ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ

-ਗੁਰਮੀਤ ਪਲਾਹੀ

ਪੰਜਾਬ ‘ਚ ਛਪੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਹਰੇਕ ਅੱਠਵਾਂ ਪੰਜਾਬੀ ਤਣਾਅ ਦਾ ਸ਼ਿਕਾਰ ਹੈ। ਰਿਪੋਰਟ ਮੁਤਾਬਕ ਤਣਾਅ ਤੋਂ ਪੀੜਤ 80 ਫੀਸਦੀ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ। ਇਲਾਜ ਨਾ ਹੋਣ ਕਾਰਨ ਖੁਦਕਕੁਸ਼ੀਆਂ ਵੱਧ ਰਹੀਆਂ ਹਨ। ਰਿਪੋਰਟ ‘ਚ ਇਹ ਤੱਥ ਸਾਹਮਣੇ ਆਏ ਹਨ ਕਿ ਸ਼ਹਿਰੀਆਂ ਨਾਲੋਂ ਪੇਂਡੂ ਲੋਕ ਤਣਾਅ ਵਿੱਚ ਵੱਧ ਹਨ। ਇਸ ਬਿਮਾਰੀ ਨੇ ਵੱਡੀ ਉਮਰ ਦੇ ਲੋਕਾਂ ਨੂੰ ਵੱਧ ਘੇਰਿਆ ਹੋਇਆ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਸ਼ਿਆਂ ‘ਚ ਫਸ ਜਾਣ ਕਾਰਨ ਵੱਧ ਚਿੰਤਤ ਰਹਿੰਦੇ ਹਨ। ਕਿਸਾਨ ਖੇਤੀ ‘ਚ ਪਏ ਘਾਟੇ ਕਾਰਨ ਚਿੰਤਤ ਹਨ। ਕੁਲ ਮਿਲਾਕੇ ਪੰਜਾਬ ‘ਚ 21.9 ਲੱਖ ਲੋਕ ਤਣਾਅ ਦਾ ਦੁੱਖ ਭੋਗ ਰਹੇ ਹਨ, ਸਿਰਫ 4.38 ਲੱਖ ਲੋਕਾਂ ਨੂੰ ਹੀ ਇਲਾਜ ਮਿਲ ਰਿਹਾ ਹੈ।

ਨਿੱਤ ਮੁਹਿੰਮਾਂ ਨੇ ਪੰਜਾਬੀਆਂ ਨੂੰ! ਕਦੇ ਜੰਗ! ਕਦੇ ਭੰਗ!! ਕਦੇ ਰੰਗ!!! ਕਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਨੇ ਹਾਕਮ ਦਿਲੀ ਦੇ! ਕਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਨੇ ਉਚੇ, ਮਹਿਲ ਮੁਨਾਰਿਆ ਵਾਲੇ! ਕਦੇ ਹਮਸਾਏ ਵੀ, ਮਾਂ ਪਿਉ ਜਾਏ ਵੀ! ਤਦੇ ਭਾਈ ਚੌਥਾਈ ਪੰਜਾਬੀ ਪਾਸਪੋਰਟ ਬਣਾਕੇ, ਵਿਦੇਸ਼ਾਂ ‘ਚ ਜਾ ਵਿਰਾਜੇ! ਚੌਥਾਈ ਜੇਬਾਂ ‘ਚ ਪਾਸਪੋਰਟ ਪਾ ਘੁੰਮ ਰਹੇ ਆ, ਕਿਹੜੇ ਵੇਲੇ ਉਨ੍ਹਾਂ ਲਈ ਜਹਾਜ਼ ਆਵੇ,ਉਨ੍ਹਾਂ ਨੂੰ ਸਮੁੰਦਰੋਂ ਪਾਰ ਲੈ ਜਾਵੇ! ਇਹ ਸਮੁੰਦਰ ਦਾ ਪਾਰ ਭਾਵੇਂ ਹੋਏ ਮਸਕਟ, ਭਾਵੇਂ ਨੀਊਯਾਰਕ! ਭਾਵੇਂ ਹੋਏ ਡੁਬਈ ਜਾਂ ਹੋਵੇ ਵੈਨਕੋਵਰ! ਭਾਵੇਂ ਹੋਏ ਮਾਰੀਸ਼ਸ ਜਾਂ ਭਾਵੇਂ ਹੋਏ ਫਰੈਂਕਫਰਟ! ਪਰ ਕਈ ਵਿਚਾਰੇ ਜਹਾਜ਼ ਵੈਨਕੋਵਰ ਵਾਲੇ ‘ਚ ਬਿਠਾਏ ਜਾਂਦੇ ਆ, ਤੇ ਉਤਾਰ ਲਈ ਜਾਂਦੇ ਆ ਮੁੰਬਈ ਜਾਂ ਮਦਰਾਸ, ਜਿੱਥੇ ਉਹ ਲੱਭਦੇ ਆ ਗੋਰੇ, ਗੋਰੀਆਂ ਤੇ ਲੱਭਦੇ ਆ ਉਨ੍ਹਾਂ ਨੂੰ ਕਾਲੇ ਮਦਰਾਸੀ, ਤਮਿਲ! ਤੇ ਭਾਈ ਉਨ੍ਹਾਂ ਨੂੰ ਪੰਡਾਂ ਕਰਜ਼ਿਆਂ ਦੀਆਂ ਚੜ੍ਹਾਕੇ ਸਿਰ ਤਣਾਅ ਨਾ ਹੋਊ ਤਾਂ ਕੀ ਹੋਊ? ਕੈਂਸਰ ਨਾ ਹੋਊ ਤਾਂ ਕੀ ਸਿਰਫ ਸਿਰ ਦਰਦ ਹੀ ਹੋਊ?

