• Home »
  • ਵਿਸ਼ੇਸ਼ ਲੇਖ
  • » ਹਨੂੰਮਾਨ ਚਾਲੀਸਾ ਦੇ ਰੂਪ ‘ਚ ਭਗਵਾਂ ਬਿਗ੍ਰੇਡ ਦਾ ਨਵਾਂ ਹਮਲਾ…

ਹਨੂੰਮਾਨ ਚਾਲੀਸਾ ਦੇ ਰੂਪ ‘ਚ ਭਗਵਾਂ ਬਿਗ੍ਰੇਡ ਦਾ ਨਵਾਂ ਹਮਲਾ…

ਜਸਪਾਲ ਸਿੰਘ ਹੇਰਾਂ
ਕੁਝ ਅਹਿਮ ਘਟਨਾਵਾਂ, ਜਿਹਨਾਂ ਨੇ ਭਵਿੱਖ ‘ਚ ਬਹੁਤ ਡੂੰਘਾ ਪ੍ਰਭਾਵ ਪਾਉਣਾ ਹੁੰਦਾ ਹੈ, ਕਈ ਵਾਰ ਬਿਨਾਂ ਚਰਚਾ ‘ਚ ਆਇਆਂ ਲੰਘ ਜਾਂਦੀਆਂ ਹਨ, ਵਾਪਰ ਜਾਂਦੀਆਂ ਹਨ।  ਪ੍ਰੰਤੂ ਜਦੋਂ ਉਹਨਾਂ ਦਾ, ਪ੍ਰਭਾਵ ਬਾਅਦ ‘ਚ ਸਾਹਮਣੇ ਆਉਂਦਾ ਹੈ ਤਾਂ ਫ਼ਿਰ ਅਹਿਸਾਸ ਹੁੰਦਾ ਹੈ ਕਿ ਉਦੋਂ ਸਮਾਂ ਕਿਉਂ ਨਾ ਸੰਭਾਲਿਆ ਗਿਆ? ਐਨੀ ਵੱਡੀ ਘਟਨਾ ਅਣਗੌਲੀ ਕਿਉਂ ਰਹਿ ਗਈ? ਬੀਤੇ ਦਿਨ ਲੁਧਿਆਣਾ ਦੇ ਦਰੇਸੀ ਮੈਦਾਨ ‘ਚ ਹਿੰਦੂ ਮਹਾਂਪੀਠ ਵੱਲੋਂ ਹਜ਼ਾਰਾਂ ਸਕੂਲੀ ਬੱਚਿਆਂ ਨੂੰ ‘ਹਨੂੰਮਾਨ ਚਾਲੀਸਾ’ ਪੜਾਉਣ ਦੇ ਬਹਾਨੇ ਇਕੱਠੇ ਕੀਤਾ ਗਿਆ।  ਕੱਟੜ ਹਿੰਦੂਵਾਦ ਦਾ ਪਾਠ ਪੜਾਇਆ ਗਿਆ।  ਕੋਈ ਆਪਣੇ ਧਰਮ ਦਾ ਪ੍ਰਚਾਰ ਕਰੇ, ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।  ਪ੍ਰੰਤੂ ਜਦੋਂ ਸਕੂਲੀ ਬੱਚਿਆਂ ਦੇ ਮਾਸੂਮ ਹਿਰਦਿਆਂ ਤੇ ਕੱਟੜਵਾਦ ਦੀ ਚਾਸ਼ਨੀ ਚੜਾਈ ਜਾਂਦੀ ਹੈ ਅਤੇ ਇਹ ਚਾਸ਼ਨੀ ਸਿੱਖ ਬੱਚਿਆਂ ਦੇ ਜਿਹੜੇ ਹਿੰਦੂਵਾਦੀ ਸਕੂਲਾਂ ਦੇ ਵਿਦਿਆਰਥੀ ਹਨ ਤੇ ਵੀ ਚੜਾਉਣ ਦੀ ਕੋਝੀ ਸਾਜ਼ਿਸ ਨੇਪਰੇ ਚਾੜੀ ਜਾਂਦੀ ਹੈ ਤੇ ਸਿੱਖਾਂ ਦਾ ਇਸ ਧਾਰਮਿਕ ਰੰਗ ‘ਚ ਰੰਗੀ ਕੋਝੀ ਸਾਜ਼ਿਸ ਨੂੰ ਚੁੱਪ-ਚਾਪ ਬਰਦਾਸ਼ਤ ਕਰ ਲੈਣਾ, ਸਿੱਖੀ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ।  