ਸਲਾਮ ਜ਼ਿੰਦਗੀ- ਢਿੱਡੋਂ ਭੁੱਖੇ ਸਿਦਕੋਂ ਰੱਜੇ ਮਜ਼ਦੂਰ ਪਰਿਵਾਰ ਦੀ ਦਾਸਤਾਨ 

-ਅਮਨਦੀਪ ਹਾਂਸ
ਬਾਬਾ ਨਜ਼ਮੀ ਸਾਹਿਬ ਸਮੁੱਚੀ ਲੋਕਾਈ ਨੂੰ ਮੁਖਾਤਬ ਹੁੰਦਿਆਂ ਕਹਿੰਦੇ ਨੇ..
ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ 
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ
ਅਜਿਹੇ ਹੀ ਹਾਕਮੀ ਦਸਤੂਰ ਤੇ ਢਿੱਡੋਂ ਭੁੱਖੇ ਪਰ ਸਿਦਕ ਦੇ ਰੱਜੇ ਮਜ਼ਦੂਰ ਪਰਿਵਾਰ ਦੀ ਦਾਸਤਾਨ ਸਾਂਝੀ ਕਰਦੇ ਹਾਂ.. ਆਓ ਕਪੂਰਥਲਾ ਤੋਂ ਫਤਿਆਬਾਦ ਸੜਕ ‘ਤੇ ਪੈਂਦੇ ਪਿੰਡ ਦੇਸਲ ਚੱਲਦੇ ਹਾਂ। ