ਜਿਉਂਦੇ ਨਹੀਂ ਹਨ ਇਰਾਕ ਚ ਅਗਵਾ ਕੀਤੇ ਭਾਰਤੀ

-ਪੰਜਾਬੀਲੋਕ ਬਿਊਰੋ 
ਤਿੰਨ ਸਾਲਾਂ ਤੋਂ ਲਾਰਾ ਲਾਉਂਦੀ ਆ ਰਹੀ ਮੋਦੀ ਸਰਕਾਰ ਨੇ ਆਖਰ ਇਰਾਕ ਚ ਅਗਵਾ ਕੀਤੇ ਗਏ 39 ਭਾਰਤੀਆਂ ਦੇ ਕਤਲ ਦੀ ਗੱਲ ਕਬੂਲ ਕਰ ਲਈ। ਇਹਨਾਂ ਚ 31 ਪੰਜਾਬੀ ਹਨ, ਰੁਜ਼ਗਾਰ ਖਾਤਰ ਇਰਾਕ ਗਏ ਇਹਨਾਂ ਨੌਜਵਾਨਾਂ ਦੇ ਘਰਾਂ ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਈ ਪਰਿਵਾਰ ਤਾਂ ਪਹਿਲਾਂ ਹੀ ਕਿਸੇ ਭਾਣੇ ਨੂੰ ਮੰਨ ਬੈਠੇ ਸਨ, ਪਰ ਕਈ ਮਾਵਾਂ, ਭੈਣਾਂ, ਪਤਨੀਆਂ ਬੱਚੇ ਇਸ ਖਬਰ ਨੂੰ ਵੀ ਸੱਚ ਨਹੀਂ ਮੰਨ ਪਾ ਰਹੇ।
ਸਰਕਾਰ ਵਲੋਂ ਰਾਜ ਸਭਾ ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ
2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ 39 ਭਾਰਤੀਆਂ ਦੀ ਅਬੁ ਬਕਰ ਅਲ ਬਗ਼ਦਾਦੀ ਦੇ ਸੰਗਠਨ ਇਸਲਾਮਿਕ ਸਟੇਟ ਨੇ ਹੱਤਿਆ ਕਰ ਦਿੱਤੀ ਸੀ। ਡੀ.ਐਨ.ਏ. ਜਾਂਚ ਤੋਂ ਬਾਅਦ ਮੌਤਾਂ ਦੀ ਪੁਸ਼ਟੀ ਕੀਤੀ ਗਈ। 39 ਭਾਰਤੀਆਂ ਵਿੱਚ 31 ਪੰਜਾਬ, 4 ਹਿਮਾਚਲ ਪ੍ਰਦੇਸ਼ ਦੇ ਤੇ ਬਿਹਾਰ ਤੇ ਪੱਛਮੀ ਬੰਗਾਲ ਦੇ 2-2 ਨਾਗਰਿਕ ਸ਼ਾਮਲ ਸਨ। ਹੁਣ ਤੱਕ ਸਭ ਦੇ ਜਿਉਂਦੇ ਹੋਣ ਦਾ ਧਰਵਾਸ ਦਿੰਦੇ ਆ ਰਹੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਛੇਤੀ ਹੀ ਇਨਾਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਂਦਾ ਜਾਵੇਗਾ। ਸੁਸ਼ਮਾ ਸਵਰਾਜ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਸਾਢੇ ਤਿੰਨ ਸਾਲਾਂ ਤਕ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ।
ਸੁਸ਼ਮਾ ਸਵਰਾਜ ਨੇ ਦੱਸਿਆ ਕਿ 39 ਭਾਰਤੀਆਂ ਦੇ ਮਾਰੇ ਜਾਣ ਬਾਰੇ ਹਰਜੀਤ ਮਸੀਹ ਨੇ ਮਨਘੜਤ ਕਹਾਣੀ ਸੁਣਾਈ ਸੀ। ਪਿੱਛੇ ਜਿਹੇ ਜਦੋਂ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਸ ਕੰਪਨੀ ਦੇ ਮਾਲਕ ਨਾਲ ਗੱਲਬਾਤ ਕੀਤੀ ਜਿੱਥੇ ਇਹ 39 ਭਾਰਤੀ ਕੰਮ ਕਰਦੇ ਸਨ। ਉੱਥੋਂ ਪਤਾ ਲੱਗਾ ਕਿ ਜਦ ਆਈ.