ਸ਼੍ਰੋਮਣੀ ਕਮੇਟੀ ਸਥਾਪਨਾ ਤੋਂ ਭੋਗ ਤੱਕ…

ਜਸਪਾਲ ਸਿੰਘ ਹੇਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਮ ਇਹ ਸ਼ਬਦ ਲਿਖਣ ਤੋਂ ਇਨਕਾਰੀ ਤਾਂ ਨਹੀਂ ਝਿਜਕ ਜ਼ਰੂਰ ਰਹੀ ਹੈ।  ਕੀ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਨੂੰ ਹੁਣ ਸਿੱਖਾਂ ਦੀ ਧਾਰਮਿਕ ਸੰਸਥਾ ਆਖਿਆ ਜਾ ਸਕਦਾ ਹੈ? ਕੀ ਇਸ ਦੇ ਨਾਮ ਅੱਗੇ ਸ਼੍ਰੋਮਣੀ ਲਾਇਆ ਜਾ ਸਕਦਾ ਹੈ? ਕੀ ਇਹ ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੀ ਹੈ? ਕੀ ਇਹ ਹੁਣ ਕਮੇਟੀ ਹੈ? ਕਲਮ ਪਹਿਲਾ ਇਹਨਾਂ ਸਾਰੇ ਸੁਆਲਾਂ ਦਾ ਜਵਾਬ ਮੰਗਦੀ ਹੈ।  ਅਸੀਂ ਸ਼੍ਰੋਮਣੀ ਕਮੇਟੀ ਦੀ ਸਥਾਪਤੀ ਤੋਂ ਭੋਗ ਤੱਕ ਲਿਖ ਰਹੇ ਹਾਂ? ਆਖ਼ਰ ਕਿਉਂ? ਕਲਮ ਦਾ ਪਹਿਲਾ ਸੁਆਲ ਸੀ ਕਿ ਕੀ ਸ਼੍ਰੋਮਣੀ ਕਮੇਟੀ ਹੁਣ ਸਿੱਖ ਦੀ ਧਾਰਮਿਕ ਸੰਸਥਾ ਹੈ? ਅਸੀਂ ਕੀ, ਕੋਈ ਸੱਚਾ ਸਿੱਖ ਆਪਣੇ ਦਿਲ ਤੇ ਹੱਥ ਰੱਖ ਕੇ ਇਸ ਸੁਆਲ ਦਾ ਜਵਾਬ ਦੇਵੇਗਾ ਤਾਂ ਉਸਦਾ ਜਵਾਬ ਨਹੀਂ ਹੋਵੇਗਾ।  ਨਾਲ ਹੀ ਉਹ ਇਹ ਟਿੱਪਣੀ ਵੀ ਜ਼ਰੂਰ ਕਰੇਗਾ ਕਿ ਸ਼੍ਰੋਮਣੀ ਕਮੇਟੀ ਹੁਣ ਸਿੱਖਾਂ ਦੀ ਨਹੀਂ, ਸਗੋਂ ਇਕ ਰਾਜਸੀ ਪਰਿਵਾਰ ਬਾਦਲਕਿਆਂ ਦੀ ਗੁਲਾਮ ਹੋ ਕੇ ਰਹਿ ਗਈ ਹੈ।  ਇਸ ਲਈ ਸ਼੍ਰੋਮਣੀ ਕਮੇਟੀ ਹੁਣ ਉਹ ਕੁਝ ਨਹੀਂ ਕਰ ਰਹੀ, ਜਿਸਦੀ ਸਿੱਖਾਂ ਨੂੰ ਤੇ ਸਿੱਖੀ ਨੂੰ ਲੋੜ ਹੈ।
ਸ਼੍ਰੋਮਣੀ ਕਮੇਟੀ ਉਹ ਕਰ ਰਹੀ ਹੈ, ਜੋ ਨਾਗਪੁਰੀ ਭਗਵਾਂ ਤਖ਼ਤ ਚਾਹੁੰਦਾ ਹੈ।  ਬਾਦਲਾਂ ਰਾਹੀਂ ਸ਼੍ਰੋਮਣੀ ਕਮੇਟੀ ਅਸਿੱਧੇ ਰੂਪ ‘ਚ ਭਗਵਿਆਂ ਦੇ ਕਬਜ਼ੇ ‘ਚ ਹੈ ਅਤੇ ਇਸ ਕਾਰਣ ਗੁਰਦੁਆਰਾ ਸਾਹਿਬਾਨਾਂ ‘ਚ ਬ੍ਰਾਹਮਣੀ ਕਰਮ ਕਾਂਡ ਧੜੱਲੇ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ, ਸਿੱਖਾਂ ਦੇ ਦਿਮਾਗ ਤੇ ਬ੍ਰਾਹਮਣਵਾਦੀ ਕਰਮਕਾਂਡਾਂ ਦੀ ਪੁੱਠ ਚਾੜੀ ਜਾ ਰਹੀ ਹੈ।  ਜਿਸ ਕਾਰਣ ਹੀ ਨਾਗਪੁਰੀ ਤਖ਼ਤ ਇਹ ਦਾਅਵਾ ਕਰ ਰਿਹਾ ਹੈ ਕਿ 2070 ਤੱਕ ਇਸ ਧਰਤੀ ਤੋਂ ਸਿੱਖੀ ਦਾ ਬੂਟਾ ਪੱਟ ਦਿੱਤਾ ਜਾਵੇਗਾ।  ਕਲਮ ਦਾ ਅਗਲਾ ਸੁਆਲ ਹੈ ਕਿ ਕੀ ਸ਼੍ਰੋਮਣੀ ਕਮੇਟੀ ਨੂੰ ਹੁਣ ਸ਼੍ਰੋਮਣੀ ਆਖਿਆ ਜਾ ਸਕਦਾ ਹੈ।  ਜਵਾਬ ਪਹਿਲੇ ਸੁਆਲ ‘ਚ ਹੀ ਹੈ, ਜਿਹੜੀ ਸੰਸਥਾ ਅਜ਼ਾਦ ਨਾ ਹੋਵੇ, ਖ਼ੁਦ ਮੁਖਤਿਆਰ ਨਾ ਹੋਵੇ, ਸਗੋਂ ਗੁਲਾਮ ਹੋਵੇ, ਫ਼ਿਰ ਉਹ ਸ਼੍ਰੋਮਣੀ ਕਿਵੇਂ ਹੋ ਸਕਦੀ ਹੈ? ਅਗਲਾ ਸੁਆਲ ਹੈ ਕਿ ਕੀ ਇਹ ਕਮੇਟੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰ ਰਹੀ ਹੈ।  ਜਿਸ ਸੰਸਥਾ ਨੇ ਗੁਰੂ ਘਰ ਨੂੰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦੇ ਕੇਂਦਰ ਦੀ ਥਾਂ, ਭ੍ਰਿਸ਼ਟਾਚਾਰ ਤੇ ਰਾਜਸੀ ਮਨੋਰਥ ਲਈ ਵਰਤੇ ਜਾਣ ਵਾਲੇ ਕੇਂਦਰ ਬਣਾ ਦਿੱਤਾ ਹੋਵੇ, ਸਿੱਖੀ ਦੀ ਥਾਂ ਬ੍ਰਾਹਮਣੀਕਰਮ ਕਾਂਡ ਦਾ ਪ੍ਰਚਾਰ ਤੇ ਪਾਸਾਰ ਹੋਵੇ, ਫ਼ਿਰ ਉਸ ਬਾਰੇ ਇਹ ਕਿਵੇਂ ਤਸਦੀਕ ਕੀਤਾ ਜਾ ਸਕਦਾ ਹੈ ਕਿ ਉਹ ਗੁਰੂ ਘਰਾਂ ਦਾ ਪ੍ਰਬੰਧ ਕਰ ਰਹੀ ਹੈ।  ਆਖ਼ਰੀ ਸੁਆਲ, ਆਖ਼ਰੀ ਸ਼ਬਦ ਕਮੇਟੀ ਬਾਰੇ ਹੈ।
ਕਮੇਟੀ ਚਾਹੇ ਕੋਈ ਵੀ ਹੋਵੇ, ਉਸ ਦੀ ਆਪਣੀ ਅਜ਼ਾਦ ਹਸਤੀ ਜ਼ਰੂਰ ਹੁੰਦੀ ਹੈ, ਉਹ ਕਿਸ ਸੋਚ ਨੂੰ ਪ੍ਰਣਾਈ ਹੁੰਦੀ ਹੈ, ਆਪਣੇ ਫੈਸਲੇ ਖ਼ੁਦ ਘੜਦੀ ਹੈ, ਖ਼ੁਦ ਕਰਦੀ ਹੈ।  ਉਹਨਾਂ ਨੂੰ ਲਾਗੂ ਕਰਵਾਉਂਦੀ ਹੈ।  ਪ੍ਰੰਤੂ ਇਸ ਸੰਸਥਾ ਨੂੰ ਇਹ ਅਧਿਕਾਰ ਨਹੀਂ, ਇਸਨੇ ਬਾਦਲ ਪਰਿਵਾਰ ਦੇ ਹੁਕਮਾਂ ਦੀ ਸਿਰਫ਼ ਅੱਖਾਂ ਮੀਚ ਕੇ ਪਾਲਣਾ ਕਰਨੀ ਹੁੰਦੀ ਹੈ।  ਸਿੱਖਾਂ ਦੀ ਚੁਣੀ ਹੋਈ ਕਦੇ ਸਿਰਮੌਰ ਧਾਰਮਿਕ ਸੰਸਥਾ, ਜਿਸਦੀ ਰਾਖ਼ੀ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ‘ਚ ਆਇਆ ਸੀ, ਅੱਜ ਉਸ ਸੰਸਥਾ ਨੂੰ ਅਕਾਲੀ ਦਲ ਦਾ ਮਖੌਟਾ ਪਾ ਕੇ ਬਾਦਲ ਪਰਿਵਾਰ ਨਿਗਲ ਗਿਆ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸਦੇ ਕੌਮ ਵੱਲੋਂ ਦਿੱਤੇ, ਪ੍ਰਵਾਨ ਕੀਤੇ ਨਾਮ ਦੇ ਨਾਲ ਬੁਲਾਉਣ ਲਈ ਸਭ ਤੋਂ ਪਹਿਲਾ ਇਸਨੂੰ ਅਜ਼ਾਦ ਕਰਵਾਉਣਾ ਜ਼ਰੂਰੀ ਹੈ।  ਜੇ ਸਿੱਖਾਂ ਦੀਆਂ ਆਪਣੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਹੀ ਗ਼ੁਲਾਮ ਰਹੀਆਂ, ਫ਼ਿਰ ਸਿੱਖ ਆਪਣੇ ਲਈ ਅਜ਼ਾਦੀ ਦੀ ਆਸ ਕਿਵੇਂ ਲਾਈ ਬੈਠੇ ਹਨ?