ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਥਾਣਾ ਟਾਂਡਾ ਦਾ ਘਿਰਾਓ

-ਪੰਜਾਬੀਲੋਕ ਬਿਊਰੋ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੀਤੇ ਐਲਾਨ ਮੁਤਾਬਿਕ ਝੂਠਾ ਕੇਸ ਰੱਦ ਕਰਕੇ ਮਜ਼ਦੂਰ ਆਗੂ ਤੇ ਇੱਕ ਹੋਰ ਨੌਜਵਾਨ ਨੂੰ ਰਿਹਾਅ ਕਰਨ, ਰਿਹਾਇਸ਼ੀ ਪਲਾਟਾਂ ਤੇ ਪੰਚਾਇਤੀ ਜ਼ਮੀਨ ‘ਚੋਂ ਦਲਿਤਾਂ ਦੇ ਬਣਦੇ ਕਾਨੂੰਨੀ ਹੱਕ ਲਈ ਚੱਲ ਰਹੇ ਸੰਘਰਸ਼ ਨੂੰ ਅਸਫ਼ਲ ਬਣਾਉਣ ਦੇ ਮਕਸਦ ਨਾਲ ਯੂਨੀਅਨ ਆਗੂ ਦੇ ਪਰਿਵਾਰਕ ਮੈਂਬਰਾਂ ‘ਤੇ ਕੀਤੇ ਸਾਜਿਸ਼ੀ ਜਾਨਲੇਵਾ ਹਮਲੇ ਦੇ ਸਾਜਿਸ਼ਘਾੜੇ ਤੇ ਹੋਰਾਂ ਵਿਰੁੱਧ ਸਖਤ ਕਾਰਵਾਈ ਕਰਵਾਉਣ ਅਤੇ ਲੋੜਵੰਦਾਂ ਲਈ ਰਿਹਾਇਸ਼ੀ ਪਲਾਟ ਤੇ ਜ਼ਮੀਨ ਦੇ ਬਣਦੇ ਹੱਕ ਵਿੱਚ ਲਾਈਆਂ ਜਾ ਰਹੀਆਂ ਰੋਕਾਂ ਖਤਮ ਕਰਨ ਦੀਆਂ ਮੰਗਾਂ ਦੇ ਹੱਲ ਤੋਂ ਬਿਨਾਂ ਪੁਲੀਸ ਦੀ ਬੇਲੋੜੀ ਦਖਲਅੰਦਾਜੀ ਤੇ ਬਲਾਕ ਅਧਿਕਾਰੀਆਂ ਵੱਲੋਂ ਪੇਂਡੂ ਧਨਾਢਾਂ ਨੂੰ ਖੁਸ਼ ਕਰਨ ਵਾਲੀ ਪਹੁੰਚ ਦੇ ਤਿੱਖੇ ਵਿਰੋਧ ਵਜੋਂ ਅੱਜ ਪੁਲੀਸ ਤੇ ਪ੍ਰਸਾਸ਼ਨ ਵਿਰੁੱਧ ਤਿੰਨ ਘੰਟੇ ਥਾਣਾ ਟਾਂਡਾ ਦਾ ਘਿਰਾਓ ਕੀਤਾ ਗਿਆ। ਪੁਲੀਸ ਤੇ ਪ੍ਰਸਾਸ਼ਨ ਵੱਲੋਂ ਮੌਕੇ ‘ਤੇ ਨਾਇਬ ਤਹਿਸੀਲਦਾਰ ਟਾਂਡਾ ਨੇ ਪੁੱਜ ਕੇ ਦੋ ਦਿਨਾਂ ਦੇ ਵਿੱਚ-ਵਿੱਚ ਪਲਾਟਾਂ ਤੇ ਜ਼ਮੀਨ ਨਾਲ ਸਬੰਧਿਤ ਮੰਗਾਂ ਦੇ ਨਿਪਟਾਰੇ ਲਈ ਐਸ.ਡੀ.ਐਮ. ਦਸੂਹਾ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਕਰਵਾਉਣ ਅਤੇ ਗ੍ਰਿਫਤਾਰ ਆਗੂ ਤੇ ਇੱਕ ਹੋਰ ਨੌਜਵਾਨ ਨੂੰ ਰਿਹਾਅ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਇਹ ਘਿਰਾਓ ਖਤਮ ਹੋਇਆ।
ਪ੍ਰਦਰਸ਼ਨਕਾਰੀ ਇਸਤੋਂ ਪਹਿਲਾਂ ਸਥਾਨਕ ਸ਼ਿਮਲਾ ਪਹਾੜੀ ਪਾਰਕ ਵਿੱਚ ਇਕੱਠੇ ਹੋਏ ਜਿੱਥੋਂ ਉਹ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਥਾਣੇ ਅੱਗੇ ਪੁੱਜੇ। ਇਸ ਸਮੇਂ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲੀਸ ਤੇ ਪ੍ਰਸਾਸ਼ਨ ਦੇ ਅਧਿਕਾਰੀ ਤਨਖਾਹਾਂ ਆਮ ਲੋਕਾਂ ‘ਤੇ ਮੜੇ ਟੈਕਸਾਂ ‘ਚੋਂ ਲੈਂਦੇ ਹਨ ਤੇ ਸੇਵਾ ਮੁੱਠੀ ਭਰ ਪੇਂਡੂ ਧਨਾਢ ਚੌਧਰੀਆਂ, ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਕਰਦੇ ਹਨ। ਸਮੇਂ ਦੀਆਂ ਸਰਕਾਰਾਂ ਵੀ ਇਹਨਾਂ ਦੀ ਪਿੱਠ ‘ਤੇ ਖੜੀਆਂ ਹਨ। ਉਨਾਂ ਕਿਹਾ ਕਿ ਯੂਨੀਅਨ ਵੱਲੋਂ ਲੋੜਵੰਦਾਂ ਲਈ ਰਿਹਾਇਸ਼ੀ ਪਲਾਟਾਂ ਤੇ ਪੰਚਾਇਤੀ ਜ਼ਮੀਨਾਂ ‘ਚੋਂ ਦਲਿਤਾਂ ਲਈ ਬਣਦੇ ਹੱਕ ਅਤੇ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਕਿਸਾਨਾਂ ‘ਚ ਵੰਡਾਉਣ ਲਈ ਚਲਾਏ ਜਾ ਰਹੇ ਸੰਘਰਸ਼ ਕਾਰਨ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਅਲਾਟ ਤੇ ਵਾਧੂ ਜ਼ਮੀਨਾਂ ਦੱਬੀ ਬੈਠੇ ਪੇਂਡੂ ਧਨਾਢ ਚੌਧਰੀਆਂ, ਜਗੀਰਦਾਰਾਂ ਤੇ ਹਾਕਮ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਇਹ ਧਨੀ ਲੋਕ ਇਸ ਸੰਘਰਸ਼ ਨੂੰ ਫੇਲ ਕਰਨ ਲਈ ਕੋਝੀਆਂ ਸਾਜਿਸ਼ਾਂ ਰਚ ਰਹੇ ਹਨ। ਦਲਿਤਾਂ ‘ਚੋਂ ਕੁਝ ਕੁ ਲੋਕਾਂ ਨੂੰ ਉਕਸਾ ਕੇ ਆਪਸ ਵਿੱਚ ਲੜਾਉਣ, ਮਜ਼ਦੂਰ ਆਗੂਆਂ ਜਾਂ ਪਰਿਵਾਰਾਂ ‘ਤੇ ਹਮਲੇ ਕਰਾਉਣੇ ਅਤੇ ਪੁਲੀਸ ਦੀ ਦੁਰਵਰਤੋਂ ਕਰਕੇ ਝੂਠੇ ਕੇਸ ਦਰਜ ਕਰਵਾਕੇ ਮਜ਼ਦੂਰ ਆਗੂਆਂ ਨੂੰ ਜੇਲ ‘ਚ ਬੰਦ ਕਰਨਾ ਇਹਨਾਂ ਕੋਝੀਆਂ ਸਾਜਿਸ਼ਾਂ ਦਾ ਹਿੱਸਾ ਹੈ। ਇਹੀ ਕੁਝ ਟਾਹਲੀ ਪਿੰਡ ਦੇ ਮਾਮਲੇ ਵਿੱਚ ਹੋਇਆ ਹੈ। ਲੋਕਲ ਪੁਲੀਸ ਤੇ ਪ੍ਰਸਾਸ਼ਨ ਦੇ ਅਧਿਕਾਰੀ ਪੇਂਡੂ ਚੌਧਰੀਆਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਹੇ ਹਨ। ਜਿਸ ਕਾਰਨ ਮਜ਼ਦੂਰ ਜਮਾਤ ‘ਚ ਭਾਰੀ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਤਾ ਭਰੋਸਾ ਅਮਲ ‘ਚ ਲਾਗੂ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕੀਤਾ ਜਾਵੇਗਾ ਅਤੇ 25 ਮਈ ਨੂੰ ਸ਼ਾਹਕੋਟ ਹਲਕੇ ਅੰਦਰ ਲੋਕਾਂ ਦੀ ਕਚਹਿਰੀ ਵਿੱਚ ਟਾਂਡਾ ਪੁਲੀਸ ਤੇ ਪ੍ਰਸਾਸ਼ਨ ਦੇ ਲੋਕ ਵਿਰੋਧੀ ਚਿਹਰੇ ਨੂੰ ਬੇਨਕਾਬ ਕੀਤਾ ਜਾਵੇਗਾ।
ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ, ਸੂਬਾਈ ਆਗੂਆਂ ਕਸ਼ਮੀਰ ਸਿੰਘ ਘੁੱਗਸ਼ੋਰ, ਮਹਿੰਦਰ ਸਿੰਘ ਖੈਰੜ, ਕਮਲਜੀਤ ਸਨਾਵਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਸਿੰਘ ਢੇਸੀ, ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ, ਭਾਵਾਧਸ ਦੇ ਕੈਪਟਨ ਸੁਰਜੀਤ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਦੀਕ ਵਿੱਕੀ ਭੂਲਪੁਰ ਆਦਿ ਨੇ ਸੰਬੋਧਨ ਕੀਤਾ।