ਹਿੰਦੂਵਾਦੀ ਕਰਮਕਾਂਡਾਂ, ਪਾਖੰਡਾਂ, ਫੋਕਟ-ਕਰਮਾਂ ਤੇ ਆਡੰਬਰ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਇਨਕਲਾਬੀ ਨਿਰਮਲੇ ਪੰਥ ”ਸਿੱਖੀ” ਦੀ ਨੀਂਹ ਰੱਖੀ ਸੀ ਅਤੇ ਇਸ ਧਰਤੀ ਤੋਂ ਪਾਖੰਡ ਰੂਪੀ ਧੁੰਦ ਨੂੰ ਹਟਾਇਆ ਸੀ।  ਜੇ ਉਸੇ ਕਰਮਕਾਂਡ ਦਾ ਪੁੱਠ, ਸਾਡੇ ਮਾਸੂਮ ਸਕੂਲੀ ਬੱਚਿਆਂ ਨੂੰ ਚੜਾਈ ਜਾਣ ਲੱਗੀ ਹੈ ਤਾਂ ਕੌਮ ਨੂੰ ਉਸਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ।  ਪ੍ਰੰਤੂ ਕੌਮ ਦੀ ਗਫ਼ਲਤ ਦੀ ਨੀਂਂਦ ਪਹਿਲੀ ਗੱਲ ਤਾਂ ਟੁੱਟਦੀ ਨਹੀਂ, ਜੇ ਟੁੱਟਦੀ ਵੀ ਹੈ ਤਾਂ ਸਿਰਫ਼ ਆਪੋ ‘ਚ ਲੜ-ਮਰਨ ਲਈ, ਆਪਣਿਆਂ, ਦੀਆਂ ਪੱਗਾਂ ਲਾਹੁੰਣ ਲਈ ਅਤੇ ਆਪਣਿਆਂ ਦੀਆਂ ਲੱਤਾਂ ਖਿੱਚਣ ਲਈ, ਇਸਤੋਂ ਇਲਾਵਾ ਹੋਰ ਕੁਝ ਨਹੀਂ।
ਗੁਰਾਂ ਦੇ ਨਾਮ ਵੱਸਦੇ ਪੰਜਾਬ ਦਾ ਭਗਵਾਂਕਰਨ ਸ਼ੁਰੂ ਹੋ ਚੁੱਕਾ ਹੈ।  ਬਾਦਲਕੇ, ਉਸ ਲਈ ਮੋਹਰੀ ਰੋਲ ਅਦਾ ਕਰ ਰਹੇ ਹਨ।  ਸਿੱਖੀ ਦੀ ਜਨਮ-ਭੂਮੀ ਤੇ ਕਰਮ-ਭੂਮੀ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਨਿਰੰਤਰ ਘਟਨਾਵਾਂ ਤੇ ਦੁਸ਼ਟ ਦੋਸ਼ੀਆਂ ਨੂੰ ਨਾਂਹ ਫੜਨਾ, ਇਸੇ ਖ਼ਤਰਨਾਕ ਸਾਜ਼ਿਸ ਦੀ ਅਹਿਮ ਕੜੀ ਹੈ।  ਹਰ ਇਤਿਹਾਸਕ ਸਿੱਖ ਸਮਾਗਮ ‘ਚ ਭਗਵਿਆਂ ਤੇ ਭਾਜਪਾਈਆਂ ਨੂੰ ਮੋਹਰੀ ਰੱਖਣਾ ਵੀ, ਇਸੇ ਸਾਜ਼ਿਸ ਦਾ ਹਿੱਸਾ ਹੈ।  ਦਸਮੇਸ਼ ਪਿਤਾ, ਸਾਹਿਬ-ਏ-ਕਮਾਲ, ਗੁਰੂ ਗੋਬਿੰਦ ਸਿੰਘ ਜੀ ਦੀ ਸਾਢੇ ਤਿੰਨਵੀਂ ਸ਼ਤਾਬਦੀ, ਵੋਟਾਂ ਨੂੰ ਮੁੱਖ ਰੱਖਦਿਆਂ ਮਨਾਈ ਜਾ ਰਹੀ ਹੈ।  ਪ੍ਰੰਤੂ ਇਹਨਾਂ ਸ਼ਤਾਬਦੀ ਸਮਾਗਮ ‘ਚ ਗੰਗੂ ਬਾਹਮਣ ਦੇ ਵਾਰਿਸ ਮੋਹਰੀ ਹੋਣਗੇ।  