ਕੁੰਬਲੇ ਦੇ ਅਸਤੀਫੇ ਦਾ ਕਾਰਨ ਕੋਹਲੀ!!

-ਪੰਜਾਬੀਲੋਕ ਬਿਊਰੋ
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੂੰ ਆਖਰ ਅਸਤੀਫਾ ਦੇਣਾ ਹੀ ਪਿਆ, ਅਸਤੀਫਾ ਦੇਣ ਤੋਂ ਬਾਅਦ ਅਨਿਲ ਕੁੰਬਲੇ ਨੇ ਕਿਹਾ ਕਿ ਮੈਨੂੰ ਇਕ ਦਿਨ ਪਹਿਲਾ ਹੀ ਬੀ.ਸੀ.ਸੀ.ਆਈ. ਤੋਂ ਪਤਾ ਲੱਗਿਆ ਸੀ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਮੇਰਾ ‘ਸਟਾਇਲ’ ਅਤੇ ਮੇਰਾ ਮੁੱਖ ਕੋਚ ਦੇ ਤੌਰ ‘ਤੇ ਰਹਿਣਾ ਪਸੰਦ ਨਹੀਂ ਹੈ। ਇਹ ਜਾਣਕੇ ਮੈਨੂੰ ਬਹੁਤ ਹੈਰਾਨੀ ਹੋਈ। 46 ਸਾਲਾ ਕੁੰਬਲੇ ਨੇ ਪਿਛਲੇ ਸਾਲ ਜੂਨ ‘ਚ ਭਾਰਤੀ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਦਾਰੀ ਸੰਭਾਲੀ ਸੀ। ਉਨਾਂ ਦੇ ਕੋਚ ਸਮੇਂ ਭਾਰਤੀ ਟੀਮ ਨੇ 17 ਟੈਸਟ ਮੈਚਾਂ ‘ਚੋਂ 12 ‘ਚ ਜਿੱਤ ਹਾਸਲ ਕੀਤੀ। ਉਨਾਂ ਨੇ ਇਸ ਉਪਲਬੱਧੀ ਦਾ ਸਿਹਰਾ ਕਪਤਾਨ, ਪੂਰੀ ਟੀਮ, ਕੋਚਿੰਗ ਅਤੇ ਸਪੋਰਟਸ ਸਟਾਫ ਨੂੰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਤੋਂ ਪਹਿਲਾ ਅਨਿਲ ਕੁੰਬਲੇ ਤੇ ਵਿਰਾਟ ਕੋਹਲੀ ਵਿਚਕਾਰ ਤਲਖ਼ਭਰੀ ਬਹਿਸਬਾਜ਼ੀ ਹੋਈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਹਲੀ ਨੇ ਕੁੰਬਲੇ ਨੂੰ ਇਤਰਾਜ਼ਯੋਗ ਸ਼ਬਦ ਵੀ ਬੋਲੇ ਹਨ। ਕੋਹਲੀ ਨੇ ਇਹ ਵੀ ਕਿਹਾ ਕਿ ਟੀਮ ਦੇ ਖਿਡਾਰੀ ਨਹੀਂ ਚਾਹੁੰਦੇ ਹਨ ਕਿ ਉਹ (ਕੁੰਬਲੇ) ਕੋਚ ਬਣੇ ਰਹਿਣ। ਜਿਸ ‘ਤੇ ਕੁੰਬਲੇ ਨੇ ਨਾਰਾਜ਼ ਹੁੰਦੇ ਹੋਏ ਕਿਹਾ ਕਿ ਹੁਣ ਇਹ ਨਹੀਂ ਚੱਲੇਗਾ।