ਆਸਟਰੇਲੀਆ ਨਾਲ ਭਿੜਨ ਵਾਲੀ ਟੀਮ ਦੀ ਚੋਣ

-ਪੰਜਾਬੀਲੋਕ ਬਿਊਰੋ
ਆਸਟ੍ਰੇਲੀਆ ਵਿਰੁਧ ਪਹਿਲੇ ਤਿੰਨ ਇਕ ਦਿਨਾ ਮੈਚਾਂ ਲਈ ਭਾਰਤੀ ਕ੍ਰਿਕਟ ਦੀ 16 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ। ਟੀਮ ਇੰਡੀਆ ‘ਚ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ। ਦੋਵੇਂ ਫਿਕਰੀ ਗੇਂਦਬਾਜ਼ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਟੀਮ ‘ਚ ਨਹੀਂ ਹਨ। ਆਫ਼ ਸਪਿਨਰ ਅਸ਼ਵਿਨ ਫਿਲਹਾਲ ਕਾਊਂਟੀ ਕ੍ਰਿਕਟਰ ‘ਚ ਰੁੱਝੇ ਹੋਏ ਹਨ, ਜਦੋਂ ਕਿ ਖੱਬੇ ਹੱਥ ਦੇ ਸਪਿੰਨਰ ਜਡੇਜਾ ਨੂੰ ਆਰਾਮ ਦਿਤਾ ਗਿਆ ਹੈ। ਯੁਵਰਾਜ ਸਿੰਘ ਨੂੰ ਮੌਕਾ ਨਹੀਂ ਦਿਤਾ ਗਿਆ ਹੈ। ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਯਾਦਵ, ਅਜਿੰਕੇ ਰਹਾਣੇ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯਜੁਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਟੀਮ ‘ਚ ਚੁਣਿਆ ਗਿਆ ਹੈ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਇਸ ਟੀਮ ‘ਚ ਸਿਰਫ਼ ਇਕ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੂੰ ਬਾਹਰ ਕੀਤਾ ਗਿਆ ਹੈ ਅਤੇ ਉਮੇਸ਼ ਅਤੇ ਸ਼ਮੀ ਨੂੰ ਸ੍ਰੀਲੰਕਾ ‘ਚ ਟੈਸਟ ਲੜੀ ਤੋਂ ਬਾਅਦ ਆਰਾਮ ਦਿਤਾ ਗਿਆ ਅਤੇ ਹੁਣ ਬਰੇਕ ਤੋਂ ਬਾਅਦ ਉਨਾਂ ਦੀ ਵਾਪਸੀ ਹੋਈ ਹੈ। ਉਧਰ ਸਟੀਵ ਸਮਿਥ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ 27 ਦਿਨਾਂ ਦੇ ਭਾਰਤ ਦੌਰੇ ਦਾ ਪਹਿਲਾ ਮੁਕਾਬਲਾ 17 ਸਤੰਬਰ ਨੂੰ ਖੇਡੇਗੀ। ਇਸ ਦੌਰਾਨ ਪੰਜ ਇਕ ਦਿਨਾ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਆਸਟ੍ਰੇਲੀਆ ਦੀ ਟੀਮ ਨੇ ਇਸੇ ਸਾਲ ਫ਼ਰਵਰੀ-ਮਾਰਚ ਦੌਰਾਨ ਚਾਰ ਟੈਸਟ ਮੈਚਾਂ ਦੀ ਲੜੀ ਖੇਡੀ ਸੀ। ਉਦੋਂ ਉਸ ਨੂੰ ਭਾਰਤ ਨੇ 2-1 ਨਾਲ ਹਰਾਇਆ ਸੀ। ਹਾਲਾਂਕਿ ਸੀਰੀਜ਼ ਦਾ ਦੂਸਰਾ ਟੈਸਟ ਜਿੱਤ ਕੇ ਆਸਟ੍ਰੇਲੀਆ ਨੇ 2015 ਤੋਂ ਆ ਰਹੇ ਭਾਰਤੀ ਟੀਮ ਦੇ ਜੇਤੂ ਕ੍ਰਮ ਨੂੰ ਤੋੜਿਆ ਸੀ।
ਆਸਟ੍ਰੇਲੀਆ ਵਿਰੁਧ ਇਕ ਦਿਨਾ ਲੜੀ ‘ਚ ਜਿੱਤ ਕੇ ਟੀਮ ਇੰਡੀਆ ਰੈਂਕਿੰਗ ‘ਚ ਨੰਬਰ ਇਕ ਦਾ ਦਰਜਾ ਪ੍ਰਾਪਤ ਕਰ ਸਕਦੀ ਹੈ। ਭਾਰਤੀ ਟੀਮ ਫਿਲਹਾਲ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਹੈ। ਦੂਜੇ ਸਥਾਨ ‘ਤੇ ਮੌਜੂਦ ਆਸਟ੍ਰੇਲੀਆ ਤੋਂ ਉਹ ਸਿਰਫ਼ ਪੁਆਇੰਟ ਅੰਕ ਨਾਲ ਪਿੱਛੇ ਹਨ, ਜਦੋਂ ਕਿ ਦੱਖਣੀ ਅਫ਼ਰੀਕਾ ਸਿਖਰ ‘ਤੇ ਹੈ।