ਐਸ. ਨੇ ਮੋਸੁਲ ‘ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਕੰਪਨੀ ਨੇ ਸਾਰੇ ਕਾਮਿਆਂ ਨੂੰ ਜਾਣ ਲਈ ਕਿਹਾ। ਇਸ ਦੇ ਬਾਵਜੂਦ ਭਾਰਤੀ ਤੇ ਬੰਗਲਾਦੇਸ਼ੀ ਮਜ਼ਦੂਰਾਂ ਨੇ ਕੰਪਨੀ ਛੱਡੀ ਨਹੀਂ ਜਦਕਿ ਇਰਾਕ ਤੇ ਹੋਰ ਦੇਸ਼ਾਂ ਦੇ ਕਾਮੇ ਚਲੇ ਗਏ। ਵੀ.ਕੇ. ਸਿੰਘ ਨੂੰ ਹੋਟਲ ਕਰਮਚਾਰੀ ਨੇ ਦੱਸਿਆ ਕਿ ਇੱਕ ਦਿਨ ਜਦ ਭਾਰਤੀ ਤੇ ਬੰਗਲਾਦੇਸ਼ੀ ਕਾਮੇ ਉਸ ਕੋਲ ਰੋਟੀ ਖਾਣ ਆ ਰਹੇ ਸਨ ਤਾਂ ਆਈ.ਐਸ. ਦੇ ਲੋਕ ਉਨਾਂ ਨੂੰ ਟੈਕਸਟਾਈਲ ਫੈਕਟਰੀ ਲੈ ਗਏ। ਉੱਥੇ ਜਾ ਕੇ ਬੰਗਲਾਦੇਸ਼ੀਆਂ ਤੇ ਭਾਰਤੀਆਂ ਨੂੰ ਵੱਖੋ-ਵੱਖ ਰੱਖਣ ਲਈ ਕਿਹਾ ਗਿਆ ਤੇ ਕੇਟਰਰ ਨੇ ਦਾਅਵਾ ਕੀਤਾ ਕਿ ਉਸ ਨੇ ਹਰਜੀਤ ਮਸੀਹ ਨੂੰ ਬੰਗਲਾਦੇਸ਼ੀਆਂ ਨੂੰ ਮੁਸਲਿਮ ਨਾਂ ਦੇ ਕੇ ਇਰਬਿਲ ਛੱਡ ਦਿੱਤਾ। ਉੱਥੋਂ ਹਰਜੀਤ ਦੀ ਸੁਸ਼ਮਾ ਸਵਰਾਜ ਨਾਲ ਗੱਲ ਹੋਈ। ਵਿਦੇਸ਼ ਮੰਤਰੀ ਨੇ ਪੁੱਛਿਆ ਕਿ ਉਹ ਇੱਥੇ ਕਿਵੇਂ ਆਇਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਇੱਥੇ ਕਿਵੇਂ ਪਹੁੰਚਿਆ। ਉਸ ਨੇ ਸਿਰਫ ਇੰਨਾ ਕਿਹਾ ਕਿ ਮੈਨੂੰ ਇੱਥੋਂ ਕੱਢ ਦਿਓ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਹਰਜੀਤ ਮਸੀਹ ਨੇ ਮਨਘੜਤ ਕਹਾਣੀ ਸੁਣਾਈ ਸੀ ਕਿ ਸਾਰਿਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਉਸ ਦੇ ਪੈਰ ਵਿੱਚ ਗੋਲ਼ੀ ਮਾਰੀ ਗਈ। ਉਨਾਂ ਦੱਸਿਆ ਕਿ ਮਸੀਹ ਅਲੀ ਬਣ ਕੇ ਇਰਬਿਲ ਨਿਕਲ ਗਿਆ ਸੀ। ਅੱਤਵਾਦੀ ਰੋਜ਼ ਭਾਰਤੀ ਮਜ਼ਦੂਰਾਂ ਦੀ ਗਿਣਤੀ ਕਰਦੇ ਸਨ, ਹਰਜੀਤ ਦੇ ਜਾਣ ਤੋਂ ਬਾਅਦ 39 ਮਜ਼ਦੂਰ ਬਚੇ ਸਨ। ਮਸੀਹ ਕਿਸੇ ਤਰਾਂ ਇਰਾਕ ਤੋਂ ਬਚ ਕੇ ਭਾਰਤ ਆ ਗਿਆ ਸੀ। ਉਸ ਨੇ ਦੱਸਿਆ ਸੀ ਕਿ ਕਿਵੇਂ ਆਈ.