100 ਕਰੋੜ ਦੇ ਕੇ, ਉਹ ਸਿੱਖਾਂ ਤੇ ਉਲਟਾ ਅਹਿਸਾਨ ਕਰਦੇ ਹਨ ਤੇ ਜਿਸ ਤਲਵਾਰ ਨੂੰ ਦਸਮੇਸ਼ ਪਿਤਾ ਨੇ ਜਾਬਰ ਤੇ ਜਬਰ ਦੇ ਖ਼ਾਤਮੇ ਲਈ ਚੁੱਕਣ ਦੇ ਆਦੇਸ਼ ਦਿੱਤੇ ਹੋਏ ਹਨ, ਉਸੇ ਤਲਵਾਰ ਨੂੰ ਇਹ ਜਾਬਰ, ਦਸਮੇਸ਼ ਪਿਤਾ ਦੇ ਨਾਮ ਤੇ ਹੋ ਰਹੇ ਸਮਾਗਮ ‘ਚ ਲਹਿਰਾਉਣਗੇ।  ਕੀ ਇਸ ਨਾਲ ਸਿੱਖੀ ਦੀ ਮਹਾਨ, ਉਚੀ ਸੁੱਚੀ ਪਿਰਤ ਨੂੰ ਧੱਬਾ ਨਹੀਂ ਲੱਗਦਾ ? ਅਸੀਂ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ, ”ਪੰਜਾਬ ਤੇ ਭਗਵਾਂ ਹੱਲਾ ਹੋ ਗਿਆ ਹੈ? ਸਿੱਖ ਪੰਥ ਜੀ ਜਾਗੋ ਅਤੇ ਜਾਗਦੇ ਰਹੋ!” ਪ੍ਰੰਤੂ ਪਦਾਰਥੀ ਤੇ ਸੁਆਰਥੀ ਹੋ ਗਿਆ ਅੱਜ ਦਾ ਸਿੱਖ ਪੰਥ ਸਾਡੇ ਹੋਕੇ ਨੂੰ ਸੁਣ ਕੇ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ।  ਜਿਸ ਕਾਰਣ ਧਾੜਵੀਆਂ ਨੇ ਸਾਡੇ ਤਖ਼ਤ ਸਾਹਿਬਾਨ ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ ਤੱਕ ਘੜ ਲਈ ਹੈ ”ਸਿੱਖ ਹਿੰਦੂ ਧਰਮ ਦਾ ਅੰਗ ਹੈ”, ਇਸ ਨਾਅਰੇ ਦੀ ਪੂਰਤੀ ਲਈ ਪੂਰੀ ਭਗਵਾਂ ਬ੍ਰਿਗੇਡ ਆਪਣੇ ਮੁਖੀ ਮੋਹਨ ਭਾਗਵਤ ਸਮੇਤ ਜੁਟੀ ਹੋਈ ਹੈ।
ਪੰਜਾਬ ਤੇ ਚਹੁੰ ਤਰਫੇ ਹਮਲੇ ਦੀ ਦੁਹਾਈ ਅਸੀਂ ਲੰਬੇ ਸਮੇਂ ਤੋਂ ਦਿੰਦੇ ਆ ਰਹੇ ਹਾਂ, ਪ੍ਰੰਤੂ ਪੰਜਾਬ ਤੇ ਭਗਵੇਂ ਕਰਨ ਦਾ ਜਿਹੜਾ ਹੱਲਾ ਭਗਵਾਂ ਬ੍ਰਿਗੇਡ ਨੇ ਤੇਜ਼ੀ ਨਾਲ ਬੋਲਿਆ ਹੈ, ਉਹ ਸਭ ਤੋਂ ਖਤਰਨਾਕ ਹੈ ਅਤੇ ਇਸਨੂੰ ਰੋਕਣਾ ਸਭ ਤੋਂ ਜ਼ਰੂਰੀ ਹੈ।  ਕਿਉਂਕਿ ਇਹ ਹੱਲਾ ਸਿੱਖੀ ਦੀ ਹੋਂਦ ਤੇ ਹੈ, ਸਿੱਖ ਸਭਿਅਤਾ ਤੇ ਹੈ, ਗੁਰੂ ਤੇ ਗੁਰਬਾਣੀ ਤੇ ਹੈ।  