ਗੁਰੂਆਂ ਦੇ ਨਾਮ ਵਸਦਾ ਪੰਜਾਬ ਕਿੱਥੇ ਗਿਆ…?

ਜਸਪਾਲ ਸਿੰਘ ਹੇਰਾਂ
ਵਿਕਾਸ ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ, ਸਮੇਂ ਦੇ ਹਾਣੀ ਬਣ ਕੇ ਸਮੇਂ ਦੀ ਤੋਰ ਨਾਲ ਤੁਰਨ ਵਾਲੀਆਂ ਕੌਮਾਂ ਤੇ ਦੇਸ਼ ਹੀ ਲੰਬਾ ਸਮਾਂ ਆਪਣੀ ਹੋਂਦ ਬਣਾਈ ਰੱਖ ਸਕਦੇ ਹਨ, ਪੱਛੜ ਜਾਣ ਵਾਲੇ ਭੂਤਕਾਲ ਦੇ ਕਾਲੇ ਹਨੇਰਿਆਂ ‘ਚ ਦਫ਼ਨ ਹੋ ਕੇ ਰਹਿ ਜਾਂਦੇ ਹਨ। ਪ੍ਰੰਤੂ ਵਿਕਾਸ ਦੇ ਨਾਂ ਤੇ ਕੁਦਰਤੀ ਸਾਧਨਾਂ ਦਾ ਵਿਨਾਸ ਕਰਨਾ, ਕੁਦਰਤ ਨਾਲ ਖਿਲਵਾੜ ਕਰਨਾ, ਆਪਣੇ ਭਵਿੱਖ ਨੂੰ ਕਤਲ ਕਰਨ ਅਤੇ ਆਪਣੇ ਪੈਰੀ ਕੁਹਾੜੀ ਮਾਰਨਾ ਹੈ। ਅੱਜ ਕੁਦਰਤ ਦੀਆਂ ਦਾਤਾਂ ਨਾਲ ਮਾਲਾ-ਮਾਲ ਪੰਜ ਦਰਿਆਵਾਂ ਦੀ ਧਰਤੀ, ਕੁਦਰਤੀ ਸਾਧਨਾਂ ਤੋਂ ਵਿਹੂਣੀ ਹੁੰਦੀ ਜੀ ਰਹੀ ਹੈ, ਜਿਸ ਕਾਰਨ ਪੰਜਾਬ ‘ਚ ਕੁਦਰਤ ਦੀ ਹਰ ਦਾਤ ਅਤੇ ਪੁਰਾਤਨ ਵਿਰਸੇ ਦੀ ਅਮੀਰੀ ਦੀ ਹੋਂਦ ਹੀ ਖ਼ਤਰੇ ‘ਚ ਪਈ ਹੋਈ ਹੈ। ਸਿੱਖੀ ਪੰਜਾਬ ਦੀ ਮਿੱਟੀ ਦਾ ਵਿਰਸਾ ਹੈ, ਪ੍ਰੰਤੂ ਅੱਜ ਜਿਸ ਤਰਾਂ ਸਿੱਖੀ ਸਿਧਾਂਤਾਂ ਨੂੰ ਖੋਰਾ ਲੱਗਾ ਹੋਇਆ ਹੈ ਅਤੇ ਆਧੁਨਿਕਤਾ, ਪੱਛਮਵਾਦ ਤੇ ਸਿੱਖ ਵਿਰੋਧੀ ਸ਼ਕਤੀਆਂ ਦੇ ਗੁੱਝੇ ਹਮਲਿਆਂ ਨਾਲ ਪੰਜਾਬ ‘ਚੋਂ ਦਸਤਾਰਾਂ ਆਲੋਪ ਹੋ ਰਹੀਆਂ ਹਨ, ਸਿੱਖ ਵਿਰਸੇ ਤੋਂ ਜੁਆਨੀ ਟੁੱਟ ਰਹੀ ਹੈ, ਉਸ ਨੇ ਪੰਜਾਬ ‘ਚ ਸਿੱਖੀ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਜਿਸ ਕਾਰਨ ਸਿੱਖੀ ਸੋਚ, ਬਾਣੀ ਤੇ ਬਾਣੇ ਦੀ ਰਾਖੀ ਸਭ ਤੋਂ ਜ਼ਰੂਰੀ ਹੋ ਗਈ ਹੈ। ਸਿੱਖੀ ਨੂੰ ਲੱਗੇ ਖੋਰ ਨਾਲ ਹੀ ਗੁੰਮਰਾਹ ਹੋਈ ਜੁਆਨੀ ਨੂੰ ਬਚਾਉਣ ਦੀ ਚਿੰਤਾ ਹਰ ਸੁਹਿਰਦ ਸਿੱਖ ਤੇ ਪੰਜਾਬੀ ਦੇ ਮੱਥੇ ਤੇ ਗੂੜੀ ਵਿਖਾਈ ਦੇ ਰਹੀ ਹੈ।