ਐਸ. ਦੇ ਅੱਤਵਾਦੀਆਂ ਨੇ 50 ਬੰਗਲਾਦੇਸ਼ੀ ਤੇ 40 ਭਾਰਤੀਆਂ ਨੂੰ ਉਨਾਂ ਦੀਆਂ ਕੰਪਨੀ ਦੀਆਂ ਬੱਸਾਂ ਵਿੱਚ ਭਰ ਕੇ ਕਿਸੇ ਪਹਾੜੀ ‘ਤੇ ਲਿਜਾ ਕੇ ਗੋਲ਼ੀਆਂ ਮਾਰ ਦਿੱਤੀਆਂ ਸਨ। ਕੰਪਨੀ ਨੇ ਗੱਲਬਾਤ ਤੋਂ ਬਾਅਦ ਇਰਾਕ ਦੇ ਅਧਿਕਾਰੀ ਨਾਲ ਭਾਰਤੀ ਅਧਿਕਾਰੀ ਬਦੁਸ਼ ਗਏ। ਉੱਥੇ ਕਈ ਦਿਨਾਂ ਤਕ ਲਾਪਤਾ ਭਾਰਤੀਆਂ ਦੀ ਤਲਾਸ਼ ਕਰਦੇ ਰਹੇ ਸਨ ਤਾਂ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਪਹਾੜ ‘ਤੇ ਬਹੁਤ ਸਾਰੇ ਲੋਕਾਂ ਨੂੰ ਦਫਨਾਇਆ ਗਿਆ ਹੈ। ਅਧਿਕਾਰੀਆਂ ਨੇ ਪਹਾੜੀ ਨੂੰ ਪਟਵਾਇਆ। ਉੱਥੋਂ ਮਿਲੀਆਂ ਲਾਸ਼ਾਂ ਦੇ ਲੰਮੇ ਵਾਲ, ਕੜਾ, ਜੁੱਤੀਆਂ (ਜੋ ਇਰਾਕੀ ਨਹੀਂ ਸਨ) ਤੋਂ ਭਾਰਤੀ ਹੋਣ ਦਾ ਖ਼ਦਸ਼ਾ ਹੋਇਆ। ਇਸ ਤੋਂ ਬਾਅਦ ਹੋਰ ਖੁਦਾਈ ਕੀਤੀ ਤਾਂ ਉੱਥੋਂ 39 ਲਾਸ਼ਾਂ ਮਿਲੀਆਂ। ਸਾਰੀਆਂ ਲਾਸ਼ਾਂ ਨੂੰ ਬਗ਼ਦਾਦ ਭੇਜਿਆ ਗਿਆ, ਜਿੱਥੇ ਲਾਸ਼ਾਂ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਕਰ ਰਹੀ ਸੰਸਥਾ ਨੇ ਡੀ.ਐਨ.ਏ. ਸੈਂਪਲ ਦੀ ਮੰਗ ਕੀਤੀ ਤਾਂ ਪਿਛਲੇ ਸਾਲ ਪੰਜਾਬ, ਹਿਮਾਚਲ, ਬਿਹਾਰ ਤੇ ਪੱਛਮੀ ਬੰਗਾਲ ਸਰਕਾਰ ਤੋਂ ਇਹ ਨਮੂਨੇ ਲੈ ਕੇ ਬਗ਼ਦਾਦ ਭੇਜੇ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੰਦੀਪ ਨਾਂਅ ਦੇ ਵਿਅਕਤੀ ਦਾ ਡੀ.ਐਨ.ਏ. ਮਿਲ ਗਿਆ। ਕੱਲ ਤੱਕ 38 ਲਾਸ਼ਾਂ ਦੇ ਡੀ.ਐਨ.ਏ. ਦਾ ਮਿਲਾਨ ਕੀਤਾ ਜਾ ਚੁੱਕਾ ਸੀ ਜਦਕਿ 39ਵੇਂ ਦਾ ਡੀ.ਐਨ.ਏ. 70 ਫ਼ੀ ਸਦੀ ਮੈਚ ਕਰ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਲਾਸ਼ਾਂ ਦੇ ਮਿਲਣ ਤਕ ਭਾਰਤੀਆਂ ਨੂੰ ਮ੍ਰਿਤਕ ਕਹਿ ਨਹੀਂ ਸੀ ਸਕਦੀ। ਉਨਾਂ ਦੱਸਿਆ ਕਿ ਹੁਣ ਜਨਰਲ ਵੀ.ਕੇ. ਸਿੰਘ ਵਿਸ਼ੇਸ਼ ਜਹਾਜ਼ ਲੈ ਕੇ ਇਰਾਕ ਜਾਣਗੇ ਤੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲੈ ਕੇ ਆਉਣਗੇ। ਉਨਾਂ ਵਿਦੇਸ਼ ਰਾਜ ਮੰਤਰੀ ਦਾ ਇਨਾਂ ਭਾਰਤੀਆਂ ਦੀ ਖੋਜ ਕਰਨ ‘ਤੇ ਧੰਨਵਾਦ ਪ੍ਰਗਟ ਕੀਤਾ।
ਇਸ ਦੁਖਦ ਖਬਰ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਖ਼ਬਰ ਦੀ ਆਸ ਪਹਿਲਾਂ ਹੀ ਸੀ।
