹੈ ਜਾਂ ਸ਼ਾਂਤੀ? ਕਾਨੂੰਨ ਮਨੁੱਖਤਾ ਦਾ ਵਿਕਾਸ ਕਰਦਾ ਹੈ ਜਾਂ ਵਿਨਾਸ਼? ਕਾਨੂੰਨ ਭਾਈਚਾਰਾ ਬਣਾਉਣ ਵਿਚ ਸਹਾਈ ਹੁੰਦਾ ਹੈ ਜਾਂ ਮਨੁੱਖ ਨੂੰ ਮਨੁੱਖ ਤੋਂ ਨਿਖੇੜ ਕੇ ਦੁਸ਼ਮਣੀਆਂ ਖੜੀਆਂ ਕਰਦਾ ਹੈ? ਕੀ ਹੈ ਕਾਨੂੰਨ? ਕੀ ਹੈ ਇਸ ਦੀ ਰਾਜ-ਕਾਜ ਜਾਂ ਸਮਾਜ ਵਿਚ ਭੂਮਿਕਾ? ਕੀ ਕਾਨੂੰਨ ਇਹੀ ਕਹਿੰਦਾ ਹੈ ਕਿ ਕਰ ਦਿਉ ਮਨੁੱਖਤਾ ਨੂੰ ਤਾਰ ਤਾਰ, ਕਰ ਦਿਉ ਔਰਤ ਜਾਤ ਦੇ ਮਾਣ ਸਨਮਾਨ ਅਤੇ ਇੱਜ਼ਤ ਨੂੰ ਲਹੂ-ਲੁਹਾਨ, ਉਡਾ ਦਿਉ ਧੱਜੀਆਂ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਲਾਚਾਰੀਆਂ ਦੀਆਂ? ਕੀ ਕਾਨੂੰਨ ਦੇ ਰਖਵਾਲਿਆਂ ਵਲੋਂ ਖ਼ੁਦ ਹੀ ਲੁਟੇਰੇ, ਜ਼ਾਲਮ ਅਤੇ ਨਿਰਦਈ ਬਣ ਕੇ ਤੜਪਦੀ, ਕੁਰਲਾਉਂਦੀ, ਸਹਿਕਦੀ, ਕੱਟੀ ਵੱਢੀ ਅਤੇ ਲਹੂ-ਲੂਹਾਨ ਲੋਕਾਈ ਨੂੰ ਤਮਾਸ਼ਾ ਬਣਾ ਕੇ ਮਜ਼ੇ ਲੈਣ ਨੂੰ ਹੀ ਕਾਨੂੰਨ ਲਾਗੂ ਕਰਨਾ ਕਹਿੰਦੇ ਹਨ? ਕਾਨੂੰਨ ਬਣਾਉਣ ਵਾਲੇ ਵੀ ਤਾਂ ਸਿੱਧੇ ਜਾਂ ਅਸਿੱਧੇ ਭਾਈਵਾਲ ਬਣੇ ਨਜ਼ਰ ਆ ਰਹੇ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਕੀ ਬਣੇਗਾ ਉਸ ਖੇਤ ਦਾ?
