ਦਲ-ਬਦਲੂ, ਤਿਕੜਮਬਾਜ਼ ਨੇਤਾ ਤੇ ਚੋਣ ਦੰਗਲ

ਗੁਰਮੀਤ ਪਲਾਹੀ
ਜਾਪਦਾ ਹੈ, ਵਧੇਰੇ ਸਿਆਸੀ ਆਗੂਆਂ ਅਤੇ ਸਿਆਸੀ ਪਾਰਟੀਆਂ ਦਾ ਉਦੇਸ਼ ਲੋਕ-ਸੇਵਾ ਜਾਂ ਦੇਸ਼-ਸੇਵਾ ਤੋਂ ਹਟ ਕੇ ਨਿੱਜ ਸੇਵਾ ਜਾਂ ਪਰਿਵਾਰ-ਸੇਵਾ ਤੱਕ ਸਿਮਟ ਗਿਆ ਹੈ।  ਮੌਜੂਦਾ ਆਗੂ ਪਾਰਟੀ ਹਿੱਤਾਂ ਨੂੰ ਪਿੱਛੇ ਸੁੱਟ ਕੇ ਆਪਣੇ ਹਿੱਤ ਪਾਲਣ ਦੇ ਚੱਕਰ ਵਿੱਚ, ਧੜੇਬੰਦੀਆਂ ਕਾਇਮ ਕਰ ਕੇ, ਆਪਣੀ ਕੁਰਸੀ ਸੁਰੱਖਿਅਤ ਰੱਖਣ ਲਈ ਕਾਬਲ, ਮਿਹਨਤੀ, ਸਿਆਣੇ ਨੇਤਾਵਾਂ ਨੂੰ ਮਿੱਧਣ-ਮਧੋਲਣ ਦਾ ਜੁਗਾੜ ਬਣਾਉਣ ਲਈ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਤਾਲਮੇਲ, ਜੋੜ-ਤੋੜ ਕਰ ਕੇ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਹੋ ਕਾਰਨ ਹੈ ਕਿ ਜਦੋਂ ਕਿਸੇ ਚੋਣ ਵੇਲੇ ਉਹਨਾਂ ਨੂੰ ਜਾਂ ਉਹਨਾਂ ਦੇ ਗੁਰਗਿਆਂ-ਮਿੱਤਰਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਝੱਟ ਛੜੱਪਾ ਮਾਰ ਕੇ ਦੂਜੀ ਪਾਰਟੀ ਦੇ ਦਰ ‘ਤੇ ਜਾ ਬੈਠਦੇ ਹਨ।  ਕਿਸੇ ਸਮੇਂ ਆਪਣੀ ਰਾਜਨੀਤਕ ਪਾਰਟੀ ਦੇ ਆਸ਼ਿਆਂ-ਉਦੇਸ਼ਾਂ ਦਾ ਪ੍ਰਚਾਰ ਕਰਦਿਆਂ ਦੂਜੀ ਰਾਜਸੀ ਪਾਰਟੀ ਦੇ ਆਸ਼ਿਆਂ – ਉਦੇਸ਼ਾਂ ਦੇ ਬਖੀਏ ਉਧੇੜਦੇ ਇਹ ਨੇਤਾ ਉਸੇ ਪਾਰਟੀ ‘ਚ ਜਾ ਸ਼ਾਮਲ ਹੁੰਦੇ ਨੇ, ਜਿਸ ਦਾ ਜਾਂ ਜਿਹਨਾਂ ਦੇ ਨੇਤਾਵਾਂ ਦਾ ਵਿਰੋਧ ਕਰਦਿਆਂ ਉਹ ਕਿਸੇ ਵੀ ਹੱਦ ਤੱਕ ਜਾ ਕੇ ਉਹਨਾਂ ਦੇ ਪਰਖਚੇ ਉਡਾਉਂਦੇ ਨਹੀਂ ਸਨ ਥੱਕਦੇ।  ਅਜਿਹੇ ਸਮੇਂ ਕਿੱਥੇ ਚਲੀ ਜਾਂਦੀ ਹੈ ਉਹਨਾਂ ਦੀ ਜ਼ਮੀਰ? ਕਿੱਥੇ ਲੁਪਤ ਹੋ ਜਾਂਦੇ ਨੇ ਉਹਨਾਂ ਦੇ ਆਦਰਸ਼?
ਪਿਛਲੇ ਦਿਨੀਂ ਬਾਦਲ ਦਲ ਵਿੱਚੋਂ ਕਈ ਨੇਤਾ ਉਡਾਰੀ ਮਾਰ ਕੇ ਕਾਂਗਰਸ ਦੀ ਛਤਰੀ ਉੱਤੇ ਜਾ ਬੈਠੇ ਨੇ ਅਤੇ ਭਾਜਪਾ ਦੀ ਸਿੱਧੂ ਜੋੜੀ ਦਾ ਇੱਕ ਪਰਿੰਦਾ ਬੀਬੀ ਸਿੱਧੂ ਕਾਂਗਰਸੀਆਂ ਤੇ ਕੈਪਟਨ ਨੂੰ ਗਾਲ਼ਾਂ ਦਿੰਦੀ ਦਿੰਦੀ ਉਹਨਾਂ ਦੇ ਸੋਹਲੇ ਗਾਉਣ ਲੱਗ ਪਈ ਹੈ। ਆਇਆ ਰਾਮ-ਗਿਆ ਰਾਮ, ਦਲ-ਬਦਲੀ ਦਾ ਇਹ ਕੋਝਾ ਕਰਮ ਕੀ ਸਵਾਰਥੀ ਰਾਜਨੀਤੀ ਦੀ ਸਿਖ਼ਰ ਨਹੀਂ? ਡੁੱਬਦੀ ਬੇੜੀ ਵਿੱਚੋਂ ਛਾਲ ਮਾਰ ਕੇ, ਕੁਰਸੀ ਪ੍ਰਾਪਤੀ ਵੱਲ ਵਧ ਰਹੀ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਕੀ ਉਹਨਾਂ ਲੋਕਾਂ ਨਾਲ  ਧੋਖਾ ਨਹੀਂ, ਜਿਹਨਾਂ ਨਾਲ ਲੰਮਾ ਸਮਾਂ ਰਹਿ ਕੇ ਉਹਨਾਂ ਦੀ ਅਗਵਾਈ ਕੀਤੀ ਜਾਂ ਲਈ ਹੋਵੇ, ਉਹਨਾਂ ਦੇ ਨਾਮ ਉੱਤੇ ਸਿਆਸੀ ਰੋਟੀਆਂ ਸੇਕੀਆਂ ਹੋਣ, ਉਹਨਾਂ ਲੋਕਾਂ ਦੇ ਨਾਮ ਉੱਤੇ ਕੁਰਸੀ ਪ੍ਰਾਪਤ ਕਰਕੇ ਸਰਕਾਰੀ ਸੁੱਖ-ਆਰਾਮ ਅਤੇ ਸੁਵਿਧਾਵਾਂ ਪ੍ਰਾਪਤ ਕੀਤੀਆਂ ਹੋਣ?
ਪੰਜਾਬ ‘ਚ ਜੋ ਰਾਜਸੀ ਅਖਾੜਾ ਮਘਿਆ ਹੈ, ਉਥੱਲ-ਪੁਥੱਲ ਹੋ ਰਹੀ ਹੈ, ਇੱਕ ਪਾਰਟੀ  ‘ਚੋਂ ਦੂਜੀ ਪਾਰਟੀ ‘ਚ ਨੇਤਾ ਲੋਕ ਆ-ਜਾ ਰਹੇ ਹਨ, ਉਹ ਪੰਜਾਬ ਦੀ ਬੇ-ਅਸੂਲੀ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ ਬਣ ਕੇ ਰਹਿ ਗਏ ਹਨ।  ਵਰਿਆਂ-ਬੱਧੀ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਵਾਲੇ ਜਗਮੀਤ ਸਿੰਘ ਬਰਾੜ ਕਾਂਗਰਸ ਛੱਡ ਕੇ ‘ਆਪ’ ਦਾ ਲੜ ਫੜ ਕੇ ਪ੍ਰਚਾਰ ਕਰਨ ਲੱਗੇ ਤੇ ਫਿਰ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਜਾ ਬਣੇ।  