ਪੰਜਾਬ ਦੇ ਬਜਟ ਸੈਸ਼ਨ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕੈਪਟਨ ਨੇ ਕਿਹਾ ਇਸ ਖ਼ਬਰ ਦਾ ਸਭ ਨੂੰ ਪਤਾ ਸੀ। ਕੇਂਦਰ ਸਰਕਾਰ ਨੂੰ ਇਹ ਪਹਿਲਾਂ ਦੀ ਐਲਾਨ ਕਰ ਦੇਣਾ ਚਾਹੀਦਾ ਸੀ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਸਰਕਾਰ ਤੋਂ ਮਰਨ ਵਾਲੇ ਨੌਜਵਾਨਾਂ ਦੇ ਪੰਜਾਬ ‘ਚ ਰਹਿੰਦੇ ਪਰਿਵਾਰਾਂ ਲਈ ਨੌਕਰੀ ਤੇ 50-50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਹੁਣ ਤੱਕ ਲਾਰਾ ਲੱਪਾ ਲਾਈ ਰੱਖਣ ਲਈ ਲਾਹਣਤਾਂ ਪਾਈਆਂ।
ਅਮਨ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ 39 ਪਰਿਵਾਰਾਂ ਸਮੇਤ ਪੂਰੇ ਦੇਸ਼ ਨੂੰ ਹਨੇਰੇ ਵਿੱਚ ਰੱਖਿਆ ਇਸ ਲਈ ਮੋਦੀ ਤੇ ਸੁਸ਼ਮਾ ਸਵਰਾਜ ਸੰਸਦ ਵਿੱਚ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ।
ਓਧਰ ਇਸ ਮਾਮਲੇ ਨਾਲ ਜੁੜੇ ਗੁਰਦਾਸਪੁਰ ਦੇ ਕਾਲਾ ਅਫਗਾਨਾ ਪਿੰਡ ਦੇ ਵਾਸੀ ਹਰਜੀਤ ਮਸੀਹ ਨੇ ਕਿਹਾ ਹੈ ਕਿ ਮੈਂ ਤਾਂ ਜੂਨ 2015 ਵਿਚ ਹੀ ਇਹ ਭਾਣਾ ਵਾਪਰਨ ਦਾ ਦਾਅਵਾ ਕੀਤਾ ਸੀ ਤਾਂ ਮੈਨੂੰ ਝੂਠਾ ਕਰਾਰ ਦਿੱਤਾ ਗਿਆ ਤੇ ਮੇਰੇ ‘ਤੇ ਕੇਸ ਤੱਕ ਦਰਜ ਕਰਵਾਏ ਗਏ।  ਉਸ ਨੇ ਮੰਗ ਕੀਤੀ ਕਿ ਮੇਰੇ ‘ਤੇ ਦਰਜ ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਲੋਕ ਸਭਾ ਚ ਇਸ ਮੁੱਦੇ ‘ਤੇ ਬਹੁਤ ਹੰਗਾਮਾ ਹੋਇਆ, ਕਾਂਗਰਸੀ ਐਮ ਪੀਜ਼ ‘ਤੇ ਵਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀਆਂ ਨੂੰ ਚਾਹੀਦਾ ਸੀ ਕਿ ਚੁੱਪ ਕਰਕੇ ਵਿਦੇਸ਼ ਮੰਤਰੀ ਦੀ ਗੱਲ ਸੁਣਦੇ, ਪਰ ਪੰਜਾਬ ਦੇ ਕਾਂਗਰਸੀ ਐਮ ਪੀਜ਼ ਨੇ ਵੀ ਅਸੰਵੇਦਨਸ਼ੀਲਤਾ ਦਿਖਾਈ। ਹੁਣ ਇਹ ਪੰਜਾਬ ਦੇ ਲੋਕਾਂ ਨੂੰ ਕੀ ਜੁਆਬ ਦੇਣਗੇ?
ਇਸ ਮੁੱਦੇ ‘ਤੇ ਮੋਦੀ ਸਰਕਾਰ ਬੁਰੀ ਤਰਾਂ ਘਿਰਦੀ ਨਜ਼ਰ ਆ ਰਹੀ ਹੈ, ਸਰਕਾਰ ਨੇ ਅਕਤੂਬਰ 2017 ਨੂੰ ਡੀ ਐਨ ਏ ਟੈਸਟ ਲਈ ਚਾਰਾਜੋਈ ਆਰੰਭੀ ਸੀ, ਸਵਾਲ ਉਠ ਰਹੇ ਨੇ ਕਿ ਕੀ ਸਰਕਾਰ ਨੂੰ 6 ਮਹੀਨੇ ਪਹਿਲਾਂ ਹੀ ਇਸ ਦਾ ਪਤਾ ਸੀ ਕਿ ਅਗਵਾ ਮੁੰਡੇ ਮਾਰੇ ਜਾ ਚੁੱਕੇ ਨੇ, ਤਾਂ ਸਰਕਾਰ ਨੇ ਓਹਲਾ ਕਿਉਂ ਰੱਖਿਆ?