ਪੰਜਾਬ ਤੇਰਾ ਕੋਈ ਨਹੀਂ ਬੇਲੀ…

ਜਸਪਾਲ ਸਿੰਘ ਹੇਰਾਂ
“ਪੰਜਾਬ ਤੇਰਾ ਕੋਈ ਨਹੀਂ ਬੇਲੀ” ਜਿਸ ਵੀ ਪੰਜਾਬ ਦਰਦੀ ਨੇ ਪੰਜਾਬ ਨਾਲ ਵਾਪਰਦੇ ਸੰਤਾਪ ਨੂੰ ਆਪਣੇ ਹੱਡੀ ਹੰਢਾ ਕਿ ਦਿਲ ਦੀ ਹੂਕ ਵੱਜੋਂ ਇਹ ਕਿਹਾ ਹੋਵੇਗਾ, ਉਸ ਨੇ ਪੰਜਾਬ ਦੇ ਭੂਤ, ਵਰਤਮਾਨ ਤੇ ਭੱਵਿਖ ਬਾਰੇ ਇਸ ਸਦੀਵੀ ਸੱਚ ਨੂੰ ਨਿਚੋੜ ਵਜੋਂ ਕੱਢਿਆ ਹੋਵੇਗਾ । “ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮ” ਵਾਲੀ ਕਹਾਵਤ ਵੀ ਪੰਜਾਬ ਵੱਲੋਂ ਹੰਢਾਏ ਜਾਂਦੇ ਸੰਤਾਪ ਦੇ ਕਾਰਣ ਹੀ ਹੋਂਦ ਵਿੱਚ ਆਈ ਹੈ।
ਖੈਰ! ਪਿਛਲੇ 10 ਸਾਲ ਪੰਜਾਬ ਦੇ ਲੋਕ ਬਾਦਲਾਂ ਦੇ ਰਾਜ ਨੂੰ ਪੰਜਾਬ ਲਈ ਸੰਤਾਪ ਮੰਨਦੇ ਰਹੇ, ਕਿਉਂਕਿ ਉਸ ਰਾਜ ‘ਚ ਲੁੱਟ, ਕੁੱਟ, ਖਸੁੱਟ ਵਿਤਕਰਾ, ਬੇਇਨਸਾਫ਼ੀ, ਧੱਕੇਸ਼ਾਹੀ ਤੇ ਸੱਤਾ ਦੀ ਹੈਂਕੜ ਤੋਂ ਬਿਨਾਂ ਹੋਰ ਕੁੱਝ ਨਹੀਂ ਸੀ। ਲੁੱਟ ਤੇ ਕੁੱਟ ਦੀ ਕੋਈ ਹੱਦ ਹੁੰਦੀ ਹੈ, ਪ੍ਰੰਤੂ ਇਸ ਰਾਜ ਨੇ ਹਰ ਹੱਦ ਨੂੰ ਪਾਰ ਕੀਤਾ ਸੀ ਜਿਸ ਕਾਰਣ ਸਮੁੱਚੇ ਪੰਜਾਬੀ ਤ੍ਰਾਹ- ਤ੍ਰਾਹ ਕਰਨ ਲੱਗ ਪਏ ਸਨ। ਜਿਵੇਂ ਹੀ ਉਨਾਂ ਨੂੰ ਆਪਣੀ ਵੋਟ-ਪਰਚੀ ਨਾਲ ਬਦਲਾ ਲੈਣ ਦਾ ਮੌਕਾ ਮਿਲਿਆ, ਉਹਨਾਂ ਨੇ ਬਾਦਲਾਂ ਨੂੰ ਰਾਜਭਾਗ ਤੋਂ ਪਟਖਣੀ ਦੇ ਕੇ ਆਪਣਾ ਗੁੱਸਾ ਕੱਢ ਲਿਆ। ਵੋਟਾਂ ਦੇ ਦਿਨਾਂ ‘ਚ ਕਾਗਰਸ ਦੇ ਪ੍ਰਧਾਨ ਅਤੇ ਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਅਸਮਾਨ ਤੋਂ ਤਾਰੇ ਤੋੜ ਲਿਆਉਣ ਵਾਲੇ ਸਬਜ਼ ਬਾਗ ਵਿਖਾਏ। ਜਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਵੱਡਾ ਵਾਅਦਾ ਸੀ। ਹਾਲਾਂਕਿ ਪੌਣੇ ਦੋ ਲੱਖ ਕਰੋੜ ਦਾ ਕਰਜ਼ਾਈ ਪੰਜਾਬ, ਆਪਣੇ ਕਿਸਾਨਾਂ ਦਾ ਕਰਜ਼ਾ ਕਿਵੇਂ ਮਾਫ਼ ਕਰੇਗਾ, ਇਹ ਸੁਆਲ ਹਰ ਬੁੱਧੀਮਾਨ ਨੂੰ ਪ੍ਰੇਸ਼ਾਨ ਕਰਦਾ ਸੀ, ਪ੍ਰੰਤੂ ਕੈਪਟਨ ਜੋ ਕਹਿੰਦਾ ਹੈ ਕਰਦਾ ਹੈ .. ਵਾਲੇ ਅਕਸ ਕਾਰਣ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਖਾਏ ਝੂਠੇ ਸੁਫ਼ਨਿਆਂ ਤੇ ਵੀ ਯਕੀਨ ਕਰ ਲਿਆ। ਕਰਜ਼ੇ ਦੀ ਮਾਰ ‘ਚ ਆਏ ਪੰਜਾਬ ਦੇ ਅਤੇ ਖਾਸ ਕਰਕੇ ਮਾਲਵਾ ਖਿੱਤੇ ਦੇ ਕਿਸਾਨ ਨਿੱਤ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਕਰ ਰਹੇ ਸਨ।
ਕੈਪਟਨ ਨੇ ਉਹਨਾਂ ਨੂੰ ਇੱਕ ਮਹੀਨਾ ਰੁੱਕਣ ਤੇ ਉਡੀਕ ਕਰਨ ਦਾ ਬਿਆਨ ਦੇ ਕੇ ਦਿਲਾਸਾ ਦਿੱਤਾ। ਕਰਜ਼ੇ ਦੇ ਮਾਰੇ ਕਿਸਾਨਾਂ ਨੂੰ ਥੋੜੀ ਢਾਰਸ ਬੱਝੀ। ਉਹਨਾਂ ਨੂੰ ਲੱਗਿਆ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਸਾਰ, ਜਾਦੂਗਰ ਵਾਲਾ ਝੁਰਲੂ ਫਿਰੂਗਾ ਤੇ ਕਰਜ਼ੇ ਦੇ ਮਾਰੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਮਿਲ ਜਾਵੇਗੀ। ਪ੍ਰੰਤੂ ਸਿਆਸੀ ਆਗੂ ਦੇ ਚੋਣਾਂ ਮੌਕੇ ਤਾਰੇ ਤੋੜ ਕੇ ਲਿਆਉਣ ਵਾਲੇ ਵਾਅਦੇ ਚੋਣਾਂ ਮੁਕਦਿਆ ਛੂ-ਮੰਤਰ ਹੋ ਜਾਂਦੇ ਹਨ, ਇਸ ਸੱਚ ਨੂੰ ਝੂਠੀ ਆਸ ਬੰਨਣ ਵਾਲੇ ਕਰਜ਼ਾ ਮਾਰੇ ਕਿਸਾਨਾਂ ਨੇ ਸ਼ਾਇਦ ਸੋਚਿਆ ਨਹੀਂ ਸੀ । ਸਰਕਾਰ ਆਈ, ਕਰਜ਼ਾ ਮਾਫ਼ੀ ਦੇ ਐਲਾਨ ਦੀ ਥਾਂ ਕਮੇਟੀ ਗਠਨ ਕਰਨ ਦਾ ਐਲਾਨ ਹੋ ਗਿਆ। ਝੂਠੀ ਆਸ ਦੇ ਸਹਾਰੇ ਆਪਣੇ ਜੀਵਨ ਦੀ ਡੋਰ ਨੂੰ ਲੰਬੀ ਖਿੱਚਣ ਵਾਲਿਆਂ ਦਾ ਹੌਂਸਲਾ ਡੋਲ ਗਿਆ, ਭਰੋਸਾ ਟੁੱਟ ਗਿਆ ਤੇ ਉਹਨਾਂ ਨੂੰ ਮੌਤ ਹੀ ਇਕੋ ਇੱਕ ਹੱਲ ਦਿਖਾਈ ਦੇਣ ਲੱਗ ਪਿਆ। ਸਿੱਖੀ ਖ਼ੁਦਕੁਸ਼ੀਆਂ ਨੂੰ ਮਹਾਂਪਾਪ ਮੰਨਦੀ ਹੈ ਅਤੇ ਅਸੀਂ ਖੁਦ ਖ਼ੁਦਕੁਸ਼ੀ ਨੂੰ ਸਭ ਤੋਂ ਵੱਡੀ ਕਾਇਰਤਾ ਮੰਨਦੇ ਹਾਂ। ਪ੍ਰੰਤੂ ਕੈਪਟਨ ਸਾਬ ਨੂੰ ਪੰਜਾਬ ਦੀ ਹਕੀਕਤ ਤੋਂ ਹਮੇਸ਼ਾਂ ਜਾਣੂ ਰਹਿਣਾ ਚਾਹੀਦਾ ਹੈ। ਜਿਨਾਂ ਕਰਜ਼ੇ ਮਾਰੇ ਕਿਸਾਨਾਂ ਨੂੰ ਢਾਰਸ ਬੰਨਾਈ ਸੀ, ਉਨਾਂ ਨੂੰ ਭੁੱਲ ਨਹੀਂ ਜਾਣਾ ਚਾਹੀਦਾ। ਬਾਦਲ ਦੇ ਰਾਜ ਵਿੱਚ ਤਾਂ ਕਿਸਾਨ ਖੁਦਕੁਸ਼ੀਆਂ ਕਰਦੇ ਸਨ ਪ੍ਰੰਤੂ ਕੈਪਟਨ ਦੇ ਰਾਜ ਵਿੱਚ ਤਾਂ ਉਨਾਂ ਦੇ ਮ੍ਰਿਤਕ ਸਰੀਰ ਵੀ ਰੁਲਣ ਲੱਗ ਪਏ ਹਨ। ਬਠਿੰਡਾ ਜਿਲੇ ‘ਚ ਮ੍ਰਿਤਕ ਕਿਸਾਨ ਦਾ ਮ੍ਰਿਤਕ ਸਰੀਰ 10 ਦਿਨਾਂ ਤੋਂ ਅੰਤਿਮ ਸੰਸਕਾਰ ਦੀ ਉਡੀਕ ਰਿਹਾ ਹੈ। ਪ੍ਰੰਤੂ  ਕੈਪਟਨ ਸਰਕਾਰ ਦਾ ਕੋਈ ਵੀ ਉੱਚ ਅਧਿਕਾਰੀ  ਕਿਸਾਨਾਂ ਦੀਆਂ ਮੰਗਾਂ ਸੁਣਨ ਲਈ ਸਮਾਂ ਨਹੀਂ ਕੱਢ ਸਕਿਆ।
ਵਾਅਦਾ ਕਰਨਾ ਤੇ ਵਾਅਦਾ ਪੂਰਾ ਕਰਨ ‘ਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਪ੍ਰੰਤੂ ਪੰਜਾਬ ਦੇ ਲੋਕਾਂ ਦਾ ਕੈਪਟਨ ਤੇ ਵਿਸ਼ਵਾਸ ਸੀ ਕਿ ਉਹ ਵਾਅਦਾ ਪੂਰਾ ਕਰਨਾ ਜਾਣਦਾ ਹੈ। ਇਹ ਭਰੋਸਾ ਸਿਰਫ 56 ਦਿਨਾਂ ਵਿੱਚ ਹੀ ਟੁੱਟ ਗਿਆ ਜਦੋਂ 56 ਦਿਨਾਂ ‘ਚ 40 ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰ ਗਏ। ਪੰਜਾਬ ਵਿੱਚ ਰਾਜ ਬਦਲਣ ਨਾਲ ਕਿਸੇ ਸਥਿਤੀ ‘ਚ ਕੋਈ ਬਦਲਾਅ ਨਾ ਹੋਣ ਨੇ ਪੰਜਾਬੀਆਂ ਦੀਆਂ ਉਮੀਦਾਂ ਤੋੜ ਦਿੱਤੀਆਂ ਹਨ। ਇਸ ਲਈ ਉਨਾਂ ਨੂੰ ਵਾਰ- ਵਾਰ ਚੇਤੇ ਆ ਰਿਹਾ ਹੈ ਕਿ “ਪੰਜਾਬ ਤੇਰਾ ਕੋਈ ਨੀ ਬੇਲੀ” ਅਸੀਂ ਸਮਝਦੇ ਹਾਂ ਕਿ ਇਹ ਸਥਿਤੀ ਕਿਸੇ ਸਮੇਂ ਵੀ ਭਿਆਨਕ ਰੂਪ ਧਾਰਣ ਕਰ ਸਕਦੀ ਹੈ। ਜਦੋਂ ਲੋਕਾਂ ਦੀਆਂ ਸਰਕਾਰ ਤੋਂ ਉਮੀਦਾਂ ਤੜਕ ਕਰਕੇ ਟੁੱਟਦੀਆਂ ਹਨ ਤਾਂ ਕੋਈ ਵੀ ਰੂਪ ਅਖਤਿਆਰ ਕਰ ਸਕਦੀਆਂ ਹਨ। ਇਸ ਹਕੀਕਤ ਨੂੰ ਕੈਪਟਨ ਅਮਰਿੰਦਰ ਸਿੰਘ ਜਿੰਨਾ ਜਲਦੀ ਸਮਝ ਲੈਣ, ਓਨਾ ਹੀ ਉਹਨਾਂ ਲਈ ਅਤੇ ਪੰਜਾਬ ਲਈ ਚੰਗਾ ਹੋਵੇਗਾ।