ਇਹ ਕਿਹੋ ਜਿਹੇ ਦੇਸ਼ ਦੀ ਉਸਾਰੀ ਹੋ ਰਹੀ ਹੈ ਜਿਸ ਦੀ ਨੀਂਹ ਕਤਲੋਗ਼ਾਰਤ ਉਤੇ ਰੱਖੀ ਜਾ ਰਹੀ ਹੈ? ਇਸ ਦੀ ਚਿਣਵਾਈ ਲਈ ਸਿਰਾਂ, ਲੋਥਾਂ, ਲਾਸ਼ਾਂ, ਖ਼ੂਨ ਤੇ ਮਿਝ ਨਾਲ ਕਰਨੀ ਜ਼ਰੂਰੀ ਹੈ? ਇਹ ਕਿਹੋ ਜਿਹਾ ਦੇਸ਼ ਬਣੇਗਾ? ਇਹੋ ਜਿਹੇ ਬਣਾਏ ਗਏ ਦੇਸ਼ ਦੇ ਨਾਗਰਿਕ ਕਿਹੋ ਜਿਹੀ ਸ਼ਾਂਤੀ ਤੇ ਅਮਨ ਨਾਲ ਰਹਿ ਸਕਣਗੇ? ਸੰਸਾਰਕ ਭਾਈਚਾਰਾ ਇਸ ਨੂੰ ਕਿਸ ਥਾਂ ਤੇ ਰੱਖੇਗਾ? ਇਸ ਕਵਾਇਦ ਨੂੰ ਧਰਮ ਨਾਲ ਜੋੜ ਕੇ ਤੋਰਿਆ ਜਾ ਰਿਹਾ ਹੈ ਤਾਂ ਕੀ ਇਹ ਧਰਮ ਏਨਾ ਕਮਜ਼ੋਰ ਹੈ ਕਿ ਲੋਕਾਈ ਨੂੰ ਡਰਾ ਧਮਕਾ ਕੇ, ਮਾਰਕੁੱਟ ਕਰ ਕੇ ਹੀ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ? ਪਿਆਰ, ਸਤਿਕਾਰ, ਭਾਈਚਾਰਾ, ਆਜ਼ਾਦੀ ਤਾਂ ਧਰਮ ਦੇ ਸਰਬ ਪ੍ਰਵਾਨਤ ਗੁਣ ਹਨ। ਹਿਟਲਰ ਅਤੇ ਚੰਗੇਜ਼ ਖ਼ਾਨ ਦੇ ਤੌਰ ਤਰੀਕਿਆਂ ਨੂੰ ਤਾਂ ਦੁਨੀਆਂ ਕਦੋਂ ਦੀ ਤਿਲਾਂਜਲੀ ਦੇ ਚੁੱਕੀ ਹੈ। ਕਿਉਂ ਉਨਾਂ ਦੇ ਪਿੰਜਰਾਂ ਵਿਚ ਰੂਹ ਫੂਕਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੇ ਦੁਨੀਆਂ ਨੂੰ ਇਕ ਪਿੰਡ ਮੰਨ ਕੇ ਚਲਣ ਵਿਚ ਭਾਈਵਾਲ ਬਣੇ ਹੋ ਤਾਂ ਨਜ਼ਰ ਮਾਰੋ ਕਿੰਨੇ ਹੀ ਦੇਸ਼ਾਂ ਨੇ ਮੰਨ ਲਿਆ ਹੈ ਕਿ ਸਥਾਈ ਸ਼ਾਂਤੀ ਲਈ ਧਰਮਾਂ ਨਾਲੋਂ ਮਨੁੱਖ ਨੂੰ ਕੇਂਦਰ ਵਿਚ ਰਖਣਾ ਪਵੇਗਾ। ਉਨਾਂ ਵਲ ਵੇਖੋ ਕਿੰਨੇ ਹੀ ਧਰਮਾਂ-ਮਜ਼ਹਬਾਂ ਨੂੰ ਅਪਣੇ ਆਪ ਵਿਚ ਸੰਭਾਲ ਕੇ ਉਨਾਂ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਇਆਂ ਉਹ ਸ਼ਾਂਤੀ, ਅਮਨ ਅਤੇ ਵਿਕਾਸ ਵਲ ਦੌੜਦੇ ਨਜ਼ਰ ਆ ਰਹੇ ਹਨ। ਉਹ ਏਨੀ ਤਾਕਤ ਦੇ ਮਾਲਕ ਬਣੇ ਬੈਠੇ ਹਨ ਕਿ ਮਜ਼ਹਬਾਂ ਵਾਲੇ ਵਾਰ ਵਾਰ ਮਦਦ ਲਈ ਉਨਾਂ ਵਲ ਝਾਕਦੇ ਹਨ। ਕੀ ਇਹ ਰਾਹ ਠੀਕ ਨਹੀਂ?
