ਸ਼ਾਹਕੋਟ ਜ਼ਿਮਨੀ ਚੋਣ ਬਣੀ ਸਭ ਦੇ ਨੱਕ ਦਾ ਸਵਾਲ

-ਪੰਜਾਬੀਲੋਕ ਬਿਊਰੋ

ਸ਼ਾਹਕੋਟ ਜ਼ਿਮਨੀ ਚੋਣ ਸਾਰੀਆਂ ਪਾਰਟੀਆਂ ਦੇ ਨੱਕ ਦਾ ਸਵਾਲ ਬਣੀ ਹੋਈ ਹੈ, ਅਕਾਲੀ ਦਲ ਬਾਦਲ ਆਪਣਾ ਗਡ਼ ਬਚਾਉਣ ਦੀ ਕੋਸ਼ਿਸ਼ ਵਿਚ ਹੈ ਤੇ ਕਾਂਗਰਸ ਸਾਖ ਬਚਾਉਣ ਦੀ ਕੋਸ਼ਿਸ਼ ਵਿਚ ਹੈ। ਆਮ ਆਦਮੀ ਪਾਰਟੀ ਆਪਣੀ ਹੋਂਦ ਬਚਾਈ ਰੱਖਣ ਲਈ ਯਤਨ ਕਰ ਰਹੀ ਹੈ, ਇਸ ਹਲਕੇ ਚ ਆਪੋ ਆਪਣੀ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂ ਮੌਕੇ ਦਾ ਫਾਇਦਾ ਲੈ ਰਹੇ ਨੇ. ਸਭ ਤੋਂ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਹੈ, ਜੋ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਰਹੇ ਹਨ।ਹਰਿੰਦਰ ਵਾਲੀਆ ਤੇ ਸੀ ਡੀ ਕੰਬੋਜ ਦੇ ਬਾਦਲਕਿਆਂ ਨਾਲ ਚਲੇ ਜਾਣ ਤੇ ਪਾਰਟੀ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਾਰਟੀ ਦਾ ਆਮ ਵਰਕਰ ਵੀ ਭਗਵੰਤ ਮਾਨ ਵਰਗੇ ਵੱਡੇ ਲੀਡਰ ਦੇ ਇਹਨਾਂ ਚੋਣਾਂ ਚੋਂ ਗਾਇਬ ਹੋਣ ਤੇ ਉਤਸ਼ਾਹਹੀਣ ਹੋਇਆ ਪਿਆ ਹੈ।  

ਇਹ ਧਾਰਨਾ ਹੈ ਕਿ ਜ਼ਿਮਨੀ ਚੋਣ ਤਾਂ ਸੱਤਾਧਾਰੀਆਂ ਨੇ ਜਿੱਤਣੀ ਹੁੰਦੀ ਹੈ, ਜਦਕਿ ਇਤਿਹਾਸ ਇਸ ਦੇ ਉਲਟ ਗਵਾਹੀ ਦੇ ਰਿਹਾ ਹੈ, ਸਾਲ 1994 ਵਿਚ ਸੱਤਾ ਤੇ ਕਾਂਗਰਸ ਕਾਬਜ਼ ਸੀ, ਅਜਨਾਲਾ ਹਲਕੇ ਦੀ ਜ਼ਮਨੀ ਚੋਣ ਸੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ, ਪਰ ਰਤਨ ਸਿੰਘ ਅਜਨਾਲਾ ਨੇ ਅਜ਼ਾਦ ਚੋਣ ਲਡ਼ੀ ਤੇ ਜਿੱਤੀ, ਉਦੋਂ ਸੱਤਾਧਾਰੀਆਂ ਤੇ ਕੁਰੱਪਸ਼ਨ ਦੇ ਦੋਸ਼ ਲੱਗੇ ਸਨ ਤੇ ਪੁਲਿਸ ਐਨਕਾਊਂਟਰ ਕਰਕੇ ਪੰਥਕ ਹਲਕਿਆਂ ਚ ਨਰਾਜ਼ਗੀ ਵੀ ਸੀ।

1995 ਵਿਚ ਗਿੱਦਡ਼ਬਾਹਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਘਬੀਰ ਸਿੰਘ ਦੇ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਹੋਈ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਮਨਪ੍ਰੀਤ ਬਾਦਲ ਨੂੰ ਮੈਦਾਨ ਚ ਘੱਲਿਆ ਤੇ ਚੋਣ ਜਿੱਤੀ।

ਫੇਰ ਅਕਾਲੀ ਸਰਕਾਰ ਵੇਲੇ 1998 ਚ ਆਦਮਪੁਰ ਤੋਂ ਅਕਾਲੀ ਵਿਧਾਇਕ ਬਾਪੂ ਸਰੂਪ ਸਿੰਘ ਦੇ ਦੇਹਾਂਤ ਕਰਕੇ ਖਾਲੀ ਹੋਈ ਸੀਟ ਕਾਂਗਰਸ ਦੇ ਕੰਵਲਜੀਤ ਸਿੰਘ ਲਾਲੀ ਨੇ ਮਹਿਜ ਪੰਜ ਵੋਟਾਂ ਨਾਲ ਜਿੱਤੀ ਸੀ। ਸਾਲ 1999 ਵਿਚ ਲੁਧਿਆਣਾ ਚ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੇ ਦੋ ਵਾਰ ਚੋਣ ਜਿੱਤੀ।