ਮਨਪ੍ਰੀਤ ਸਿੰਘ ਬਾਦਲ ਕੁਰਸੀ ਪ੍ਰਾਪਤੀ ਲਈ ਚਾਚੇ ਬਾਦਲ ਨੂੰ ਛੱਡ ਕੇ ਕਦੇ ਆਪਣੀ ਪਾਰਟੀ ਬਣਾ ਬੈਠਾ, ਫਿਰ ਕਾਂਗਰਸ ਦੇ ਲੜ ਲੱਗ ਗਿਆ।  ਕਾਂਗਰਸ ਦਾ ਬੁਲਾਰਾ ਸੁਖਪਾਲ ਸਿੰਘ ਖਹਿਰਾ ‘ਆਪ’ ਦੀ ਝੋਲੀ ਜਾ ਪਿਆ।  ਬਲਵੰਤ ਸਿੰਘ ਰਾਮੂੰਵਾਲੀਆ ਪੰਜਾਬ ਤੇ ਅਕਾਲੀਆਂ ਨੂੰ ਛੱਡ ਕੇ ਮੁਲਾਇਮ ਸਿੰਘ ਯਾਦਵ ਦੇ ਚਰਨੀਂ ਜਾ ਪਿਆ।  ਅਸੂਲਾਂ ਲਈ ਲੜਨ ਦੀ ਦਾਅਵੇਦਾਰ ਸਿੱਧੂ ਜੋੜੀ ਲੜਖੜਾਉਂਦੀ ਕੁਰਸੀ ਦੌੜ ਵਿੱਚ ‘ਆਪ-ਆਪ’ ਅਲਾਪਦੀ ਕਾਂਗਰਸੀਆਂ ਦੇ ਬੂਹੇ ਦਾ ਸ਼ਿੰਗਾਰ ਜਾ ਬਣੀ।  ਸੁਖਬੀਰ ਸਿੰਘ ਬਾਦਲ ਦਾ ਰਾਜ਼ਦਾਰ, ਉਸ ਦੀ ਕਬੱਡੀ ਫੈਡਰੇਸ਼ਨ ਦਾ ਸਰਵੇ-ਸਰਵਾ ਪ੍ਰਗਟ ਸਿੰਘ ਅਕਾਲੀਆਂ ਨੂੰ ਛੱਡ ਕੇ ਕਾਂਗਰਸੀ ਜਾ ਬਣਿਆ।  ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਤੇ ਰਾਜਵਿੰਦਰ ਕੌਰ ਅਕਾਲੀਆਂ ਤੋਂ ਅਗਲੀ ਵੇਰ ਲਈ ਵਿਧਾਨ ਸਭਾ ਚੋਣ ਲੜਨ ਲਈ ਪਾਰਟੀ ਟਿਕਟ ਨਾ ਮਿਲਣ ਕਾਰਨ ਬਾਗ਼ੀ ਹੋ ਕੇ ਕਾਂਗਰਸ ਦੀ ਅਗਵਾਈ ‘ਚ ਜਾ ਬੈਠੇ। ਬਿਕਰਮ ਸਿੰਘ ਮਜੀਠੀਏ ਦਾ ਆੜੀ ਇੰਦਰਜੀਤ ਸਿੰਘ ਬੁਲਾਰੀਆ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿਲੋਂ-ਮਨੋਂ ਸਭੋ ਕੁਝ ਮੰਨਣ ਵਾਲਾ, ਸਾਰੀ  ਉਮਰ ਅਕਾਲੀ ਰਿਹਾ ਸਰਵਣ ਸਿੰਘ ਫਿਲੌਰ ਅਕਾਲੀਆਂ ਨੂੰ ਛੱਡ ਕੇ ਕਾਂਗਰਸੀਆਂ ਦੀ ਪੌੜੀ ਜਾ ਚੜਿਆ। ਕਿੱਥੇ ਚਲੇ ਗਏ ਇਹਨਾਂ ਨੇਤਾਵਾਂ ਦੇ ਉਹ ਦਾਈਏ ਕਿ ਉਹ ਆਪਣੀ ਪਾਰਟੀ ਲਈ ਸਭੋ ਕੁਝ ਕਰਨ ਲਈ ਤਿਆਰ ਹਨ, ਲੋੜ ਵੇਲੇ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਣਗੇ? ਇਹ ਬੇ-ਅਸੂਲੇ ਨੇਤਾ ਕੁਰਸੀ ਖਿਸਕਦੀ ਵੇਖ ਕੇ ਦੂਜੀਆਂ ਪਾਰਟੀਆਂ ‘ਚ ਜਾ ਸ਼ਾਮਲ ਹੋਏ।
ਇਹੋ ਹਾਲ ‘ਆਪ’ ਦਾ ਹੈ, ਜਿਸ ਵਿੱਚੋਂ ਛੋਟੇਪੁਰ ਗਿਆ  ਤੇ ਆਪਣੀ ਪਾਰਟੀ ਬਣਾ ਬੈਠਾ।  ਸੈਂਕੜੇ ਵਰਕਰ ਪਾਰਟੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਜੁਦਾ ਹੋ ਗਏ ਅਤੇ ਆਪਣੀ ਵੱਖਰੀ ਡਫ਼ਲੀ ਵਜਾਉਣ ਲੱਗੇ।
ਅਸਲ ਵਿੱਚ ਮੌਕਾਪ੍ਰਸਤਾਂ ਵਾਲੀ ਸਿਆਸਤ ਕਰਨ ਵਾਲੇ ਪੰਜਾਬ ਦੇ ਇਹ ਮੌਜੂਦਾ ਨੇਤਾ ਸਿਰਫ਼ ਇਹੋ ਸਮਝ ਬੈਠੇ ਹਨ ਕਿ ਕੁਰਸੀ ਉੱਤੇ ਅਧਿਕਾਰ ਉਮਰ ਭਰ ਉਹਨਾਂ ਦਾ ਹੈ।  ਉਹਨਾਂ ਦੇ ਮਰਨ ਉਪਰੰਤ ਉਹਨਾਂ ਦੇ ਪਰਿਵਾਰ ਦੇ ਜੀਆਂ; ਪਤਨੀ, ਪੁੱਤਰ, ਪੁੱਤਰੀਆਂ, ਭਤੀਜਿਆਂ, ਭਾਣਜਿਆਂ, ਭਰਾਵਾਂ, ਭਰਜਾਈਆਂ, ਆਦਿ ਦਾ ਹੱਕ ਹੈ, ਦੂਜੇ ਵਰਕਰ ਜਾਣ ਢੱਠੇ ਖ਼ੂਹ ‘ਚ।
ਮੌਜੂਦਾ ਸਿਆਸਤ ਵਪਾਰ ਬਣ ਚੁੱਕੀ ਹੈ।  ਜਿਵੇਂ ਡਾਕਟਰ ਦਾ ਪੁੱਤਰ ਡਾਕਟਰ, ਵਪਾਰੀ ਦਾ ਪੁੱਤ ਵਪਾਰੀ, ਕਾਰੋਬਾਰੀ ਦਾ ਪੁੱਤ ਕਾਰੋਬਾਰੀ ਬਣਨਾ ਲੋਚਦਾ ਹੈ, ਨੇਤਾ ਦਾ ਪੁੱਤ ਨੇਤਾ ਬਣਨਾ ਆਪਣਾ ਹੱਕ ਸਮਝ ਬੈਠਾ ਹੈ, ਭਾਵੇਂ ਉਸ ਨੂੰ ਸਿਆਸਤ ਦਾ ਊੜਾ-ਐੜਾ ਵੀ ਨਾਆਉਂਦਾ ਹੋਵੇ।  ਤਦੇ ਬੇਅਸੂਲੀ ਸਿਆਸਤ ਨੇ ਪੰਜਾਬ ਦਾ ਪੋਟਾ-ਪੋਟਾ ਭੰਨ ਸੁੱਟਿਆ ਹੈ ਅਤੇ ਨਸ਼ੇ, ਪੈਸੇ, ਧੱਕੇ ਦੀ ਸਿਆਸਤ ਨੇ ਪੰਜਾਬ ਦੇ ਲੋਕਾਂ ਨੂੰ ‘ਜੀ ਹਜ਼ੂਰੀਏ’ ਬਣਨ ਵੱਲ ਮੋੜ ਦਿੱਤਾ ਹੈ।  ਉਹੀ ਪੰਜਾਬੀ, ਜਿਹੜੇ ‘ਟੈਂ ਨਾ ਮੰਨਣ ਕਿਸੇ ਦੀ’ ਕਰ ਕੇ ਜਾਣੇ ਜਾਂਦੇ ਸਨ, ਅੱਜ ਸਵਾਰਥੀ ਨੇਤਾਵਾਂ ਦੀਆਂ ਕੋਝੀਆਂ ਚਾਲਾਂ ‘ਚ ਫਸ ਕੇ ਨਿਤਾਣੇ-ਨਿਮਾਣੇ, ਨਿਆਸਰੇ ਬਣੇ ਦਿਸਦੇ ਹਨ, ਨਹੀਂ ਤਾਂ ਪੂਰੇ ਦੇਸ਼ ਨੂੰ ਅੰਨ ਨਾਲ ਰਜਾਉਣ ਵਾਲੇ ਸੂਬੇ ਦੇ ਲੋਕਾਂ ਨੂੰ ਢਿੱਡ ਭਰਨ ਲਈ ਨੀਲੇ ਕਾਰਡਾਂ ਉੱਤੇ ਰਾਸ਼ਨ ਪ੍ਰਾਪਤ ਕਰਨ ਵਾਲੀਆਂ ਸਕੀਮਾਂ ਦਾ ਸਹਾਰਾ ਕਿਉਂ ਲੈਣਾ ਪਵੇ, ਜਿਸ ਅਧੀਨ ਸੁਸਰੀ ਖਾਧੀ, ਨਿਕੰਮੀ ਕਣਕ ਜਾਂ ਚਾਵਲ ਉਹਨਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਭਾਅ ਮਿਲਦੇ ਨੇ?
ਪੰਜਾਬ ਦੇ ਚੋਣ ਦੰਗਲ ਨੇ ਤਿਕੜਮਬਾਜ਼ ਨੇਤਾਵਾਂ ਦੇ ਵਾਰੇ-ਨਿਆਰੇ ਕੀਤੇ ਹੋਏ ਹਨ।  ਨਿੱਤ ਹੋ ਰਹੀਆਂ ਰੈਲੀਆਂ, ਮੀਟਿੰਗਾਂ ਲਈ ਭੀੜਾਂ ਇਕੱਠੀਆਂ ਕਰਨ ਲਈ ਜਿਵੇਂ ਸਰਕਾਰੀ, ਗ਼ੈਰ-ਸਰਕਾਰੀ ਸਾਧਨਾਂ ਦੀ ਵਰਤੋਂ ਦੇ ਨਾਲ-ਨਾਲ ਭਾੜੇ ਉੱਤੇ ‘ਵਰਕਰ’ ਲੈ ਜਾ  ਕੇ ਆਪਣੇ ਉੱਪਰਲਿਆਂ ਦਾ ਟੌਹਰ-ਟੱਪਾ ਬਣਾਇਆ ਜਾ ਰਿਹਾ ਹੈ, ਹੇਠਲੇ ਛੋਟੇ ਨੇਤਾ ਆਪਣਾ ਝੁੱਗਾ-ਚੌੜ ਕਰਵਾ ਰਹੇ ਹਨ, ਟਿਕਟਾਂ ਨਾ ਮਿਲਣ ‘ਤੇ ਵੱਡੇ ਨੇਤਾਵਾਂ ਉੱਪਰ ਲੱਖਾਂ ਕਰੋੜਾਂ ਰਿਸ਼ਵਤ ਲੈਣ ਦਾ ਇਲਜ਼ਾਮ ਲਗਾ ਰਹੇ ਹਨ, ਇਹ ਅਸਲ ਵਿੱਚ ਪੰਜਾਬ ਦੀ ਮੌਜੂਦਾ ਗੰਧਲੀ ਸਿਆਸਤ ਦਾ ਸ਼ੀਸ਼ਾ ਹੈ।  ਕਿੱਥੇ ਚਲੀ ਗਈ ਆਪ-ਮੁਹਾਰੇ ਮਨਾਂ ‘ਚ ਜੋਸ਼ ਲੈ ਕੇ ਆਦਰਸ਼ਾਂ-ਅਸੂਲਾਂ ਲਈ ਲੜਦੀ ਭੀੜ, ਉਹਨਾਂ ਦੇ ਜੋਸ਼ੀਲੇ ਨਾਅਰੇ, ਹੱਕਾਂ ਦੀ ਪ੍ਰਾਪਤੀ ਲਈ ਉਹਨਾਂ ਲੋਕ-ਸੇਵਕਾਂ ਦਾ ਸੰਘਰਸ਼? ਹੁਣ ਤਾਂ ਵਰਕਰ ਹੱਥ ਪਾਰਟੀ ਦਾ ਝੰਡਾ ਹੈ, ਜੋ ਸ਼ਾਮ ਹੁੰਦਿਆਂ ਹੁੰਦਿਆਂ ਸਿਰਫ਼ ਡੰਡਾ ਰਹਿ ਜਾਂਦਾ ਹੈ।