ਸਿਆਣੇ ਆਖਦੇ ਹਨ ਕਿ ਘਟੀਆ, ਘਿਨਾਉਣੇ ਅਤੇ ਜਬਰ ਜ਼ੁਲਮ ਦੇ ਢੰਗ ਤਰੀਕਿਆਂ ਨਾਲ ਪ੍ਰਾਪਤ ਕੀਤਾ ਰਾਜਪਾਟ ਕਦੇ ਵੀ ਸੁੱਖ ਸ਼ਾਂਤੀ ਨਾਲ ਮਾਣਿਆ ਨਹੀਂ ਜਾ ਸਕਦਾ ਅਤੇ ਨਾ ਹੀ ਮਨੁੱਖਤਾ ਦੀ ਕਚਹਿਰੀ ਅਤੇ ਭਾਈਚਾਰੇ ਦੀ ਸੱਥ ਵਿਚ ਉਸ ਦੇ ਵਧੀਆ ਹੋਣ ਤੇ ਮਾਣ ਹੀ ਕੀਤਾ ਜਾ ਸਕਦਾ ਹੈ। ਪੁਰਾਣੇ ਵੇਲੇ ਹੋਰ ਸਨ ਪਰ ਅੱਜ ਜਦੋਂ ਹੁਣ ਸਾਰਾ ਸੰਸਾਰ ਇਕ ਇਕਾਈ ਵਿਚ ਤਬਦੀਲ ਹੋ ਰਿਹਾ ਹੈ ਤਾਂ ਛੋਟੀ ਤੋਂ ਛੋਟੀ ਉਕਾਈ ਜਾਂ ਗ਼ਲਤੀ ਸਾਰੀ ਦੁਨੀਆਂ ਵੇਖਦੀ ਹੈ ਅਤੇ ਉਸ ਦੀ ਚੀਰਫਾੜ ਕਰਦੀ ਹੈ। ਰਾਜ ਪ੍ਰਾਪਤੀ ਦੇ ਪੁਰਾਣੇ, ਘਟੀਆ ਅਤੇ ਘਸੇ-ਪਿਟੇ ਅਣਮਨੁੱਖੀ ਤਰੀਕੇ ਵਰਤਣ ਕਰ ਕੇ ਹੀ ਇਸ ਦੇਸ਼ ਨੇ ਬੁੱਧ ਦੀ ਵਿਚਾਰਧਾਰਾ ਨੂੰ ਅਤੇ ਉਸ ਦੀ ਪਾਲਣਾ ਕਰਨ ਵਾਲਿਆਂ ਨੂੰ ਹੀ ਬਾਹਰ ਨਾ ਕੱਢ ਸੁਟਿਆ ਸਗੋਂ ਡਰੇ ਹੋਏ ਪਾਪੀਆਂ ਵਾਂਗ, ਹਰ ਨਵੀਂ ਵਿਚਾਰਧਾਰਾ ਵਿਚੋਂ ਬੁੱਧ ਬੁੱਧ ਸੁੰਘਣ ਲਗਦੀ ਹੈ ਤੇ ਨਹੀਂ ਚਾਹੁੰਦੀ ਕਿ ਕੋਈ ਚੰਗੀ ਲਗਰ ਫੁਟ ਪਵੇ। ਆਖ਼ਰੀ ਕੀ ਸੀ ਬੁੱਧ ਵਿਚ? ਬਸ ਸੁੱਖ, ਸ਼ਾਂਤੀ, ਅਮਨ, ਭਾਈਚਾਰਾ, ਆਜ਼ਾਦੀ, ਬਰਾਬਰੀ ਦੀ ਭਾਵਨਾ ਦਾ ਸੰਦੇਸ਼ ਸੀ ਜੋ ਮਨੁੱਖਤਾ ਦੇ ਪੁੰਗਰਨ ਲਈ ਜ਼ਰੂਰੀ ਹੈ, ਉਸ ਦੇ ਵਿਗਸਣ ਲਈ ਲੋੜੀਂਦਾ ਹੈ ਅਤੇ ਉਸ ਦੀ ਖ਼ੁਸ਼ਹਾਲੀ ਲਈ ਜਾਮਨ ਹੈ। ਜੇ ਪੁਰਾਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਪ੍ਰਾਪਤੀ ਲਈ ਇਤਿਹਾਸ ਦੇ ਪਹੀਏ ਨੂੰ ਪੁੱਠਾ ਗੇੜਾ ਦੇਣ ਹੀ ਲੱਗੇ ਹੋ ਤਾਂ ਯਾਦ ਰਖਿਉ ਬੁੱਧ ਅੱਜ ਵੀ ਸੰਸਾਰ-ਆਗੂ ਹੈ ਤੇ ਤੁਸੀਂ ਬੁੱਧ ਨੂੰ ਬਾਹਰ ਧੱਕ ਕੇ, ਆਪ ਹਿੰਦੁਸਤਾਨ ਨੂੰ ਗ਼ੁਲਾਮੀ ਹੀ ਦਿਵਾਈ ਸੀ।
ਮੁਲਜ਼ਮ ਵੋ ਹੀ, ਮੁਨਸਿਬ ਵੋ ਹੀ,
ਮੁਝੇ ਪਤਾ ਹੈ ਵੋਹ ਕਿਆ ਇਨਸਾਫ਼ ਕਰੇਂਗੇ?