ਦੇਸੀ ਪੀਣ ਆਲਾ ‘ਡੇਪੋ ਕਲਰਕ’ ਤਾਂ ਬਣ ਈ ਸਕਦੈ..

-ਅਮਨਦੀਪ ਹਾਂਸ
ਕੱਲ ਘੀਲੇ ਦੇ ਘਰੇ ਖੜਕਾ ਦੜਕਾ ਹੋਇਆ, ਤੇ ਲਾਣੇਦਾਰਨੀ ਝੋਲਾ ਚੱਕ ਕੇ ਪੇਕੇ ਜਾ ਵੜੀ..
ਆਂਹਦੇ ਕਪਤਾਨ ਸਾਹਬ ਕਰਕੇ ਲੜ’ਪੇ ਦੋਵੇਂ ਜੀਅ..
ਅਗਲੀ ਜਦ ਪਤਾ ਲੱਗੂ ਤਾਂ ਚੁਗਲੀਆਂ ਕਰਾਂਗੇ..
ਲੰਘੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕੈਪਟਨ ਨੇ ਚਾਰ ਲੱਖ ਤੋਂ ਵੱਧ ਡੇਪੋ ਅਫਸਰਾਂ ਨੂੰ ਨਸ਼ਾ ਰੋਕੂ ਮੁਹਿੰਮ ਦੀ ਸਹੁੰ ਚੁਕਾਉਂਦਿਆਂ ਆਪ ਪਹਿਲਾ ਨਸ਼ਾ ਰੋਕੂ ਅਫਸਰ ਦੀ ਸਹੁੰ ਚੁੱਕੀ..
ਤੇ ਦੱਸਦੇ ਨੇ ਕੈਪਟਨ ਭਗਤ ਘੀਲਾ ਵੀ ਸਵੇਰੇ ‘ਕੱਲਾ ਈ ਓਹ ਪਟਿਆਲੇ ਕੰਨੀ ਮੂਹ ਕਰਕੇ ਕੈਪਟਨ ਦਾ ਲੈ ਕੇ ਨੌਂਅ ਸਹੁੰ ਖਾ ਗਿਆ ਬਈ ਅੱਜ ਤੋਂ ਬੀੜਾ, ਬੀੜੀ, ਕਾਰਡ, ਦਾਰੂ-ਬੋਤਲ ਸਭ ਬੰਦ.. ਰਾਜਾ ਜੀ ਦੀ ਨਸ਼ਾ ਰੋਕੂ ਮੁਹਿੰਮ ਦਾ ਸਾਥ ਦੇਣੈ..
ਤੇ ਜਿਉਂ ਹੀ ਇਹ ਖਬਰ ਆਈ ਬਈ ਕਪਟੈਨ ਸਾਹਿਬ ਤਾਂ ਆਪ ਨਸ਼ਾ ਰੋਕੂ ਅਫਸਰ ਬਣੇ ਨੇ ਤਾਂ ਘੀਲੇ ਨੇ ਸੈਂਕਲ ਤੇ ਮਾਰਿਆ ਪੈਡਲ ਤੇ ਦੋ ਪਲਾਂ ਚ ਠਾਹ ਠੇਕੇ ਤੇ ਜਾ ਪੁੱਜਿਆ, ਅਧੀਆ ਲੈ ਕੇ ਅੱਧਾ ਓਥੇ ਈ ਡੀਕ ਲਿਆ ਤੇ ਬਾਕੀ ਘਰੇ ਲੈ ਆਇਆ, ਲਾਣੇਦਾਰਨੀ ਨੇ ਅੰਦਰ ਵੜਦਾ ਈ ਵੋਟਾਂ ਚ ਲੁੱਟੇ ਗਏ ਪੰਜਾਬੀਆਂ ਵਾਂਗੂੰ ਘੀਲੇ ਨੂੰ ਘੇਰ ਲਿਆ, ਸਹੁੰ ਚੇਤੇ ਕਰਾਈ.. ਤਾਂ ਘੀਲਾ ਆਾਂਹਦਾ ਭਾਗਵਾਨੇ ਜੇ ਵਿਦੇਸ਼ੀ ਪੀਣ ਆਲਾ ਨਸ਼ਾ ਰੋਕੂ ਅਫਸਰ ਬਣ ਸਕਦੈ ਤਾਂ ਮੇਰੇ ਅਰਗਾ ਦੇਸੀ ਪੀਣ ਆਲਾ ਨਸ਼ਾ ਰੋਕੂ ਕਲਰਕ ਪੱਕਾ.. ਮੁਹਿੰਮ ਜਾਰੀ ਰਹੂ..