ਨਸ਼ਿਆਂ, ਵਿਹਲੜਪੁਣੇ ਤੇ ਲੱਚਰਤਾ ਦੇ ਦਰਿਆ ‘ਚ ਰੁੜਦੀ ਜੁਆਨੀ ਦੀ ਰਾਖੀ ਪੰਜਾਬ ਵਾਸੀਆਂ ਲਈ ਸਮੇਂ ਦੀ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਜੁਆਨੀ ਦੇ ਦਿਸ਼ਾਹੀਣ ਹੋਣ ਨਾਲ ਤੇ ਪਦਾਰਥਵਾਦ ਦੀ ਝੁੱਲਦੀ ਹਨੇਰੀ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਦੀ ਰਾਖੀ ਵੀ ਜ਼ਰੂਰੀ ਬਣਾ ਦਿੱਤੀ ਹੈ। ਨੈਤਿਕ ਕਦਰਾਂ ਕੀਮਤਾਂ ਦੇ ਘਾਣ ਨਾਲ, ਮਨੁੱਖ ਲਾਲਚ ਤੇ ਸੁਆਰਥ ‘ਚ ਅੰਨਾ ਹੋ ਗਿਆ ਹੈ, ਉਸ ਲਈ ਪੈਸਾ ਤੇ ਆਪਣਾ ਸੁਆਰਥ ਹੀ ਸਭ ਕੁਝ ਹੋ ਗਿਆ ਹੈ ਤੇ ਪੈਸੇ ਤੇ ਸੁਆਰਥ ਲਈ ਉਹ ਰਿਸ਼ਤੇ ਦਾ ਘਾਣ ਕਰਨ ਲਈ ਮਿੰਟ-ਸਕਿੰਟ ਨਹੀਂ ਲਾਉਂਦਾ। ਨੈਤਿਕ ਕਦਰਾਂ ਕੀਮਤਾਂ ‘ਚ ਆਈ ਗਿਰਾਵਟ ਸਾਡੇ ਤੋਂ ਆਪਣੇ ਸੱਭਿਆਚਾਰਕ ਤੇ ਪੁਰਾਤਨ ਵਿਰਸੇ ਦੀ ਰਾਖੀ ਨਾ ਕਰ ਸਕਣ ਕਾਰਨ ਆਈ ਹੈ। ਪੰਜਾਬੀ ਭਾਈਚਾਰਾ, ਪੰਜਾਬੀਆਂ ਦੇ ਵਿਰਾਸਤੀ ਗੁਣ ਗੁੰਮ ਹੋ ਜਾਣ ਸਦਕਾ, ਪੰਜਾਬੀ ਮੂਲ ਨੂੰ ਹੀ ਖ਼ਤਰਾ ਖੜਾ ਹੋ ਗਿਆ ਹੈ। ਇਹੋ ਕਾਰਨ ਹੈ ਕਿ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਗੱਭਰੂ, ਨਸ਼ਿਆਂ ਦੇ ਗੁਲਾਮ ਬਣਕੇ, ਸ਼ੇਰਾਂ ਦੀ ਨਸਲ ਹੁੰਦੇ ਹੋਏ ਵੀ ਗਿੱਦੜ ਬਣ ਗਏ ਹਨ। ਵਿਰਸੇ ਤੋਂ ਟੁੱਟੇ ਅਸੀਂ ਇੰਨੇ ਨਿਤਾਣੇ ਹੋ ਗਏ ਕਿ ‘ਕੁੱਖ’ ਦੀ ਰਾਖੀ ਤੋਂ ਵੀ ਅਸਮਰੱਥ ਹੋ ਗਏ, ਜਿਸ ਕੌਮ ਲਈ ਕੁੜੀ ਮਾਰ ਤੇ ਨੜੀ ਮਾਰ ਨਾਲ ਸਬੰਧ ਰੱਖਣੇ ਹੀ ਕੁਰਹਿਤ ‘ਚ ਸ਼ਾਮਲ ਸਨ, ਉਹ ਕੌਮ ਖ਼ੁਦ ਹੀ ਕੁੜੀਮਾਰਾਂ ਦੀ ਕੌਮ ਬਣਨ ਦੇ ਰਾਹ ਤੁਰ ਪਈ, ਇਹ ਗੱਲ ਵੱਖ ਹੈ ਕਿ ਹੁਣ ਧੀ ਦਾ ਕਤਲ, ਕੁੱਖਾਂ ‘ਚ ਹੀ ਹੋਣ ਲੱਗ ਪਿਆ। ਇਸੇ ਤਰਾਂ ਆਧੁਨਿਕ ਰੂਪ ਦੇ ‘ਨੜੀ ਮਾਰਾਂ’ ਦੀ ਵੀ ਗਿਣਤੀ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਗੁਰਬਾਣੀ ਨੇ ਜਿਸ ਪੌਣ ਨੂੰ ਗੁਰੂ ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਸੀ ਅਸੀਂ ਉਸ ਪੌਣ ਤੇ ਪਾਣੀ ਦੀ ਸ਼ੁਧਤਾ ਦੀ ਹੀ ਰਾਖੀ ਨਹੀਂ ਕਰ ਸਕੇ।
ਵਾਤਾਵਰਣ ਵੀ ਸਾਡੀ ਸੋਚ ਵਾਗੂੰ ਗੰਧਲਾ ਹੋ ਗਿਆ ਹੈ, ਪਾਣੀ ਉਸ ਤੋਂ ਵਧੇਰੇ ਦੂਸ਼ਿਤ ਹੋ ਗਿਆ। ਗਰੀਬ ਲੋਕ ਪ੍ਰਦੂਸ਼ਿਤ ਪੌਣ-ਪਾਣੀ ਕਾਰਨ ਕੀੜੇ ਮਕੌੜਿਆਂ ਵਾਗੂੰ ਮਰਨੇ ਸ਼ੁਰੂ ਹੋ ਚੁੱਕੇ ਹਨ, ਪ੍ਰੰਤੂ ਪੌਣ ਤੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਆਪਣੀਆਂ ਤਿਜੌਰੀਆਂ ਭਰਨ ‘ਚ ਲੱਗੇ ਹੋਏ ਹਨ। ਕੁੱਖ ਦੇ ਨਾਲ-ਨਾਲ ਅਸੀਂ ‘ਰੁੱਖ’ ਦੀ ਰਾਖੀ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਤ੍ਰਿਵੈਣੀਆਂ ਲਾਉਣ ਦਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ, ਪੁੰਨ ਦਾ ਕੰਮ, ਅਸੀਂ ਭੁੱਲ ਹੀ ਗਏ ਹਾਂ। ਦਰੱਖਤਾਂ ਦੀ ਮਹਾਨਤਾ, ਸਾਡੇ ਦਿਲ ਨੂੰ ਟੁੰਬਦੀ ਨਹੀਂ, ਸਾਨੂੰ ਇਹ ਗਿਆਨ ਹੀ ਨਹੀਂ ਕਿ ਦਰੱਖਤ, ਮਨੁੱਖਤਾ ਨੂੰ ਕਿੰਨੀ ਵੱਡੀ ਦੇਣ ਦਿੰਦੇ ਹਨ, ਇਸ ਲਈ ਆਪਣੇ ਸੁਆਰਥ ਵਾਸਤੇ ਦਰੱਖਤਾਂ ਦੀ ਅੰਨੇਧੁੰਦ ਕਟਾਈ ਜਾਰੀ ਹੈ ਤੇ ਸ਼ਾਇਦ ਜਦੋਂ ਤੱਕ ਤਬਾਹੀ ਸਾਡੇ ਬੂਹੇ ਤੇ ਆ ਕੇ ਦਸਤਕ ਨਹੀਂ ਦੇ ਦਿੰਦੀ, ਉਦੋਂ ਤੱਕ ਜਾਰੀ ਰਹੇਗੀ, ਧਰਮ ਤੋਂ ਲੈ ਕੇ ਰਾਜਨੀਤੀ, ਤੱਕ ਹਰ ਖੇਤਰ ‘ਚ ਸ਼ੁਰੂ ਹੋਈ ‘ਨਿਵਾਣ’ ਨੂੰ ਅਸੀਂ ਰੋਕ ਨਹੀਂ ਸਕੇ। ਅਧਿਕਾਰ ਦੀ ਰਾਖੀ ਤੇ ਫਰਜ਼ ਦੀ ਪੂਰਤੀ ਚੰਗੇ ਮਨੁੱਖ ਦੇ ਮੁੱਢਲੇ ਗੁਣਾਂ ਦੀ ਰਾਖੀ ਤੋਂ ਵੀ ਅਸੀਂ ਅਸਮਰੱਥ ਰਹੇ, ਜਿਸ ਕਾਰਨ ਅੱਜ ਹਰ ਪਾਸੇ ਆਪਾ-ਧਾਪੀ ਹੈ ਤੇ ਮਨੁੱਖਤਾ ਇਸ ਆਪਾ ਧਾਮੀ ‘ਚ ਕਿਧਰੇ ਗੁਆਚ ਗਈ ਹੈ, ਜਿਸਦੀ ਰਾਖੀ ਵੀ ਅਸੀਂ ਨਹੀਂ ਕਰ ਸਕੇ। ਅਸਲ ‘ਚ ਪਦਾਰਥਵਾਦ ਦੀ ਦੌੜ ‘ਚ ਅੰਨਾ ਹੋਇਆ ਮਨੁੱਖ ਜੀਵਨ ਦਾ ਮਨੋਰਥ ਤੇ ਜੀਵਨ ਦਾ ਮੁੱਲ ਦੋਵੇਂ ਹੀ ਭੁੱਲ ਗਿਆ ਹੈ, ਜਿਸ ਕਾਰਨ ਜੀਵਨ ਸੇਧ ਗੁੰਮ ਹੋ ਗਈ ਹੈ।
ਇਨਸਾਫ਼, ਸੱਚ, ਸੰਤੋਖ, ਪਿਆਰ, ਸਤਿਕਾਰ, ਨਿਮਰਤਾ, ਸਾਦਗੀ ਤੇ ਖ਼ਿਮਾ ਕਰਨ ਵਰਗੇ ਸਦਾਚਾਰਕ ਗੁਣਾਂ ਦੀ ਹੳੂਮੈ, ਈਰਖਾ, ਲੋਭ, ਲਾਲਚ ਤੇ ਝੂਠ ਤੋਂ ਰਾਖੀ ਨਹੀਂ ਕੀਤੀ ਜਾ ਸਕੀ, ਜਿਸ ਕਾਰਨ ਇਹ ਸਾਡੇ ਮਾਨਵਤਾਵਾਦੀ ਗੁਣ ਹੜੱਪੇ ਗਏ ਹਨ। ਅੱਜ ਸਾਡੇ ਲਈ ਸੋਚਣ ਦਾ ਸਮਾਂ ਹੈ ਕਿ ਜਿਸ ਖੇਤ ਨੂੰ ਵਾੜ ਖਾਣ ਲੱਗ ਪਏ, ਉਹ ਆਖ਼ਰ ਕਿੰਨਾ ਸਮਾਂ ਕੱਟ ਸਕੇਗਾ, ਇਸ ਲਈ ਜੇ ਅਸੀਂ ਆਪਣੇ ਭਵਿੱਖ ਦੀ ਅਤੇ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਜੀਵਨ ਦੀ ਰਾਖੀ ਕਰਨਾ ਚਾਹੁੰਦੇ ਹਾਂ ਤਾਂ ਅੱਜ ਤੋਂ ਹੀ ‘ਪਹਿਰੇਦਾਰ’ ਬਣਨਾ ਹੋਵੇਗਾ। ਮੈਨੂੰ ਕੀ? ਦੀ ਸੋਚ ਦਾ ਤਿਆਗ ਕਰਕੇ ਆਪਣੇ ਦੇਸ਼, ਕੌਮ ਤੇ ਧਰਮ ਦੀ ਰਾਖੀ ਲਈ ਡੱਟ ਕੇ ਪਹਿਰਾ ਦੇਣਾ ਹੋਵੇਗਾ। ਗੁਰਬਾਣੀ ‘ਚੋਂ ਜੀਵਨ ਸੇਧ ਨੂੰ ਪ੍ਰਾਪਤ ਕਰਕੇ, ਉਸ ਸੇਧ ਦਾ ਚਾਨਣਾ ਵੰਡਣਾ ਹੋਵੇਗਾ, ਜਦੋਂ ਤੱਕ ਅਸੀਂ ਆਪਣੇ ਨਿੱਜ ਦੀ ਸੋਚ ਤੋਂ ਨਿਕਲ ਕੇ ਮਾਨਵਤਾ ਵਾਦੀ ਸੋਚ ਨੂੰ ਨਹੀਂ ਅਪਣਾਉਂਦੇ, ਸਮੇਂ ਦੀ ਭਿਆਨਕਤਾ ‘ਚ ਵਾਧਾ ਹੁੰਦਾ ਰਹੇਗਾ। ਮਨੁੱਖਾ ਜੀਵਨ, ਸਾਰੀਆਂ ਜੂਨਾਂ ਦਾ ‘ਸਿਰਦਾਰ’ ਹੈ, ਇਸ ਲਈ ਇਹ ਬੇਅਰਥ ਗੁਆਉਣ ਵਾਲਾ ਨਹੀਂ ਹੈ।