ਪੰਜਾਬ ਸਦਾ ਸੇਵਾ ਦਾ ਸਥਾਨ ਕਰਕੇ ਮੰਨਿਆ ਜਾਂਦਾ ਰਿਹਾ ਹੈ।  ਧਾਰਮਿਕ, ਸਮਾਜਿਕ ਸੰਸਥਾਵਾਂ ਲੋਕ ਸੇਵਾ ਪ੍ਰਤੀ ਆਪਣੇ ਆਪ ਨੂੰ ਅਰਪਿਤ ਕਰ ਕੇ ਦੇਸ਼-ਵਿਦੇਸ਼ ‘ਚ ਜੱਸ ਖੱਟਦੀਆਂ ਰਹੀਆਂ ਹਨ।  ਹੁਣ ਇਹਨਾਂ ਧਾਰਮਿਕ ਸਥਾਨਾਂ, ਸਮਾਜ ਸੇਵਾ ‘ਚ ਲੱਗੀਆਂ ਸੰਸਥਾਵਾਂ ਉੱਤੇ ਚੌਧਰ ਦੇ ਚਾਹਵਾਨ ਨੇਤਾਵਾਂ ਨੇ ਗਲਬਾ ਜਮਾਇਆ ਹੋਇਆ ਹੈ।  ਉਹ ਇਹਨਾਂ ਸਥਾਨਾਂ, ਸੰਸਥਾਵਾਂ ਦੀ ਵਰਤੋਂ ਹਰ ਹੀਲੇ ਆਪਣੀ ਗੱਦੀ ਸਥਾਪਤੀ ਅਤੇ ਹੋਂਦ ਬਣਾਈ ਰੱਖਣ ਲਈ ਕਰਦੇ ਹਨ।  ਤਦੇ ਪੰਜਾਬ ਵਿੱਚੋਂ ‘ਭਲਾਮਾਣਸ’ ਸ਼ਬਦ ਮਨਫ਼ੀ ਹੁੰਦਾ ਦਿਸਦਾ ਹੈ।
ਪੰਜਾਬ ਵਿਕਾਸ ਲਈ ਜਾਣਿਆ ਜਾਂਦਾ ਹੈ।  ਫ਼ਸਲ ਚੰਗੀ, ਪਾਣੀ ਚੰਗਾ, ਧਰਤੀ ਸੁਹਾਵਣੀ, ਹਰੀ-ਭਰੀ, ਹਵਾ ਸ਼ੁੱਧ, ਪਰ ਨੇਤਾਵਾਂ ਦੀ ਮਨਫ਼ੀ ਸੋਚ ਨੇ ਇਹ ਸਭੋ ਕੁਝ ਤਹਿਸ-ਨਹਿਸ ਕਰਨ ਵੱਲ ਤੋਰ ਦਿੱਤਾ ਹੈ।  ਪੰਜਾਬ ਵਿੱਚ ਅੰਧਾ-ਧੁੰਦ ਪੱਕੇ ਨਿਰਮਾਣ ਨੂੰ ਹੀ ਵਿਕਾਸ ਸਮਝ ਲਿਆ ਗਿਆ।  ਗਲੀਆਂ-ਨਾਲੀਆਂ, ਪੁਲ, ਸੜਕਾਂ ਪੱਕੇ; ਹੋ ਗਿਆ ਵਿਕਾਸ! ਪਿੰਡਾਂ ਦੇ ਲੋਕਾਂ ਦੇ ਘਰ ਪੱਕੇ, ਟਾਇਲਟਸ ਬਣ ਗਈਆਂ, ਬੱਸ ਹੋ ਗਿਆ ਵਿਕਾਸ! ਇਸ ਵਿਕਾਸ ਵਿੱਚ ਮਨੁੱਖ ਦਾ ਵਿਕਾਸ ਕਿੱਥੇ ਹੈ? ਕਿੱਥੇ ਹੈ ਪੰਜਾਬ ਵਿੱਚ ਲੋਕਾਂ ਲਈ ਕੰਮ-ਧੰਦਾ, ਨੌਕਰੀਆਂ?