ਉਂਜ ਭਾਈ ਖੁਲ੍ਹੇ-ਡੁਲੇ ਸੁਭਾਅ ਵਾਲੇ ਮੱਕੀ ਦੀ ਰੋਟੀ ਸਰੋਂ ਦਾ ਸਾਗ,ਗੁੜ੍ਹ ਦੀ ਡਲੀ ਨਾਲ ਸਬਰ ਕਰਨ ਵਾਲੇ ਜਦੋਂ ਦੇ ਬਰਗਰਾਂ,ਸ਼ਰਗਰਾਂ, ਮੋਬਾਇਲ, ਮੋਟਰ ਸਾਈਕਲ, ਕੋਲੇ, ਫੈਂਟੇ, ਕਾਲੀ, ਚਿੱਟੇ, ਦੇ ਮਗਰ ਪਏ ਹੋਏ ਆ, ਉਦੋਂ ਤੋਂ ਤਾਂ ਭਾਈ ਵਾਹਵਾ ਤਣਾਅ ‘ਚ ਰਹਿੰਦੇ ਆ। ਰਹਿੰਦਾ ਖੂੰਹਦਾ ਤਣਾਅ ਜ਼ਹਿਰੀਲੀਆਂ ਦੁਆਈਆਂ ਦੇ ਛਿੜਕਾਅ, ਖਾਦਾਂ, ਨੇ ਉਨ੍ਹਾਂ ਪੱਲੇ ਪਾ ਤਾ, ਜੀਹਨੇ ਖੇਤੀ ਦੀ ਕਮਾਈ ਵਧਾਉਣ ਦੀ ਥਾਂ ਉਨ੍ਹਾਂ ਪੱਲੇ ‘ਘਾਟਾ‘ ਪਾ ਤਾ। ਤਦੇ ਭਾਈ ਪੰਜਾਬੀ ਹੁਣ ਖੁਲ੍ਹ ਕੇ ਹੱਸਦੇ ਨਹੀਂ, ਬਸ ਹੀਂ, ਹੀਂ ਕਰਦੇ ਆ।ਖੁਲ੍ਹ ਕੇ ਰੋਂਦੇ ਨਹੀਂ, ਬਸ ਰੀਂ, ਰੀਂ ਕਰਦੇ ਆ। ਬੜ੍ਹਕ ਨਹੀਂ ਮਾਰਦੇ, ਭੰਗੜੇ ਨਹੀਂ ਪਾਉਂਦੇ, ਬਸ ਲੱਤਾਂ ਹਿਲਾਉਂਦੇ ਆ। ਤਦੇ ਭਾਈ ਉਨ੍ਹਾਂ ਦੇ ਚਿਹਰੇ ਤਿੜਕੇ ਤਿੜਕੇ ਦਿਸਦੇ ਆ। ਰੋਣਕਾਂ ਦੇ ਗੀਤਾਂ ਦੀ ਥਾਂ, ਪੀੜਾਂ ਦੇ ਪਰਾਗੇ ਦਿਸਦੇ ਆ। ਤਦੇ ਕਵੀ ਲਿਖਦਾ ਆ,ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ, ਜ਼ਰਾ ਮੱਥੇ ‘ਤੇ ਵੱਟ ਵੇਖੇ, ਉਥਾਂਈ ਤਿੜਕ ਜਾਵਾਂਗਾ।