ਜੇ ਅੱਜ ਵੀ ਕੌਮ ਗਫ਼ਲਤ ਦੀ ਨੀਂਦ ਸੁੱਤੀ ਰਹੀ, ਨਿੱਜੀ ਹੳੂਮੈ ‘ਚ ਗਲ਼ਤਾਨ ਰਹੀ, ਆਪਸੀ ਫੁੱਟ ਦਾ ਸ਼ਿਕਾਰ ਰਹੀ।  ਚੌਧਰ ਤੇ ਚਾਪਲੂਸੀ ‘ਚ ਰੁੱਝੀ ਰਹੀ, ਫ਼ਿਰ ਭਗਵਾਂ ਤਾਕਤ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਰਹੇਗਾ।  ਜਿਸ ਤਰਾਂ ੴ ਅਤੇ ਓਮ ਨੂੰ ਇਕੱਠਾ ਕਰਨ ਦਾ ਯਤਨ ਹੋ ਰਿਹਾ ਹੈ, ੴ ‘ਚ ਬ੍ਰਹਮਾ, ਵਿਸ਼ਨੂੰ, ਮਹੇਸ਼ ਵਾੜੇ ਜਾ ਰਹੇ ਹਨ, ਉਸ ਤੋਂ ਸੰਘ ਪਰਿਵਾਰ ਦੀ ਸਿੱਖੀ ਨੂੰ ਹੜੱਪਣ ਅਤੇ ਸਿੱਖੀ ਤੇ ਭਗਵਾਂ ਰੰਗ ਚਾੜਨ ਦੀ ਡੂੰਘੀ ਸਾਜ਼ਿਸ ਪੂਰੀ ਤਰਾਂ ਬੇਨਕਾਬ ਹੋ ਰਹੀ ਹੈ।  ਅੱਜ ਜਿਥੇ ਭਗਵਾਂ ਬ੍ਰਿਗੇਡ ਦੀਆਂ ਇਹਨਾਂ ਮਕਾਰ ਚਾਲਾਂ ਨੂੰ ਪਛਾੜਨ ਦੀ ਵੱਡੀ ਲੋੜ ਹੈ, ਉਥੇ ਆਮ ਸਿੱਖਾਂ ਨੂੰ ਭਗਵਾਂ ਬ੍ਰਿਗੇਡ ਦੇ ਇਸ ਕੂੜ ਪ੍ਰਚਾਰ ਤੋਂ ਬਚਾਉਣ ਲਈ, ਉਹਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀ ਸੇਧ, ਸਰਲ ਢੰਗ ਨਾਲ ਸਮਝਾਉਣ ਦੀ ਉਸ ਤੋਂ ਵੱਡੀ ਲੋੜ ਹੈ। ਸਿੱਖੀ ਦੇ ਨਿਆਰੇ ਤੇ ਨਿਰਾਲੇਪਣ ਨੂੰ ਖੋਰਾ ਲਾਉਣ ਦੇ ਇਹਨਾਂ ਯਤਨਾਂ ਵਿਰੁੱਧ ਹੁਣ ਫੋਕੀ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਾ।  ਇਸ ਵਿਰੁੱਧ ਯੋਜਨਾਬੱਧ ਢੰਗ ਨਾਲ ਲਹਿਰ ਆਰੰਭਣੀ ਪਵੇਗੀ ਤਾਂ ਕਿ ਆਮ ਸਿੱਖ ਇਸ ਭਗਵੇਂ ਹੱਲੇ ਨੂੰ ਮਹਿਸੂਸ ਕਰੇ ਅਤੇ ਇਸ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਤੱਤਪਰ ਹੋਵੇ।  ਇਤਿਹਾਸ ਗਵਾਹ ਹੈ ਕਿ ਜਦੋਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖੀ ਤੇ ਸਿੱਧਾ ਹਮਲਾ ਬੋਲਿਆ, ਉਦੋਂ ਸਿੱਖੀ ਦੀ ਧਾਰ ਹੋਰ ਤਿੱਖੀ ਹੋਈ ਹੈ।  