ਕਪਤਾਨ ਸਾਹਿਬ ਹੱਦ ਹੀ ਹੋ ਗਈ..!!

-ਪੰਜਾਬੀਲੋਕ ਬਿਊਰੋ

ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੀਆਂ ਬਦਲ਼ੀਆਂ ਹੋਈਆਂ ਹਨ। ਇਨ੍ਹਾਂ ਬਦਲੀਆਂ ‘ਚ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਸਵਾਲ ਉੱਠ ਰਿਹਾ ਹੈ ਕਿ ਕੀ ਕੈਪਟਨ ਨੇ ਮੁਖਵਿੰਦਰ ਸਿੰਘ ਛੀਨਾ ਨੂੰ ਸੁਖਬੀਰ ਬਾਦਲ ਦੇ ਕਹਿਣ ‘ਤੇ ਬਦਲਿਆ ਹੈ?

ਦਰਅਸਲ ਚਰਚਾ ਇਸ ਕਰਕੇ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ  ਸੁਖਬੀਰ ਬਾਦਲ ਲਲਕਾਰ ਰੈਲੀਆਂ ‘ਚ ਡਾਇਰੀ ਦਿਖਾ ਕੇ ਕਹਿੰਦੇ ਸੀ ਕਿ ਉਹ ਅਕਾਲੀ ਦਲ ਨਾਲ ਧੱਕਾ ਕਰਨ ਵਾਲੇ ਅਫਸਰਾਂ ਦੇ ਨਾਂ ਇਸ ਡਾਇਰੀ ‘ਚ ਨੋਟ ਕਰ ਰਹੇ ਹਨ। ਆਈਜੀ ਛੀਨਾ ਦਾ ਨਾਂ ਵੀ ਡਾਇਰੀ ‘ਚ ਨੋਟ ਹੈ ਤੇ ਸਰਕਾਰ ਆਉਣ ‘ਤੇ ਇਨ੍ਹਾਂ ਤੋਂ ਜਵਾਬ ਲਿਆ ਜਾਵੇਗਾ।

ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਬਾਦਲਾਂ ਦੇ ਇਲਾਕੇ ਬਠਿੰਡਾ ਤੋਂ ਆਈਜੀ ਮੁਖਵਿੰਦਰ ਛੀਨਾ ਨੂੰ ਬਦਲ ਦਿੱਤਾ ਗਿਆ। ਬਠਿੰਡਾ ਹਲਕੇ ਦੇ ਕਾਂਗਰਸੀ ਬਦਲੀ ਤੋਂ ਹੱਕੇ ਬੱਕੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇੱਕ ਵਾਰ ਬਾਦਲ ਸਰਕਾਰ ‘ਚ ਬੀਬੀ ਪ੍ਰਨੀਤ ਕੌਰ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਪਟਿਆਲਾ ਦੇ ਆਈਜੀ ਐਸਕੇ ਅਸਥਾਨਾ ਨੂੰ  ਹਟਾਉਣ ਲਈ ਕਿਹਾ ਸੀ ਤੇ ਆਈਜੀ ਹਟਾ ਦਿੱਤੇ ਗਏ।

ਕੈਪਟਨ ਦੇ ਧੜੇ ਦੇ ਖਾਸ-ਮ-ਖਾਸ ਮੰਨੇ ਜਾਂਦੇ ਲੀਡਰ ਦਾ ਕਹਿਣਾ ਹੈ ਕਿ ਆਈਜੀ  ਛੀਨਾ ਦੀ ਬਦਲੀ ਕਰਕੇ ਤਾਂ ਕੈਪਟਨ ਨੇ ਹੱਦ ਹੀ ਕਰ ਦਿੱਤੀ। ਤੇ ਮਜੀਠੀਆਂ ਦਾ ਨਾਂ ਐਸਟੀਐਫ ਰਿਪੋਰਟ ‘ਚ ਆਉਣ ਤੋਂ ਬਾਅਦ ਸਿੱਧੂ ਤੋਂ ਬਾਰਡਰ ਏਰੀਆ ਦਾ ਚਰਜ ਵਾਪਸ ਲੈਣਾ ਵੀ ਬਹੁਤ ਕੁਝ ਕਹਿ ਰਿਹਾ ਹੈ ਤੇ ਪੰਜਾਬ ਦੀਆਂ ਸੱਥਾਂ ਤੱਕ ਇਸ ਗੱਲ ਦੀ ਚਰਚਾ ਹੈ।ਇਹ ਵੀ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੋਬਾਈਲ ਫੋਨ ਤੋਂ ਡਰ ਲੱਗਦਾ ਹੈ।  ਉਹ ਸੁਨੀਲ ਜਾਖੜ ਨੂੰ ਵੀ ਮੋਬਾਈਲ ਫੋਨ ਸਮੇਤ ਨਹੀਂ ਮਿਲਣਾ ਚਾਹੁੰਦੇ। ਸੁਨੀਲ ਜਾਖੜ ਇਸ ਗੱਲ ਕਰਕੇ ਕੈਪਟਨ ਤੋਂ ਨਾਰਾਜ਼ ਵੀ ਹਨ। ਕੱਲ੍ਹ ਦੀ ਬੈਠਕ ‘ਚ ਵੀ ਡੀਜੀਪੀਜ਼ ਤੇ ਏਡੀਜੀਪੀਜ਼ ਦੇ ਫੋਨ ਬਾਹਰ ਰੱਖਵਾ ਲਏ ਸੀ।ਸਵਾਲ ਇਹ ਹੋ ਰਿਹਾ ਹੈ ਕਿ ਕੈਪਟਨ ਮੁੱਖ ਮੰਤਰੀ ਹੋ ਕੇ ਵੀ ਇੰਨੇ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ ਹਨ? ਜੇ ਉਹ ਖ਼ੁਦ ਹੀ ਇੰਨੇ ਅਸੁਰੱਖਿਅਤ ਹਨ ਤਾਂ ਪੰਜਾਬ ਨੂੰ ਕੀ ਸੁਰੱਖਿਅਤ ਮਹਿਸੂਸ ਕਰਵਾਉਣਗੇ? ਕਾਂਗਰਸੀ ਹੀ ਪੁੱਛ ਰਹੇ ਨੇ….ਕੀ ਕੈਪਟਨ  ਦੇ ਮਨ ‘ਚ ਕੋਈ ‘ਚੋਰ’ ਹੈ?ਸੁਨੀਲ ਜਾਖੜ ਤਾਂ ਉਨ੍ਹਾਂ ਦੇ ਕਿਸੇ ਸਮੇਂ ਖ਼ਾਸਮਖਾਸ ਰਹੇ ਹਨ ਤੇ ਪ੍ਰਤਾਪ ਬਾਜਵਾ ਦੀ ਪ੍ਰਧਾਨਗੀ ਖ਼ਿਲਾਫ ਪਹਿਲਾ ਮੋਰਚਾ ਵੀ ਸੁਨੀਲ ਜਾਖੜ ਨੇ ਹੀ ਖੋਲ੍ਹਿਆ ਸੀ।ਹੁਣ ਕੈਪਟਨ ਨੂੰ ਸੁਨੀਲ ਜਾਖੜ ‘ਤੇ ਵੀਵਿਸ਼ਵਾਸ਼ ਨਹੀਂ?  ਜਾਖੜ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੋਈਆਂ ਪੁਲਿਸ ਅਫਸਰਾਂ ਦੀਆਂ ਬਦਲੀਆਂ ਦੇ ਮਾਮਲੇ ‘ਚ ਮਿਲਣਾ ਸੀ ਕਿਉਂਕਿ ਕਾਂਗਰਸੀ ਇਨ੍ਹਾਂ ਬਦਲੀਆਂ ਤੋਂ ਬੇਹੱਦ ਨਾਰਾਜ਼ ਹਨ।   ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਉਨ੍ਹਾਂ ਦਾ ਫੋਨ ਮੁੱਖ ਮੰਤਰੀ ਦੇ ਕਮਰੇ ਤੱਕ ਲਿਜਾਣ ਨਹੀਂ ਦੇ ਰਹੇ ਸੀ।ਕੈਪਟਨ ਦੇ ਰੁਖ਼ ਤੋਂ ਜਾਖਡ਼ ਐਨਾ ਨਾਰਾਜ਼ ਹੋਏ ਕਿ  ਰੂਪੋਸ਼ ਹੋ ਗਏ, ਉਨ੍ਹਾਂ ਦਾ ਪੰਜਾਬ ਤੇ ਦਿੱਲੀ ਦਾ ਕੋਈ ਫੋਨ ਨੰਬਰ ਚੱਲ ਨਹੀਂ ਰਿਹਾ। ਕੈਪਟਨ ਨੇ ਜਾਖੜ ਨੂੰ ਮਨਾਉਣ ਦੀ ਜਿੰਮੇਵਾਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਲਾਈ ਹੈ।