ਪੰਜਾਬ ‘ਚ ਕੀ ਬਦਲਿਆ…?

-ਜਸਪਾਲ ਸਿੰਘ ਹੇਰਾਂ
ਪੰਜਾਬ ‘ਚ ਰਾਜ ਭਾਗ ਬਦਲਿਆ ਹੈ। ਪ੍ਰੰਤੂ ਜਾਪਦਾ ਹੈ ਕਿ ਸਿਰਫ਼ ਹਾਕਮ ਬਦਲੇ ਹਨ, ਬਾਕੀ ਸਾਰਾ ਕੁਝ ਉਵੇਂ ਦਾ ਉਵੇਂ ਹੀ ਹੈ। ਬਾਦਲਾਂ ਦੇ ਰਾਜ ‘ਚ ਸਿਖਰਾਂ ਤੇ ਪੁੱਜੀ ਗੁੰਡਾਗਰਦੀ ਤੇ ਗੁੰਡਾ ਗਿਰੋਹਾਂ ਦੀ ਦਹਿਸ਼ਤ ਵੀ ਉਵੇਂ ਹੀ ਬਰਕਰਾਰ ਹੈ। ਬੀਤੇ ਦੋ ਤਿੰਨ ਦਿਨਾਂ ‘ਚ ਵਾਪਰੀਆਂ ਹਿੰਸਕ ਘਟਨਾਵਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਚਿੰਤਾ ਦੀਆਂ ਲਕੀਰਾਂ ਗੂੜੀਆਂ ਕਰ ਦਿੱਤੀਆ ਹਨ। ਲੋਕਤੰਤਰ ਦੇ ਚੌਥੇ ਥੰਮ ਦੀ ਜਿਹੜੀ ਭੁਗਤ ਕਾਂਗਰਸੀਆਂ ਨੇ ਸਵਾਰੀ ਹੈ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਰਾਜ ਸੱਤਾ ਦਾ ਹੰਕਾਰ ਜ਼ੁਲਮ ਅਤੇ ਤਸ਼ੱਦਦ ਦਾ ਜਨਮਦਾਤਾ ਹੈ, ਜਿਹੜਾ ਕਿ ਕਾਂਗਰਸੀ ਆਗੂਆਂ ਚ ਪੈਦਾ ਹੋ ਗਿਆ ਹੈ। ਗਿੱਦੜਬਾਹਾ ਦੇ ਹੀ ਇਕ ਪੀੜਤ ਦੁਕਾਨਦਾਰ ਵਲੋਂ ਆਪਣੇ ਆਪ ਨੂੰ ਕਾਂਗਰਸੀ ਧੱਕੇ ਕਾਰਨ ਅੱਗ ਲਾ ਲੈਣਾ ਇਸ ਤੱਥ ਦੀ ਪੁਸ਼ਟੀ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਪ੍ਰਾਸ਼ਸ਼ਕ ਮੰਨਿਆ ਜਾਂਦਾ ਹੈ। ਪ੍ਰੰਤੂ ਪ੍ਰਸ਼ਾਸ਼ਨ ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪਕੜ ਹਾਲੇ ਤੱਕ ਕਿਧਰੇ ਵੀ ਮਜ਼ਬੂਤ ਵਿਖਾਈ ਨਹੀਂ ਦੇ ਰਹੀ। ਇਹ ਠੀਕ ਹੈ ਕਿ ਲਗਾਤਾਰ ਦਸ ਸਾਲ ਜਿਸ ਤਰਾਂ ਲੁੱਟ ਅਤੇ ਕੁੱਟ ਦਾ ਦੌਰ ਚੱਲਿਆ ਉਸ ਦਾ ਪਰਛਾਵਾਂ ਏਨੀ ਛੇਤੀ ਦੂਰ ਨਹੀਂ ਕੀਤਾ ਜਾ ਸਕਦਾ। ਪ੍ਰੰਤੂ ਹੈਰਾਨੀ ਤਾਂ ਇਹ ਹੈ ਕਿ ਕੈਪਟਨ ਦਾ ਸਖ਼ਤ ਹਾਕਮ ਵਾਲਾ ਅਕਸ ਇਸ ਵਾਰ ਕੋਈ ਜਾਦੂ ਵਿਖਾਉਣ ਤੋਂ ਬੁਰੀ ਤਰਾਂ ਫੇਲ ਹੋ ਗਿਆ ਹੈ। ਮੁੱਢਲਾ ਪ੍ਰਭਾਵ ਆਉਣ ਵਾਲੇ ਸਮੇਂ ਵਿਚ ਚੰਗੇ ਜਾਂ ਮਾੜੇ ਨਤੀਜੇ ਦੇਣ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੁੰੰਦਾ ਹੈ। ਇਸ ਲਈ ਜੇ ਕਾਂਗਰਸ ਸਰਕਾਰ ਦਾ ਪਹਿਲਾ ਮਹੀਨਾ ਜਿਵੇਂ ਕੋਈ ਮੁੱਢਲੀ ਤਬਦੀਲੀ ਵਿਖਾਉਣ ‘ਚ ਅਸਫ਼ਲ ਰਿਹਾ ਹੈ। ਭਵਿੱਖ ਵਿਚ ਇਸ ਅਕਸ ਨੂੰ ਤੋੜਨਾ ਖਾਸਾ ਔਖਾ ਰਹੇਗਾ।
ਪੰਜਾਬ ‘ਚ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਸਨਅਤਾਂ ਦਾ ਖ਼ਾਤਮਾ ਅਤੇ ਨਸ਼ੇ ਜਿੱਥੇ ਸਭ ਤੋਂ ਗੰਭੀਰ ਤੇ ਚਿੰਤਤ ਕਰਨ ਵਾਲੀਆਂ ਮੁੱਖ ਸਮੱਸਿਆਵਾਂ ਹਨ, ਉਥੇ ਪੰਜਾਬ ‘ਚ ਨੌਜਵਾਨ ਵਰਗ ਦੇ ਨਸ਼ੇੜੀ ਬਣਨ ਦੇ ਨਾਲ-ਨਾਲ ਉਸ ‘ਚ ਵੱਧਦੀ ਹਿੰਸਕ ਪ੍ਰਵਿਰਤੀ ਸਭ ਤੋਂ ਵਧੇਰੇ ਚਿੰਤਾ ਦਾ ਵਿਸ਼ਾ ਹੈ।
ਪੰਜਾਬ ‘ਚ ਇਸ ਸਮੇਂ ਨੌਜਵਾਨ ਵਰਗ ਜਿੱਥੇ ਨਸ਼ੇੜੀ ਬਣਦਾ ਜਾ ਰਿਹਾ ਹੈ, ਉੱਥੇ ਉਹ ਹਿੰਸਕ ਵੀ ਹੁੰਦਾ ਜਾ ਰਿਹਾ ਹੈ। ਹਰ ਸ਼ਹਿਰ-ਕਸਬੇ ਤੇ ਇੱਥੋਂ ਤੱਕ ਪਿੰਡਾਂ ‘ਚ ਵਿਹਲੜ, ਨਸ਼ੇੜੀ ਮੁੰਡਿਆਂ ਦੇ ਗੈਂਗ ਬਣ ਚੁੱਕੇ ਹਨ, ਜਿਹੜੇ ਬੰਬਈਆਂ ਫਿਲਮਾਂ ਵਾਗੂੰ ਆਪੋ ਆਪਣੇ ਇਲਾਕਿਆਂ ਦੇ ‘ਡਾਨ’ ਬਣਕੇ, ਆਪਣੇ ਗਿਰੋਹ ਬਣਾ ਕੇ ਗੁੰਡਾਗਰਦੀ ਦੇ ਸਹਾਰੇ ਦਹਿਸ਼ਤ ਪੈਦਾ ਕਰਕੇ ਰੱਖਦੇ ਹਨ। ਸਕੂਲਾਂ-ਕਾਲਜਾਂ ‘ਚ ਵੀ ਅਜਿਹੇ, ਗਿਰੋਹ ਪੈਦਾ ਹੋ ਚੁੱਕੇ ਹਨ, ਜਿਸ ਨਾਲ ਵਿਦਿਅਕ ਮਾਹੌਲ ਵਿਗੜ ਚੁੱਕਾ ਹੈ। ਨਵੀਂ ਪੀੜੀ ਜਿਹੜੀ ਅਯਾਸ਼ੀ ਦੀ ਸ਼ੌਕੀਨ ਅਤੇ ਮਿਹਨਤ ਤੋਂ ਕੋਹਾਂ ਦੂਰ ਹੈ, ਉਹ ਇਹਨਾਂ ‘ਗਿਰੋਹਾਂ’ ਦੀ ‘ਉੱਚੀ ਹਵਾ’ ਵੇਖ ਕੇ, ਇਹਨਾਂ ਵੱਲ ਖਿੱਚੀ ਜਾਂਦੀ ਹੈ, ਜਿਸ ਕਾਰਣ ਅਜਿਹੇ ‘ਗੁੰਡਾ ਗਿਰੋਹਾਂ’ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਦੀ ਵਰਤਮਾਨ ਜੁਆਨੀ ਦੀ ਤ੍ਰਾਸਦੀ ਇਹ ਹੈ ਕਿ ਅਮੀਰ ਦੁਨੀਆਂ ਦਾ ਲਿਸ਼ਕੋਰਾ ਜਿਹੜਾ ਵੱਡੇ ਸ਼ਹਿਰਾਂ ਅਤੇ ਟੀ. ਵੀ. ਤੇ ਬੇਹੱਦ ਰੰਗੀਨ ਵਿਖਾਈ ਦਿੰਦਾ ਹੈ, ਉਹ ਨਵੀਂ ਪੀੜੀ ਨੂੰ ਖਿੱਚ ਪਾਉਂਦਾ ਹੈ ਅਤੇ ਉਸ ਸ਼ਾਨ ਵਾਲੇ ਜੀਵਨ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਨਸ਼ਿਆਂ ਦਾ ਵਪਾਰ, ਮਾਫ਼ੀਏ ਗਿਰੋਹਾਂ ‘ਚ ਸ਼ਾਮਲ ਹੋ ਕੇ ਲੁੱਟ-ਖੋਹਾਂ, ਡਕੈਤੀਆਂ, ਕਬਜ਼ੇ, ਕਤਲੋਗਾਰਤ ਆਦਿ ਹਿੰਸਕ ਕਾਰਵਾਈਆਂ ਨਵੀਂ-ਪੀੜੀ ‘ਚ ਵੱਧ ਰਹੀਆਂ ਹਨ। ਵਰਤਮਾਨ ਪੀੜੀ ਦੇ ਹਤਾਸ਼, ਨਿਰਾਸ਼ ਤੇ ਮਾਨਸਿਕ ਰੋਗੀ ਹੋ ਕੇ ਨਸ਼ੇੜੀ ਤੇ ਹਿੰਸਕ ਟੋਲਿਆਂ ਦੇ ਮੈਂਬਰ ਬਣਨ ਪਿੱਛੇ ਜਿੱਥੇ ਸਾਡਾ ਰਾਜਸੀ ਢਾਂਚਾ, ਜਿਹੜਾ ਖ਼ੁਦ ਬੁਰਛਾਗਰਦੀ ਦੀ ਨੀਂਹ ਤੇ ਖੜਾ ਹੈ, ਇਹੀ ਜੁੰਮੇਵਾਰ ਹੈ, ਉੱਥੇ ਸਾਡੀ ਚਰਮਰਾ ਚੁੱਕੀ ਆਰਥਿਕਤਾ ਅਤੇ ਸਮਾਜਿਕ ਭਾਈਚਾਰੇ ‘ਚ ਆਇਆ ਵਿਗਾੜ ਵੀ ਜੁੰਮੇਵਾਰ ਹਨ।
