ਭਾਰਤ ਸਰਕਾਰ ਸਿੱਖਾਂ ਨੂੰ ਕਰ ਰਹੀ ਏ ਬਦਨਾਮ-ਗੁਰਤੇਜ ਸਿੰਘ

-ਰੂਪਪ੍ਰੀਤ
ਪ੍ਰਸਿੱਧ ਸਿੱਖ ਵਿਦਵਾਨ ਗੁਰਤੇਜ ਸਿੰਘ ਆਈਏਐੱਸ ਨੇ ਕਿਹਾ ਕਿ ਭਾਰਤੀ ਗ੍ਰਹਿ ਮੰਤਰਾਲਾ ਹਮੇਸ਼ਾਂ ਸਿੱਖਾਂ ਨੂੰ ਅੱਤਵਾਦੀ ਤੇ ਆਈਐਸਆਈ ਦੇ ਏਜੰਟ ਕਹਿ ਕੇ ਬਦਨਾਮ ਕਰਦਾ ਰਿਹਾ ਹੈ। ਵਿਦੇਸ਼ਾਂ ਵਿਚ ਭਾਰਤ ਸਫਾਰਤਖਾਨਿਆਂ ਦੇ ਅਫਸਰਾਂ ਦਾ ਗੁਰਦੁਆਰਿਆਂ ਵਿਚ ਬਾਈਕਾਟ ਭਾਰਤ ਸਰਕਾਰ ਨੂੰ ਬੁਰੀ ਤਰਾਂ ਚੁੱਭ ਰਿਹਾ। ਇਸੇ ਕਰਕੇ ਉਹ ਅਜਿਹੇ ਝੂਠ ਘੜ ਰਹੀ ਹੈ। ਇਸ ਦੇ ਕੋਈ ਸਬੂਤ ਨਹੀਂ ਹਨ। ਪਰ ਅਜਿਹਾ ਕਰਨਾ, ਕਿਸੇ ਕੌਮ ਨੂੰ ਬਦਨਾਮ ਕਰਨਾ ਅਪਰਾਧ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਨੇ ਅਜੇ ਤੱਕ 25 ਹਜ਼ਾਰ ਲਾਵਾਰਸ ਲਾਸ਼ਾਂ, ਝੂਠੇ ਪੁਲੀਸ ਮੁਕਾਬਲਿਆਂ, ਕਸ਼ਮੀਰ ਵਿਚ ਹੋਏ ਚਿੱਟੀਸਿੰਘਪੁਰਾ ਵਿਚ ਕਤਲੇਆਮ ਤੇ ਦਿੱਲੀ ਸਿੱਖ ਕਤਲੇਆਮ ਬਾਰੇ ਕੋਈ ਇਨਸਾਫ਼ ਨਹੀਂ ਦਿੱਤਾ। ਨਵੰਬਰ 1984 ਵਿੱਚ ਦਿੱਲੀ, ਕਾਨਪੁਰ, ਬੋਕਾਰੋ ਅਤੇ ਉੱਤਰੀ ਭਾਰਤ ਦੇ ਕਈ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਸ਼ਰੇਆਮ ਮਾਰ-ਕੁੱਟ ਕੇ ਜਿੰਦਾ ਜਲਾ ਦਿੱਤਾ ਗਿਆ। ਖ਼ਾਸਕਰ ਦਿੱਲੀ ਵਿੱਚ ਤਾਂ ਬਹੁਤ ਹੀ ਵੱਡੀ ਪੱਧਰ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨਾਂ ਦਾ ਮਾਲ-ਅਸਬਾਬ ਲੁੱਟ ਲਿਆ ਗਿਆ ਅਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਬੇਅਦਬੀ ਕਰਨ ਉਪਰੰਤ ਸਾੜ-ਫੂਕ ਕੀਤੀ ਗਈ। ਕਿਉਂਕਿ ਇਹ ਸਭ ਦੇਸ਼ ਦੀ ਰਾਜਧਾਨੀ ਵਿੱਚ ਹੋਇਆ ਸੀ, ਜਿੱਥੇ ਕਾਨੂੰਨ ਸਭ ਤੋਂ ਵੱਧ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ ਹੈ, ਇਸ ਲਈ ਮਨ ਵਿੱਚ ਸਜਿਹੇ ਹੀ ਇਹ ਵਿਚਾਰ ਉਠਦਾ ਹੈ ਕਿ ਘੱਟੋ-ਘੱਟ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਤਾਂ ਯੋਗ ਸਜ਼ਾਵਾਂ ਮਿਲ ਜਾਣੀਆਂ ਚਾਹੀਦੀਆਂ ਸਨ। ਉਨਾਂ ਕਿਹਾ ਕਿ ਸਿੱਖ ਕੌਮ ਆਪਣੀ ਅਜ਼ਾਦ ਹਸਤੀ ਲਈ ਜੂਝ ਰਹੀ ਹੈ, ਜੋ ਕਿ ਭਾਰਤ ਸਰਕਾਰ ਨੂੰ ਚੰਗਾ ਨਹੀਂ ਲਗ ਰਿਹਾ, ਕਿਉਂਕਿ ਉਹ ਦਲਿਤਾਂ, ਘੱਟ ਗਿਣਤੀਆਂ, ਪੱਛੜਿਆਂ ਨੂੰ ਹਿੰਦੂਤਵ ਦੇ ਝੰਡੇ ਹੇਠ ਲਿਆਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਮੂਲ ਨਿਵਾਸੀ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ। ਕੱਲ ਨੂੰ ਇਨਾਂ ਨੂੰ ਵੀ ਬਦਨਾਮ ਕਰ ਦਿੱਤਾ ਜਾਵੇਗਾ। ਚਾਣਕਿਆ ਨੀਤੀ ਇਹੀ ਰਹੀ ਹੈ ਕਿ ਕਿਸੇ ਨੂੰ ਮਾਰਨਾ ਹੋਵੇ ਤਾਂ ਉਸ ਨੂੰ ਬਦਨਾਮ ਕਰ ਦਿਓ ਤੇ ਭਗਵੇਂਵਾਦੀ ਤੰਤਰ ਇਨਾਂ ਲੀਹਾਂ ‘ਤੇ ਚਲ ਰਿਹਾ ਹੈ।
ਪ੍ਰਦੇਸੀ ਸਿੱਖਾਂ ਨੂੰ ਆਈਐਸਆਈ ਨਾਲ ਜੋੜ ਕੇ ਬਦਨਾਮ ਕੀਤਾ
ਪ੍ਰਦੇਸੀ ਸਿੱਖਾਂ ਵੱਲੋਂ ਵਿਦੇਸ਼ਾਂ ਵਿਚ ਭਾਰਤੀ ਸਫਾਰਤਖਾਨਿਆਂ ਦੇ ਅਫਸਰਾਂ ਤੇ ਸਿਆਸਤਦਾਨਾਂ ਦਾ ਗੁਰਦੁਆਰਿਆਂ ਵਿਚ ਬਾਈਕਾਟ ਕਰਨ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਖ਼ਿਲਾਫ਼ ਪ੍ਰਚਾਰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਅਨੁਸਾਰ ਪਾਕਿਸਤਾਨ ਖੁਫੀਆ ਏਜੰਸੀ  ਆਈ. ਐੱਸ. ਆਈ. ਦੀ ਭਾਰਤ ਦੇ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਗ੍ਰਹਿ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧੀ ਖੁਫੀਆ ਜਾਣਕਾਰੀ ਮਿਲੀ ਹੈ ਕਿ ਆਈ. ਐੱਸ. ਆਈ. ਖਾਲਿਸਤਾਨੀ ਸਮੱਰਥਕ ਜਥੇਬੰਦੀਆਂ ਨੂੰ ਆਰਥਿਕ ਮਦਦ ਦੇ ਰਹੀ ਹੈ। ਆਈ. ਐੱਸ. ਆਈ. ਇਸ ਮਦਦ ਨਾਲ ਅਮਰੀਕਾ, ਯੂ. ਕੇ. ਅਤੇ ਕੈਨੇਡਾ ਵਿਚ ਮੌਜੂਦ ਖਾਲਿਸਤਾਨੀ ਹਮਾਇਤੀਆਂ ਨੂੰ ਭਾਰਤ ਦੇ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਵਿਚ ਪਿਛਲੇ ਮਹੀਨੇ ਪੰਜਵਾਂ ਸਾਲਾਨਾ ਫੰਡ ਰੇਜ਼ਿੰਗਗ ਪ੍ਰੋਗਰਾਮ ਕਰਵਾਇਆ ਸੀ। ਇਸ ਆਯੋਜਨ ਵਿਚ ਲੱਗਭੱਗ 200 ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਖਾਲਿਸਤਾਨੀ ਸਮੱਰਥਕ ਆਗੂ ਵੀ ਸਨ। ਇਸ ਤੋਂ ਇਲਾਵਾ ਪਾਕਿਸਤਾਨ-ਅਮਰੀਕਨ ਥਿੰਕ ਟੈਂਕ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਇਸ ਵਿਚ ਹਿੱਸਾ ਲਿਆ। ਖੁਫ਼ੀਆ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ-ਅਮਰੀਕਨ ਥਿੰਕ ਟੈਂਕ ਨੂੰ ਆਈ. ਐੱਸ. ਆਈ. ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਕਰਨ ਲਈ ਫੰਡਿੰਗ ਕੀਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਇੱਕ ਹੋਰ ਗੱਪ ਮਾਰਦਿਆਂ ਕਿਹਾ ਕਿ ਹਾਲਾਂ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਵਿਦੇਸ਼ੀ ਧਰਤੀ ‘ਤੇ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਭਾਰਤ ਦੇ ਖ਼ਿਲਾਫ਼ ਪ੍ਰਚਾਰ ਕਰਨ ਦੇ ਪਿੱਛੇ ਵੀ. ਆਈ. ਐੱਸ. ਆਈ. ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ। 23 ਨਵੰਬਰ ਨੂੰ ਆਈ. ਐੱਸ. ਆਈ. ਨੇ ਇੱਕ ਸੰਵੇਦਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ, ਜਿਸ ਵਿਚ ਮੂਵਮੈਂਟ ਨਾਲ ਜੁੜੇ ਲੱਗਭੱਗ 60 ਲੋਕਾਂ ਨੇ ਹਿੱਸਾ ਲਿਆ ਸੀ।ਭਾਰਤੀ ਖੁਫੀਆ ਸੂਤਰਾਂ ਮੁਤਾਬਕ ਆਈ. ਐੱਸ. ਆਈ. ਕੈਨੇਡਾ ਵਿਚ ਰਹਿੰਦੇ ਖਾਲਿਸਤਾਨੀ ਹਮਾਇਤੀਆਂ ਦੀ ਭਾਰਤ ਵਿਰੋਧੀ ਸਰਗਰਮੀਆਂ ਲਈ ਇਸਤੇਮਾਲ ਕਰਦੀ ਰਹਿੰਦੀ ਹੈ।
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਕੈਨੇਡਾ ਵਿਚ ਵੱਡੇ ਪੱਧਰ ‘ਤੇ ਆਪਣਾ ਨੈੱਟਵਰਕ ਬਣਾ ਰੱਖਿਆ ਹੈ। ਨੀਟਾ ਵੱਲੋਂ ਆਪਣੇ ਨੈੱਟਵਰਕ ਰਾਹੀਂ ਕੈਨੇਡਾ ਤੋਂ ਖਾੜਕੂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਵਿਚ ਰਹਿ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਨੇ ਵੀ ਕੈਨੇਡਾ ਵਿਚ ਤੇ ਬ੍ਰੈਂਪਟਨ ਵਿਚ ਆਪਣਾ ਨੈੱਟਵਰਕ ਬਣਾ ਰੱਖਿਆ ਹੈ। ਰਣਜੀਤ ਸਿੰਘ ਨੀਟਾ ਤੇ ਵਧਾਵਾ ਸਿੰਘ ਦੇ ਨਿਰਦੇਸ਼ ‘ਤੇ ਕੈਨੇਡਾ, ਬ੍ਰਿਟੇਨ ਤੇ ਅਮਰੀਕਾ ਵਿਚ ਬਣਾਏ ਗਏ ਨੈੱਟਵਰਕ ਦਾ ਫੰਡ ਇਕੱਠਾ ਕਰਨ ਵਿਚ ਇਸਤੇਮਾਲ ਕੀਤਾ ਜਾਂਦਾ ਹੈ।