ਕੀ ਹੁਣ ਵੀ ਸੱਤਾਧਾਰੀ ਹਾਰਨਗੇ? ਇਹ ਸਵਾਲ ਕਾਂਗਰਸ ਵਲੋਂ ਆਪਣੇ ਹੀ ਚੁੱਕੇ ਮੁੱਦਿਆਂ ਚ ਘਿਰਨ ਕਰਕੇ ਉਠ ਰਹੇ ਨੇ। ਅਕਾਲੀਆਂ ਨੂੰ ਅਜੀਤ ਸਿੰਘ ਕੋਹਾਡ਼ ਦੀ ਮੌਤ ਕਰਕੇ ਹਮਦਰਦੀ ਵੋਟ ਵੀ ਮਿਲਣੀ ਹੈ , ਸ਼ਾਹਕੋਟ ਤੋਂ ਅਕਾਲੀ ਲਗਾਤਾਰ ਪੰਜ ਚੋਣਾਂ ਜਿੱਤੇ ਹਨ, ਹੁਣ ਵੀ ਸਾਰੀ ਮੂਹਰਲੀ ਸਫ ਇਥੇ ਡੇਰੇ ਲਾ ਕੇ ਬੈਠੀ ਹੈ, ਸੁਖਬੀਰ ਬਾਦਲ ਧਡ਼ਾਧਡ਼ ਰੈਲੀਆਂ ਕਰ ਰਹੇ ਨੇ, ਅਗਲੇ ਇਕ ਹਫਤੇ ਚ ਉਹ 80 ਰੈਲੀਆਂ ਦਾ ਟਾਰਗੈਟ ਰੱਖ ਕੇ ਰਣਨੀਤੀ ਬਣਾ ਰਹੇ ਨੇ।ਪਰ ਨਾਇਬ ਸਿੰਘ ਕੋਹਾਡ਼ ਦਾ ਆਪਣੇ ਪਿਤਾ ਵਰਗਾ ਅਕਸ ਨਹੀ ਹੈ, ਰਾਜਨੀਤੀ ਸਫਰ ਦਾ ਤਜਰਬਾ ਵੀ ਨਹੀ ਹੈ, ਇਹ ਨੁਕਸਾਨ ਹੋ ਸਕਦਾ ਹੈ।

ਕਾਂਗਰਸ ਕੋਲ 77 ਸੀਟਾਂ ਹਨ, ਜੇ ਸ਼ਾਹਕੋਟ ਵੀ ਜਿੱਤ ਲਵੇ ਤਾਂ ਵਿਧਾਨ ਸਭਾ ਚ ਦੋ ਤਿਹਾਈ ਬਹੁਮਤ ਹਾਸਲ ਕਰ ਲਵੇ। ਪਰ ਉਮੀਦਵਾਰ ਲਾਡੀ ਸ਼ੇਰੋਵਾਲੀਆ ਤੇ ਮਾਈਨਿੰਗ ਦਾ ਕੇਸ ਦਰਜ ਹੋ ਗਿਆ, ਗੈਰ ਕਨੂੰਨੀ ਮਾਈਨਿੰਗ ਦਾ ਮੁੱਦਾ ਕਾਂਗਰਸ ਨੇ ਪਿਛਲੇ ਸਾਲ ਹੋਈ ਚੋਣ ਚ ਚੁੱਕਿਆ ਸੀ ਹੁਣ ਆਪ ਇਸੇ ਦੋਸ਼ ਚ ਫਸੀ ਹੋਈ ਹੈ, ਇਹਦਾ ਨੁਕਸਾਨ ਹੋ ਰਿਹਾ ਹੈ, ਪਾਰਟੀ ਚ ਲਾਡੀ ਦੀ ਉਮੀਦਵਾਰੀ ਨੂੰ ਲੈ ਕੇ ਵੀ ਵਿਰੋਧ ਹੈ। ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਮਨਾਲੀ ਚ ਪੰਜ ਦਿਨ ਦੀ ਛੁੱਟੀ ਲੈ ਕੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵਿਰੋਧੀ ਸ਼ਾਹਕੋਟ ਚ ਕਟਾਖਸ਼ ਤੇਜ਼ ਕਰ ਰਹੇ ਨੇ।

ਤੀਜੀ ਵੱਡੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕਡ਼ ਕਲਾਂ ਦੀ ਪੰਥਕ ਹਲਕਿਆਂ ਚ ਚੰਗੀ ਪੈਂਠ ਹੈ, ਕੋਈ ਵਿਰੋਧ ਵੀ ਨਹੀ ਪਰ ਪਾਰਟੀ ਸਟਾਰ ਪ੍ਰਚਾਰਕਾਂ ਦੀ ਕਮੀ ਕਰਕੇ ਖਾਸੀ ਪੱਛਡ਼ੀ ਹੋਈ ਹੈ।