1985 ਤੋਂ 1997 ਤੱਕ ਦਾ ਸਮਾਂ ਪੰਜਾਬ ‘ਚ ਖੌਫ਼ ਦਾ ਸਮਾਂ ਰਿਹਾ ਹੈ, ਜਦੋਂ ਹਰ ਪੰਜਾਬੀ ਮੌਤ ਦੇ ਪ੍ਰਛਾਵੇ ਨੂੰ ਆਪਣੇ ਤੇ ਮੁੰਡਰਾਉਂਦਾ ਮਹਿਸੂਸਦਾ ਰਿਹਾ ਹੈ, ਇਸ ਲਈ ਉਸ ਸਮੇਂ ਦੀ ਪੈਦਾਇਸ਼ ਦੀ ਮਾਨਸਿਕਤਾ ਸਰਾਪੀ ਹੋਈ ਹੈ ਅਤੇ ਉਸਦਾ ਪ੍ਰਭਾਵ ਵੀ ਅੱਜ ਜੁਆਨੀ ਦੀਆਂ ਦਹਿਲੀਜ਼ਾਂ ਤੇ ਖੜੀ ਉਸ ਸਮੇਂ ਦੀ ਪਨੀਰੀ ਤੇ ਵਿਖਾਈ ਦਿੰਦਾ ਹੈ। ਜੁਆਨੀ ਨੂੰ ਕੁਰਾਹੇ ਪਾਈ ਰੱਖਣ ਦੀ ਸੋਚ, ਸੱਤਾਧਾਰੀ ਸਰਮਾਏਦਾਰ ਧਿਰ ਦੀ ਹਮੇਸ਼ਾ ਰਹੀ ਹੈ, ਕਿਉਂਕਿ ਸਹੀ ਸੋਚ ਵਾਲੀ ਜੁਆਨੀ ਗਲਤ ਬੰਦਿਆਂ ਦੀ ਅਗਵਾਈ ਕਦੇ ਵੀ ਕਬੂਲ ਨਹੀਂ ਕਰਦੀ ਅਤੇ ਝੱਟ ਸਾਹਮਣੇ ਡਟ ਜਾਂਦੀ ਹੈ।
ਪੰਜਾਬੀਆਂ ਦੀ ਅਣਖ, ਬਹਾਦਰੀ ਤੇ ਜੰਗਜੂ ਪ੍ਰਵਿਰਤੀ ਨੂੰ ਸਮੇਂ ਦੇ ਸ਼ੈਤਾਨ ਹਾਕਮ ਵੀ ਚੰਗੀ ਤਰਾਂ ਜਾਣਦੇ ਹਨ, ਇਸ ਲਈ ਉਹਨਾਂ ਨੇ ਨਵੀਂ ਪੀੜੀ ਨੂੰ ਗੁੰਮਰਾਹ ਕਰਕੇ ਇਸ ਰਾਸਤੇ ਤੋਰ ਲਿਆ ਹੈ ਜੇ ਸੱਤਾਧਾਰੀ ਜਾਂ ਪ੍ਰਭਾਵਸ਼ਾਲੀ ਲੋਕਾਂ ਦਾ ਥਾਪੜਾ ਨਾ ਹੋਵੇ ਤਾਂ ਹਰ ਸ਼ਹਿਰ, ਕਸਬੇ ਤੇ ਪਿੰਡਾਂ ‘ਚ ਧੜੱਲੇ ਨਾਲ ਹੁੰਦੀਆਂ ‘ਗੈਂਗਵਾਰਾਂ’ ਅਤੇ ਅਜਿਹੇ ਗਿਰੋਹਾਂ ਦੀ ਗੁੰਡਾਗਰਦੀ ਖੁੱਲਮ-ਖੁੱਲਾ ਕਿਵੇਂ ਹੋ ਸਕਦੀ ਹੈ?
ਸਰਕਾਰ ਦੇ ਥਾਣਿਆਂ ਵਾਗੂੰ ਇਨਾਂ ਗੁੰਡਾ ਗਿਰੋਹਾਂ ਨੇ ਆਪੋ ਆਪਣੀਆਂ ‘ਜ਼ੈਲਾਂ’ ਦੀ ਨਿਸ਼ਾਨਦੇਹੀ ਕਰ ਰੱਖੀ ਹੈ ਅਤੇ ਆਪਣੀ ਗੁੰਡਾ ਹਕੂਮਤ ਚਲਾ ਰਹੇ ਹਨ। ਚੋਣਾਂ ਚ ਇਨਾਂ ਗਿਰੋਹਾਂ ਦੀ ਮਦਦ ਤੋਂ ਇਲਾਵਾ ਚੋਣਾਂ ਜਿੱਤਣ ਤੋਂ ਬਾਅਦ, ਇਨਾਂ ਗੁੰਡਾ ਗਿਰੋਹਾਂ ਰਾਹੀਂ ਦੋ ਨੰਬਰੀ ਦੀ ਕਮਾਈ ਇਕੱਠੀ ਕਰਨ ਦਾ ਧੰਦਾ ਅੱਜ ਬਹੁਗਿਣਤੀ ਸਿਆਸੀ ਆਗੂ ਕਰਨ ਲੱਗ ਪਏ ਹਨ। ਹੋਰ ਤਾਂ ਹੋਰ ਕਈ ਪੁਲਿਸ ਅਧਿਕਾਰੀਆਂ ਨੇ ਵੀ ਅਜਿਹੇ ਗੁੰਡੇ ਗਿਰੋਹ ਪਾਲੇ ਹੋਏ ਹਨ। ਖੁੱਲੀਆਂ ਜੀਪਾਂ, ਮੋਟਰ ਸਾਈਕਲਾਂ ਤੇ ਹਥਿਆਰ ਬੰਦ ਹੋ ਕੇ ਹੂ-ਹੂ ਕਰਦੇ ਫਿਰਦੇ ਇਨਾਂ ਵਿਗੜੈਲ ਮੁੰਡਿਆਂ ਦੀ ਦੇਖਾ-ਦੇਖੀ ਇਨਾਂ ਵਰਗੇ ਹੋਰ ਤੇਜ਼ੀ ਨਾਲ ਪੈਦਾ ਹੋ ਰਹੇ ਹਨ, ਇਸ ਲਈ ਆਏ ਦਿਨ ਅਜਿਹੇ ਗਿਰੋਹਾਂ ਦੀਆਂ ਹਿੰਸਕ ਗਤੀਵਿਧੀਆਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਇਹ ਠੀਕ ਹੈ, ਬੇਚੈਨ ਸੂਬੇ ਦੀ ਜੁਆਨੀ ਵੀ ਬੇਚੈਨ ਹੋਵੇਗੀ, ਪ੍ਰੰਤੂ ਇਸ ਬੇਚੈਨੀ ਤੋਂ ਅਸੀਂ ਬੇਖ਼ਬਰ ਰਹਿ ਕੇ, ਆਪਣੀ ਨੀਵੀਂ ਪੀੜੀ ਨੂੰ ਜਿਹੜੀ ਬਰਬਾਦੀ ਦੇ ਰਾਹ ਤੁਰੀ ਹੋਈ ਹੈ, ਉਸ ਨੂੰ ਬਚਾਉਣ ਦੀ ਥਾਂ ਕਾਲ਼ੀ ਖੱਡ ‘ਚ ਧੱਕਾ ਦੇ ਰਹੇ ਹਾਂ। ਇਸ ਸਮੇਂ ਮਾਪੇ ਜਿਨਾਂ ਦੀ ਆਪਣੀ ਸੰਤਾਨ ਨੂੰ ਸਹੀ ਰਾਹ ਤੋਰਨ ਦੀ ਸਭ ਤੋਂ ਪਹਿਲੀ ਜੁੰਮੇਵਾਰੀ ਹੁੰਦੀ ਹੈ, ਉਹ ਬੇਖ਼ਬਰ ਹਨ, ਬੇਪਰਵਾਹ ਹਨ ਜਾਂ ਬੇਵੱਸ ਹਨ। ਇਨਾਂ ਤਿੰਨਾਂ ਕਾਰਣਾਂ ‘ਚੋਂ ਇੱਕ ਜਾਂ ਦੋ ਕਾਰਣ ਹਰ ਮਾਪੇ ਨਾਲ ਸਬੰਧਿਤ ਹਨ, ਪ੍ਰੰਤੂ ਕੁਝ ਵੀ ਹੋਵੇ, ਸਾਨੂੰ ਬੇਵਿਸਾਹੀ ਤੇ ਦਿਸ਼ਾਹੀਣਤਾ ਦੀ ਘੁੰਮਣਘੇਰੀ ਵਿੱਚ ਫਸੀ ਨੌਜਵਾਨ ਪੀੜੀ ਨੂੰ ਸਿਹਤਮੰਦ ਤੇ ਉਸਾਰੂ ਸਮਾਜ ਦਾ ਹਿੱਸਾ ਬਣਾਉਣ ਲਈ ਕੁਝ ਤਾਂ ਕਰਨਾ ਹੀ ਪਵੇਗਾ।
ਅਸੀਂ ਵੇਖ ਰਹੇ ਹਾਂ ਕਿ ਰਾਜਸੀ ਧਿਰਾਂ ਹਰ ਚੋਣ ‘ਚ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਨੂੰ ਟਿਕਟਾਂ ਵੀ ਦਿੰਦੀਆਂ ਹਨ ਅਤੇ ਇਨਾਂ ਗੁੰਡਾ ਗਿਰੋਹਾਂ ਨੂੰ ਥਾਪੜਾ ਵੀ ਦਿੰਦੀਆਂ ਹਨ। ਸਾਡੇ ਦੇਸ਼ ਦੇ ਕਈ ਐਮ. ਪੀ. ਤੇ ਵਿਧਾਇਕ ਇਨਾਂ ਗੁੰਡਾ ਗਿਰੋਹਾਂ ਦੇ ਸਰਗਨੇ ਹਨ? ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ, ਹੁਣ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਵੀ ਹੋਣੀਆਂ ਹਨ, ਪਿਛਲੀਆਂ ਇਨਾਂ ਸਥਾਨਿਕ ਚੋਣਾਂ ‘ਚ ਕਈ ਗੁੰਡਾ ਪ੍ਰਵਿਰਤੀ ਵਾਲੇ ਲੋਕ ਪਿੰਡਾਂ-ਸਹਿਰਾਂ ਦੇ ‘ਮੋਹਤਬਰ’ ਲੋਕਾਂ ਚ ਸ਼ਾਮਲ ਹੋ ਗਏ ਸਨ ਅਤੇ ਉਨਾਂ ਦੀ ਚੌਧਰ ਕਾਰਣ ਆਮ ਲੋਕਾਂ ਦਾ ਜਿੳੂਣਾ ਦੁੱਭਰ ਰਿਹਾ ਹੈ, ਇਹ ਵੀ ਕਿਸੇ ਤੋਂ ਲੁੱਕਿਆ-ਛਿਪਿਆ ਨਹੀਂ।
ਅਸੀਂ ਚਾਹੁੰਦੇ ਹਾਂ ਕਿ ਪੰਜਾਬ ‘ਚ ਤੇਜ਼ੀ ਨਾਲ ਗੰਭੀਰ ਹੋ ਰਹੀ ਇਸ ਸਮੱਸਿਆ ਬਾਰੇ ਸਮੁੱਚੇ ਪੰਜਾਬੀ ਗੰਭੀਰ ਹੋਣ ਅਤੇ ਇਸਦੇ ਹੱਲ ਲਈ ਘਰ, ਸਕੂਲ, ਕਾਲਜ ਤੋਂ ਲੈ ਕੇ ਸਰਕਾਰ ਤੱਕ ਹਰ ਲੋੜੀਂਦੇ ਤੇ ਪ੍ਰਭਾਵੀ ਕਦਮ ਚੁੱਕੇ ਜਾਣ। ਨਸ਼ਿਆਂ ਦੇ ਹੜ ‘ਚ ਸਾਡੀ ਜੁਆਨੀ ਪਹਿਲਾ ਹੀ ਰੁੜ ਚੁੱਕੀ ਹੈ ਅਤੇ ਜੇ ਅਪਰਾਧਾਂ ਦੀ ਕਾਲ਼ੀ ਦੁਨੀਆ ‘ਚ ਗਰਕ ਹੋ ਗਈ ਤਾਂ ਸਮੁੱਚੇ ਪੰਜਾਬੀ ਸਮਾਜ ‘ਚ ਹਨੇਰਾ ਛਾ ਜਾਵੇਗਾ। ਸਰਕਾਰ, ਕਾਨੂੰਨ, ਮਾਪੇ, ਵਿਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਆਪੋ ਆਪਣਾ ਰੋਲ ਨਿਭਾਉਣਾ ਪਵੇਗਾ, ਤਦ ਹੀ ਸਾਡੇ ਸਮਾਜ ‘ਚ ਵਧ ਰਹੀ ਇਸ ਬੁਰਛਾਗਰਦੀ ਦੀ ਪ੍ਰਵਿਰਤੀ ਨੂੰ ਠੱਲ ਪੈ ਸਕੇਗੀ ਅਤੇ ਬਰਬਾਦੀ ਦੇ ਰਾਹ ਤੁਰੀ ਨੌਜਵਾਨ ਪੀੜੀ ਨੂੰ ਚੰਗੇ ਭਵਿੱਖ ਵੱਲ ਤੋਰਿਆ ਜਾ ਸਕੇਗਾ।