ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਆਪਣਿਆਂ ਤੋਂ ਖਤਰਾ!

-ਪੰਜਾਬੀਲੋਕ ਬਿਊਰੋ
ਖੇਡ ਨੂੰ ਸਿਰਫ ਖੇਡ ਨਾ ਰਹਿਣ ਵਿੱਚ ਭਾਰਤੀਆਂ ਦਾ ਕੋਈ ਮੁਕਾਬਲਾ ਨਹੀਂ ਹੈ, ਜਿਹਨਾਂ ਦੀ ਸੋਚ ਵਿੱਚ ਸਿਰਫ ਜਿੱਤ ਹੀ ਭਾਰੂ ਹੁੰਦੀ ਹੈ, ਆਈ ਸੀ  ਸੀ ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਾਕਿਸਤਾਨ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ 180 ਰਨਾਂ ਦੇ ਵੱਡੇ ਫਰਕ ਨਾਲ ਹਰਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ, ਇਸ ‘ਤੇ ਭਾਰਤ ਵਿੱਚ ਰੋਸ ਤੇ ਰੋਹ ਪੱਸਰਿਆ ਪਿਆ ਹੈ, ਹਾਲਤ ਇਹ ਹੈ ਕਿ ਭਾਰਤੀ ਖਿਡਾਰੀਆਂ ਦੀ ਜਾਨ ਨੂੰ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਤੋਂ ਹੀ ਖਤਰਾ ਖੜਾ ਹੋ ਗਿਆ ਹੈ,  ਟੀਮ ਇੰਡੀਆ ਦੇ ਖਿਡਾਰੀਆਂ ਦੇ ਘਰਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਰਾਂਚੀ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰ ਸਾਹਮਣੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਕਾਨਪੁਰ ਵਿੱਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਕ੍ਰਿਕਟ ਪ੍ਰੇਮੀਆ ਦਾ ਕਹਿਣਾ ਹੈ ਕਿ ਪੂਰੇ ਟੂਰਨਾਮੈਂਟ ਵਿੱਚ ਭਾਰਤ ਦੀ ਟੀਮ ਸ਼ਾਨਦਾਰ ਖੇਡੀ ਅਜਿਹੇ ਵਿੱਚ ਫਾਈਨਲ ਵਿੱਚ ਟੀਮ ਦਾ ਪ੍ਰਦਰਸ਼ਨ ਸਮਝ ਤੋਂ ਬਾਹਰ ਹੈ। ਆਗਰਾ ਵਿੱਚ ਤਾਂ ਲੋਕਾਂ ਨੇ ਗ਼ੁੱਸੇ ਵਿੱਚ ਆ ਕੇ ਆਪਣੇ ਟੀਵੀ ਤੋੜ ਦਿੱਤੇ। ਗ਼ੁੱਸਾ ਬਾਲੀਵੁੱਡ ਸਟਾਰ ਨੂੰ ਵੀ ਆਇਆ ਹੋਇਆ ਹੈ। ਅਭਿਨੇਤਾ ਅਨੁਪਮ ਖੇਰ ਨੇ ਲਿਖਿਆ,”ਬਹੁਤ ਡਰਾਫ਼ਟ ਬਣਾਏ ਮੈਂ ਇਸ ਟਵੀਟ ਦੇ, ਸਮਾਰਟ ਗੱਲਾਂ ਲਿਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੱਚ ਇਹ ਹੈ ਕਿ ਅਸੀਂ ਮੈਚ ਹਾਰ ਗਏ, ਬੁਰਾ ਤਾਂ ਲੱਗ ਹੀ ਰਿਹਾ ਹੈ।”
ਇਕ ਟੀ ਵੀ ਚੈਨਲ ਨੇ ਭਾਰਤੀ ਖਿਡਾਰੀਆਂ ਦੀ ਤਸਵੀਰ ਪ੍ਰਸਾਰਿਤ ਕਰਦਿਆਂ ਕੈਪਸ਼ਨ ਦਿੱਤੀ ਸੀ ਕਿ ਯੇ ਹੈਂ ਭਾਰਤ ਦੀ ਹਾਰ ਦੇ ਮੁਜਰਿਮ, ਤੇ ਰਾਸ਼ਟਰ ਭਗਤੀ ਦਾ ਆਪਣੇ ਤਰੀਕੇ ਨਾਲ ਮੁਜ਼ਾਹਰਾ ਕੀਤਾ ਸੀ।
ਓਧਰ ਕਸ਼ਮੀਰ ਵਿੱਚ ਵੱਖਵਾਦੀਆਂ ਨੇ ਪਾਕਿਸਤਾਨ ਦੀ ਜਿੱਤ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ,  ਹੁਰੀਅਤ ਆਗੂ ਮੀਰਵਾਈਜ਼ ਉਮਰ ਫ਼ਾਰੂਕ ਦੇ ਸਮਰਥਕਾਂ ਨੇ ਪਟਾਕੇ ਚਲਾਏ।ਸਰਹੱਦ ‘ਤੇ ਪਾਕਿਸਤਾਨੀ ਫੌਜੀਆਂ ਨੇ ਹਵਾਈ ਫਾਇਰਿੰਗ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।