ਅੱਜ ਸਿੱਖੀ ਦੀ ਜ਼ਮੀਰ ਨੂੰ ਟੁੰਬਣ ਅਤੇ ਜਗਾਉਣ ਦਾ ਸਬੱਬ ਭਗਵਾਂ ਬ੍ਰਿਗੇਡ ਨੇ ਪੈਦਾ ਕਰ ਦਿੱਤਾ ਹੈ।  ਇਸ ਲਈ ਹਰ ਜਾਗਰੂਕ ਸਿੱਖ ਨੂੰ, ਸਿੱਖ ਆਗੂਆਂ ਤੋਂ ਕੋਈ ਉਮੀਦ ਛੱਡ ਕੇ, ਖ਼ੁਦ ਇਸ ਜੰਗ ‘ਚ ਸ਼ਾਮਲ ਹੋ ਜਾਣਾ ਚਾਹੀਦਾ ਹੈ।  ਕੌਮ ਦੇ ਦਾਨਿਸ਼ਵਰ, ਗਿਆਨੀ ਦਿੱਤ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤ ਤੋਂ ਅਗਵਾਈ ਲੈ ਕੇ, ਇਸ ਭਗਵੇਂ ਹੱਲੇ ਦੇ ਮੁਕਾਬਲੇ ਲਈ ਕੌਮ ਨੂੰ ਸੇਧ ਦੇਣ ਤਾਂ ਕਿ ਇਸ ਮਕਾਰ ਹੱਲੇ ਦਾ ਸਿਆਣਪ, ਦਲੇਰੀ ਅਤੇ ਸਿੱਖੀ ਰਵਾਇਤਾਂ ਅਨੁਸਾਰ ਜਵਾਬ ਦਿੱਤਾ ਜਾ ਸਕੇ।  ਇਕ-ਦੂਜੇ ਵੱਲ ਵੇਖਣ ਜਾਂ ਇਕ ਦੂਜੇ ਦੀ ਨੁਕਤਾਚੀਨੀ ਕਰਨ ਦੀ ਥਾਂ ਹਰ ਸੱਚੇ ਸਿੱਖ ਨੂੰ ਖ਼ੁਦ ਹੀ ਮੈਦਾਨ ‘ਚ ਨਿੱਤਰ ਪੈਣਾ ਚਾਹੀਦਾ ਹੈ।  ਅਸੀਂ ਇਹਨਾਂ ਤਾਕਤਾਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸੇ ਅਤੇ ਸਿੱਖ ਸਭਿਅਤਾ ‘ਚ ਕਿਸੇ ਤਰਾਂ ਦੀ ਮਿਲਾਵਟ ਨਹੀਂ ਕਰਨ ਦੇਣੀ ਅਤੇ ਜੇ ਅਸੀਂ ਇਸ ‘ਚ ਕਾਮਯਾਬ ਰਹਿੰਦੇ ਹਾਂ ਤਾਂ ਇਹੋ ਸਾਡੀ ਜਿੱਤ ਹੋਵੇਗੀ।  ਦੁਸ਼ਮਣ ਤਾਕਤਾਂ ਸਾਡੀਆਂ ਕਮਜ਼ੋਰੀਆਂ ਦਾ ਲਾਹਾ ਲੈ ਕੇ ਸਾਨੂੰ ਆਪਣੇ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ‘ਚ ਹਨ, ਇਸ ਲਈ ਭਗਵਾਂ ਬ੍ਰਿਗੇਡ ਦੇ ਮਨਸੂਬਿਆਂ ਨੂੰ ਸਭ ਤੋਂ ਪਹਿਲਾ ਨੰਗਾ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਸਿੱਖ ਕੱਲ ਨੂੰ ਇਹ ਬਹਾਨਾ ਨਾ ਬਣਾਵੇ ਕਿ ”ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ।”