ਚੰਗੀ ਸਿਹਤ, ਚੰਗਾ ਵਾਤਾਵਰਣ, ਚੰਗੀ ਪੜਾਈ ਬਿਨਾਂ ਕਾਹਦਾ ਵਿਕਾਸ?
ਸਰਕਾਰਾਂ ਦੇ ਵਿਕਾਸ ਦੇ ਦਮਗਜੇ ਚੋਣਾਂ ਜਿੱਤਣ ਲਈ ਬੱਸ ਚੋਣ ਜੁਮਲੇ ਬਣੇ ਦਿਸਦੇ ਨੇ, ਅਖ਼ਬਾਰਾਂ ਵਿੱਚ ਵੀ, ਇਲੈਕਟਰਾਨਿਕ ਮੀਡੀਆ ਵਿੱਚ ਵੀ ਅਤੇ ਸੋਸ਼ਲ ਮੀਡੀਆ ਵਿੱਚ ਵੀ।
ਪੰਜਾਬ ਦੇ ਲੋਕ ਇਸ ਵੇਲੇ ਤਿਕੜਮਬਾਜ਼, ਦਲ-ਬਦਲੂ, ਮੌਕਾਪ੍ਰਸਤ ਨੇਤਾਵਾਂ ਦਾ ਤਮਾਸ਼ਾ ਵੇਖ ਰਹੇ ਹਨ, ਜਿਹੜੇ ਹਰ ਹੀਲੇ ਪੰਜਾਬ ਦੇ ਹਾਕਮ ਬਣਨ ਦਾ ਸੁਫ਼ਨਾ ਆਪਣੇ ਮਨ ‘ਚ ਪਾਲੀ ਬੈਠੇ ਹਨ।  ਪੰਜਾਬ ਵਿਧਾਨ ਸਭਾ ਚੋਣਾਂ ਵੱਲ ਵਧਦਾ, ਹਰ ਇੱਕ ਦਿਨ ਕੁਝ ਨਾ ਕੁਝ ਨਵਾਂ ਲਿਆਉਂਦਾ ਦਿਸਦਾ ਹੈ, ਖ਼ਾਸ ਤੌਰ ‘ਤੇ ਨੇਤਾਵਾਂ ਦੀ ਆਪਸੀ ਤੋਹਮਤੀ ਜਮਾਂ-ਜ਼ੁਬਾਨੀ ਜੰਗ, ਆਪੋ-ਆਪਣੇ ਪਾਲ਼ੇ ਵਿੱਚ ਰੁੱਸੇ ਨੇਤਾਵਾਂ ਨੂੰ ਲਿਆਉਣ ਲਈ ਗੁਪਤ ਤਿਕੜਮਬਾਜ਼ੀ ਅਤੇ ਕਈ ਹਾਲਤਾਂ ‘ਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਹਾਕਮਾਂ ਨਾਲ ਰੁੱਸੇ ਨੇਤਾਵਾਂ ਦੀ ਘਰ ਵਾਪਸੀ ਦੇ ਯਤਨ।
ਹਾਲਤ ਇਹ ਹੈ ਕਿ ਬੇਹੱਦ ਗੰਧਲੀ ਹੋਈ ਪੰਜਾਬ ਦੀ ਸਿਆਸਤ  ਹੋਰ ਗੰਧਲੀ ਹੋ ਜਾਵੇਗੀ ਅਤੇ ਪਹਿਲੋਂ ਹੀ ਮੌਕਾਪ੍ਰਸਤ ਨੇਤਾਵਾਂ ਦਾ ਸਤਾਇਆ ਪੰਜਾਬ ਹੋਰ ਵੀ ਵੱਡਾ ਸੰਤਾਪ ਭੋਗੇਗਾ, ਜੇਕਰ ਲੋਕ ਸਾਫ਼-ਸੁਥਰੇ ਅਕਸ ਵਾਲੇ ਨੇਤਾਵਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾ ਕੇ ਨਾ ਭੇਜ ਸਕੇ।