ਅਜੋਕੀ ਡਾਨ ਸਾਧ ਪਰੰਪਰਾ ਤੇ ਭਗਤੀ ਅੰਦੋਲਨ ਦੀ ਸੰਤ ਪਰੰਪਰਾ

ਵਿਸ਼ੇਸ਼ ਰਿਪੋਰਟ

ਅੱਜਕੱਲ੍ਹ ਬਹੁਤੇ ਸੰਤ ਲੋਕਾਂ ਨਾਲ ਫਰਾਡ ਕਰ ਰਹੇ ਹਨ, ਕਰਮਕਾਂਡਾਂ ਵਿਚ ਫਸਾ ਰਹੇ ਹਨ, ਧੀਆਂ-ਭੈਣਾਂ ਨਾਲ ਬਲਾਤਕਾਰ ਕਰ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਭਾਰਤ ਦੀ ਸੰਤ ਪਰੰਪਰਾ ਬਹੁਤ ਮਹਾਨ ਰਹੀ ਹੈ, ਜਿਨ੍ਹਾਂ ਨੇ ਭਾਰਤੀ ਸਮਾਜ ਨੂੰ ਸੇਧ ਦਿੱਤੀ ਤੇ ਜਾਤੀਵਾਦ, ਕਰਮਕਾਂਡਾਂ ਤੋਂ ਮਨੁੱਖ ਨੂੰ ਬਾਹਰ ਕੱਢਿਆ ਤੇ ਬਰਾਬਰੀ ਦਾ ਸਮਾਜ ਸਿਰਜਿਆ। ਇਸ ਸੰਦਰਭ ਵਿਚ ਅਸੀਂ ਮਹਾਤਮਾ ਬੁੱਧ, ਸੰਤ ਨਾਮਦੇਵ, ਸੰਤ ਕਬੀਰ, ਸੰਤ ਰਵੀਦਾਸ ਜੀ ਤੇ ਗੁਰੂ ਨਾਨਕ ਸਾਹਿਬ ਦੀ ਅਗਵਾਈ ਵਾਲੀ ਗੁਰੂ ਪਰੰਪਰਾ ਦਾ ਨਾਮ ਸ਼ਾਮਲ ਕਰ ਸਕਦੇ ਹਾਂ। ਅਜੋਕੇ ਸਾਧ ਸੰਤ ਗੈਂਗਸਟਰਾਂ ਦੀ ਤਰ੍ਹਾਂ ਵਿਚਰ ਰਹੇ ਹਨ ਤੇ ਉਨ੍ਹਾਂ ਦੇ ਭ੍ਰਿਸ਼ਟ ਸਿਆਸਤਦਾਨਾਂ ਦੇ ਨਾਲ ਰਿਸ਼ਤੇ ਹਨ। ਕਾਲੀ ਕਮਾਈ ਸਦਕਾ ਉਹ ਐਸ਼ਪ੍ਰਸਤੀ ਦਾ ਜੀਵਨ ਹੰਢਾ ਰਹੇ ਹਨ। ਬਾਪੂ ਆਸਾਰਾਮ ਦਾ ਨਾਮ ਉਨ੍ਹਾਂ ਸਾਧਾਂ-ਸੰਤਾਂ ਵਿਚ ਲਿਆ ਜਾਂਦਾ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਵੱਡੇ ਵੱਡੇ ਰਾਜਨੀਤਕ ਨੇਤਾ ਉਨ੍ਹਾਂ ਦੇ ਦਰਬਾਰ ਵਿਚ ਮੱਥਾ ਟੇਕਦੇ ਰਹੇ ਹਨ। ਕਾਂਗਰਸ ਪਾਰਟੀ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਨਰਿੰਦਰ ਮੋਦੀ ਦੇ ਨਾਲ ਆਸਾਰਾਮ ਨਜ਼ਰ ਆ ਰਹੇ ਹਨ। ਸੱਚ ਇਹ ਹੈ ਕਿ ਭਾਜਪਾ ਹੀ ਨਹੀਂ, ਕਾਂਗਰਸ ਦੇ ਵੱਡੇ ਨੇਤਾ ਵੀ ਉਨ੍ਹਾਂ ਦੇ ਭਗਤ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਵਿਚ ਇਕ ਦੇ ਬਾਅਦ ਅਨੇਕਾਂ ਕਥਿਤ ਸਾਧਾਂ ਦਾ ਪਰਦਾਫਾਸ਼ ਹੋਇਆ ਹੈ। ਬਾਬਾ ਰਾਮਪਾਲ, ਆਸਾਰਾਮ ਬਾਪੂ ਤੇ ਫਿਰ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਯਾਤਰਾ ਨੇ ਭਾਰਤ ਦੀ ਸਾਧ ਸੰਤ ਸੰਸਕ੍ਰਿਤੀ ਨੂੰ ਲੈ ਕੇ ਬੁਨਿਆਦੀ ਸੁਆਲ ਖੜੇ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪਾਖੰਡੀ ਬਾਬਿਆਂ ਦੇ ਪਿੱਛੇ ਏਨੀ ਵੱਡੀ ਸੰਖਿਆ ਵਿਚ ਭਗਤ ਖੜੇ ਹੋ ਜਾਂਦੇ ਹਨ। ਆਸਾਰਾਮ ਬਾਪੂ ਦੇ ਸੰਗਠਨ ਦਾ ਦਾਅਵਾ ਹੈ ਕਿ ਦੁਨੀਆਂ ਭਰ ਵਿਚ ਉਸ ਦੇ 4 ਕਰੋੜ ਭਗਤ ਹਨ। ਇਹ ਭਗਤ ਮੰਨਦੇ ਹਨ ਕਿ ਬਾਪੂ ਨੂੰ ਫਸਾਇਆ ਗਿਆ ਹੈ। ਉਹ ਇਸ ਮਾਮਲੇ ਨੂੰ ਲੈ ਕੇ ਅਗਲੀ ਅਦਾਲਤ ਵਿਚ ਜਾਣਗੇ। ਸੁਆਲ ਇਹ ਹੈ ਕਿ ਏਨੀ ਵੱਡੀ ਸੰਖਿਆ ਵਿਚ ਲੋਕ ਬਾਬਿਆਂ ਦੀ ਸ਼ਰਨ ਵਿਚ ਕਿਉਂ ਜਾਂਦੇ ਹਨ ਤੇ ਫਿਰ ਉਹ ਕੀ ਗੱਲ ਹੈ ਜੋ ਇਨ੍ਹਾਂ ਬਾਬਿਆਂ ਤੇ ਸੰਤਾਂ ਨੂੰ ਭਗਤੀ ਤੇ ਲੋਕ ਭਲਾਈ ਦੀ ਬਜਾਏ ਸੰਸਾਰਕ ਐਸ਼ਪ੍ਰਸਤੀ ਤੇ ਅਪਰਾਧਾਂ ਵਲ ਲੈ ਜਾਂਦੀ ਹੈ। ਰਾਜਨੀਤਕ ਪਾਰਟੀਆਂ ਇਨ੍ਹਾਂ ਸਾਧਾਂ ਦੀ ਆਰਤੀ ਇਸ ਲਈ ਉਤਾਰਦੇ ਹਨ ਕਿ ਇਨ੍ਹਾਂ ਦੇ ਪਿੱਛੇ ਇਕ ਲੰਬਾ ਵੋਟ ਬੈਂਕ ਹੁੰਦਾ ਹੈ। ਭਗਤਾਂ ਦਾ ਵਿਸ਼ਵਾਸ ਏਨਾ ਸਾਧਾਂ ਸੰਤਾਂ ‘ਤੇ ਇਸ ਹੱਦ ਤੱਕ ਜੁੜਿਆ ਹੁੰਦਾ ਹੈ ਕਿ ਉਹ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ ਤੇ ਹਿੰਸਾ ਤੇ ਉਤਰ ਆਉਂਦੇ ਹਨ। ਜਿਵੇਂ ਹਿੰਸਾ ਰਾਮ ਰਹੀਮ ਦੇ ਸਮਰਥਕਾਂ ਨੇ ਕੀਤੀ। ਤਕਰੀਬਨ ਅਜਿਹੀ ਹਿੰਸਾ ਇਸ ਤੋਂ ਪਹਿਲਾਂ ਮਥੁਰਾ ਦੇ ਜਵਾਹਰ ਬਾਗ ਦੀ ਸੈਂਕੜੇ ਏਕੜ ਸਰਕਾਰੀ ਜ਼ਮੀਨ ‘ਤੇ ਕਬਜ਼ਾ ਜਮਾ ਕੇ ਬੈਠੇ ਰਾਮ ਬ੍ਰਿਖਸ਼ ਯਾਦਵ ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੇ ਪੁਲੀਸ ਨਾਲ ਹਿੰਸਾ ਕਰਕੇ ਕੀਤੀ। ਇਸ ਵਿਚ 24 ਲੋਕ ਮਰੇ।
ਅਜੋਕੇ ਸਾਧਾਂ ਦੀ ਤੁਲਨਾ ਭਗਤੀ ਪਰੰਪਰਾ ਵਾਲੇ ਸੰਤਾਂ ਨਾਲ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੇ ਸਰਬੱਤ ਦੇ ਭਲੇ ਦਾ ਸਮਾਜ ਸਿਰਜਿਆ ਤੇ ਜਾਤੀਵਾਦੀ ਪ੍ਰਥਾ ਦਾ ਨਾਸ਼ ਕੀਤਾ। ਪੁਰਾਣੇ ਸਾਧ-ਸੰਤ ਸਾਧਾਰਨ ਤੇ ਕਿਰਤੀ ਜੀਵਨ ਵਾਲਾ ਜੀਵਨ ਹੰਢਾਉਂਦੇ ਸਨ। ਅੱਜ ਦੇ ਸੰਤ ਵਾਈਵ ਸਟਾਰ ਹੋਟਲਾਂ ਨੁਮਾ ਮਹੱਲਾਂ ਦੇ ਵਿਚ ਰਹਿੰਦੇ ਹਨ ਤੇ ਜ਼ਮੀਨਾਂ ‘ਤੇ ਆਪਣੇ ਗੁੰਡਿਆਂ ਦੇ ਰਾਹੀਂ ਕਬਜ਼ੇ ਕਰਦੇ ਹਨ।
ਆਸਾਰਾਮ ਦਾ ਆਰਥਿਕ ਸਾਮਰਾਜ ਕਾਫੀ ਵਿਸ਼ਾਲ ਹੈ। ਤਕਰੀਬਨ 10 ਕਰੋੜ ਰੁਪਏ ਦੀ ਪੂੰਜੀ ਉਸ ਦੇ ਕੋਲ ਦੱਸੀ ਜਾਂਦੀ ਹੈ। ਇਸ ਸੰਪਤੀ ਦੀ ਜਾਂਚ ਸਰਕਾਰ ਕਰ ਰਹੀ ਹੈ। ਇਸ ਜਾਂਚ ਵਿਚ ਆਸ਼ਰਮ ਨਿਰਮਾਣ ਦੇ ਲਈ ਗਲਤ ਤਰੀਕੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ ਵੀ ਸ਼ਾਮਲ ਹਨ। ਪੱਤਰਕਾਵਾਂ, ਧਾਰਮਿਕ ਪੁਸਤਕਾਂ, ਸੀਡੀ, ਸਾਬਣ, ਅਗਰਬੱਤੀ, ਆਰਯੂਵੈਦਿਕ ਦਵਾਈਆਂ ਤੇ ਹੋਰ ਧਾਰਮਿਕ ਸਮੱਗਰੀ ਦਾ ਵੱਡਾ ਕਾਰੋਬਾਰ ਹੈ। ਤਕਰੀਬਨ ਇਹੀ ਕਹਾਣੀ  ਬਾਬਾ ਰਾਮ ਰਹੀਮ ਦੇ ਡੇਰੇ ਦੀ ਹੈ। ਬਾਬੇ ਦੀ ਸਜ਼ਾ ਤੋਂ ਜ਼ਿਆਦਾ ਮਹੱਤਵਪੂਰਨ ਮੱਸਲਾ ਇਹ ਵੀ ਹੈ ਕਿ ਉਨ੍ਹਾਂ ਦੇ ਸਾਮਰਾਜ ਦਾ ਖਿਆਲ ਕੌਣ ਕਰੇਗਾ, ਕਿਉਂਕਿ ਬਾਪੂ ਆਸਾਰਾਮ ਦਾ ਬੇਟਾ ਨਰਾਇਣ ਸਾਈ ਬਲਾਤਕਾਰ ਤੇ ਅਪਰਾਧਿਕ ਮਾਮਲਿਆਂ ਵਿਚ ਘਿਰਿਆ ਹੋਇਆ ਹੈ ਤੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਹੈ। ਪਰਿਵਾਰ ਦੇ ਅੰਦਰ ਵੀ ਖਿੱਚੋਤਾਣ ਹੈ। ਇਸ ਵਕਤ ਬਾਪੂ ਆਸਾਰਾਮ ਦਾ ਕਾਰੋਬਾਰ ਉਸ ਦੀ ਬੇਟੀ ਭਾਰਤੀ ਦੇਖ ਰਹੀ ਹੈ ਤੇ ਕਈ ਪ੍ਰਕਾਰ ਦੇ ਵੱਡੇ ਉਦਯੋਗਪਤੀ ਉਸ ਨਾਲ ਜੁੜੇ ਹੋਏ ਹਨ।
ਬਾਬਾ ਸੱਭਿਆਚਾਰ ਦੇ ਨਾਲ ਇਕ ਨਵੇਂ ਪ੍ਰਕਾਰ ਦੀ ਕਾਰੋਬਾਰੀ ਸੰਸਕ੍ਰਿਤੀ ਵਿਕਸਤ ਹੋਈ ਹੈ। ਇਸ ਦੇ ਕਾਰਨ ਬਾਬਿਆਂ ਦੇ ਜੀਵਨ ਵਿਚ ਵਿਲਾਸਤਾ ਨੇ ਪ੍ਰਵੇਸ਼ ਕੀਤਾ ਹੈ। ਧਰੇਂਦਰ ਬ੍ਰਹਮਚਾਰੀ ਤੇ ਚੰਦਰਾਸੁਆਮੀ ਵਰਗੇ ਸੰਤਾਂ ਦੇ ਕਾਰਨ ਸੰਤਾਂ ਦਾ ਸੱਭਿਆਚਾਰ ਰਾਜਨੀਤਕ ਮਲੀਨਤਾ ਵਿਚ ਡੁੱਬ ਗਿਆ। ਇਸ ਹਫਤੇ ਜਿਸ ਮਾਮਲੇ ਵਿਚ ਬਾਪੂ ਆਸਾਰਾਮ ਬਾਰੇ ਫੈਸਲਾ ਆਇਆ ਹੈ, ਉਹ 2013 ਦਾ ਹੈ। ਪੀੜਤ ਲੜਕੀ ਦਾ ਪਰਿਵਾਰ ਆਸਾਰਾਮ ਦਾ ਭਗਤ ਸੀ। ਲੜਕੀ ਉਸ ਦੇ ਆਸ਼ਰਮ ਵਿਚ ਪੜ੍ਹਦੀ ਸੀ। ਭਗਤੀ ਦਾ ਇਹ ਰੂਪ ਦੇਖੋ ਕਿ ਲੜਕੀ ਦੇ ਪਿਤਾ ਨੇ ਆਪਣੇ ਖਰਚੇ ਨਾਲ ਸ਼ਾਹਜਹਾਂਪੁਰ ਵਿਚ ਆਸ਼ਰਮ ਬਣਵਾਇਆ ਸੀ। ਬਾਬੇ ਦੇ ਖਿਲਾਫ਼ ਇਹ ਪਹਿਲਾਂ ਅਪਰਾਧਿਕ ਮਾਮਲਾ ਨਹੀਂ ਸੀ। ਸਾਲ 2008 ਵਿਚ ਉਨ੍ਹਾਂ ਦੇ ਮੋਟੇਰਾ ਆਸ਼ਰਮ ਵਿਚ ਦੋ ਬੱਚਿਆਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਅਹਿਮਦਾਬਾਦ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ। ਬਾਪੂ ਆਸਾਰਾਮ ਦੇ ਬੇਟੇ ਦਾ ਮਾਮਲਾ ਅਲੱਗ ਹੈ।
ਆਸਾਰਾਮ ਸਾਧਾਰਨ ਪਰਿਵਾਰ ਨਾਲ ਸਬੰਧਿਤ ਸੀ। ਉਸ ਦਾ ਅਸਲੀ ਨਾਲ ਆਸੂਮਲ ਹਰਪਲਾਨੀ ਸੀ, ਉਸ ਦਾ ਜਨਮ ਅਪ੍ਰੈਲ 1941 ਵਿਚ ਬਿਰਾਨੀ ਪਿੰਡ ਵਿਚ ਹੋਇਆ, ਜੋ ਹੁਣ ਪਾਕਿਸਤਾਨ ਵਿਚ ਹੈ। ਵੰਡਦੇ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤੀ ਗੁਜਰਾਤ ਵਿਚ ਆਇਆ। ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਚਾਹ ਦੀ ਦੁਕਾਨ ਚਲਾਈ। ਅਜਮੇਰ ਵਿਚ ਟਾਂਗਾ ਚਲਾਇਆ। ਇਸ ਦੌਰਾਨ ਉਹ ਅਧਿਆਤਮਕ ਸੰਗਤ ਵਿਚ ਆ ਗਏ। ਘਰ ਤੋਂ ਭੱਜ ਕੇ ਇਕ ਆਸ਼ਰਮ ਵਿਚ ਰਹਿਣ ਲੱਗੇ। ਬਾਅਦ ਵਿਚ ਘਰ ਵਾਲੇ ਉਸ ਨੂੰ ਵਾਪਸ ਲੈ ਗਏ ਤੇ ਵਿਆਹ ਕਰਵਾ ਦਿੱਤਾ, ਜਿਸ ਵਿਚੋਂ ਦੋ ਬੱਚੇ ਹੋਏ, ਨਰਾਇਣ ਸਾਈ ਤੇ ਭਾਰਤੀ। ਲੀਲਾ ਸ਼ਾਹ ਉਨ੍ਹਾਂ ਦੇ ਅਧਿਆਤਮਕ ਗੁਰੂ ਸਨ। ਉਨ੍ਹਾਂ ਨੇ ਇਸ ਦਾ ਨਾਮ ਆਸਾਰਾਮ ਰੱਖਿਆ। ਅਹਿਮਦਾਬਾਦ ਤੋਂ ਤਕਰੀਬਨ 10 ਕਿਲੋਮੀਟਰ ਦੂਰ ਸਾਬਰਮਤੀ ਨਦੀ ਦੇ ਕਿਨਾਰੇ ਮੋਟੇਰਾ ਕਸਬੇ ਵਿਚ ਉਨ੍ਹਾਂ ਨੇ ਆਪਣੀ ਪਹਿਲੀ ਕੁਟੀਆ ਬਣਾਈ। ਉਹ ਲੋਕਾਂ ਦਾ ਫ੍ਰੀ ਇਲਾਜ ਕਰਦੇ ਸਨ। ਭਜਨ ਕੀਰਤਨ ਦੇ ਬਾਅਦ ਫਰੀ ਭੋਜਨ ਦਿੰਦੇ ਸਨ। ਪੈਸੇ ਵੀ ਭਗਤ ਦਿੰਦੇ ਸਨ। ਭਗਤਾਂ ਦੀ ਸੰਖਿਆ ਵਧਦੀ ਗਈ। ਅੱਜ ਦੁਨੀਆਂ ਭਰ ਵਿਚ ਉਨ੍ਹਾਂ ਦੇ ਚਾਰ ਸੌ ਆਸ਼ਰਮ ਹਨ। ਅਸਲ ਵਿਚ ਇਹ ਸਾਰੇ ਬਾਬੇ ਕਾਰੋਬਾਰੀ ਹਨ ਤੇ ਭਗਤੀ ਦਾ ਨਾਮ ‘ਤੇ ਸ਼ਰਧਾਲੂਆਂ ਨਾਲ ਠੱਗੀ ਮਾਰਦੇ ਹਨ ਤੇ ਇਸਤਰੀਆਂ ਦਾ ਯੌਨ ਸ਼ੋਸ਼ਣ ਕਰਦੇ ਹਨ। ਅਸਲ ਵਿਚ ਇਹ ਬਾਬੇ ਨਹੀਂ, ਧਰਮ ਦਾ ਲਬਾਦਾ ਪਾ ਕੇ ਡਾਨ ਵਜੋਂ ਉਭਰੇ ਹੋਏ ਹਨ। ਇਹ ਕਿਸੇ ਦਾ ਵੀ ਕਤਲ ਕਰ ਸਕਦੇ ਹਨ, ਕਿਸੇ ਦੀ ਵੀ ਜ਼ਮੀਨ ‘ਤੇ ਕਬਜ਼ਾ ਕਰ ਸਕਦੇ ਹਨ ਤੇ ਸੱਤਾ ਨਾਲ ਇਨ੍ਹਾਂ ਦੇ ਡੂੰਘੇ ਸੰਬੰਧ ਹਨ। ਇਹ ਭਾਰਤ ਦੇ ਕਿੰਗ ਬਣੇ ਹੋਏ ਹਨ ਤੇ ਪਾਪਾਂ ਨਗਰੀ ਦੇ ਰਾਜਾ। ਇਨ੍ਹਾਂ ਦਾ ਖੌਫ਼ ਪੂਰੇ ਭਾਰਤ ਉਪਰ ਹੈ ਤੇ ਕੋਈ ਵੀ ਇਨ੍ਹਾਂ ਦੀ ਗੁੰਡਾਗਰਦੀ ਅੱਗੇ ਖੜਨ ਨੂੰ ਤਿਆਰ ਨਹੀਂ। ਅਸਲ ਵਿਚ ਕਾਨੂੰਨ ਇਨ੍ਹਾਂ ਦਾ ਹੱਥਠੋਕਾ ਬਣ ਚੁੱਕਾ ਹੈ। ਲੋਕਾਂ ਨੂੰ ਹੀ ਅੰਧ-ਵਿਸ਼ਵਾਸ ਬਿਰਤੀ ਤੋਂ ਪਾਰ ਹੋਣਾ ਪਵੇਗਾ ਤੇ ਅਧਿਆਤਮਕਤਾ ਦੇ ਅਸਲ ਅਰਥ ਸਮਝ ਕੇ ਰੱਬ ਨਾਲ ਜੁੜਨਾ ਹੋਵੇਗਾ।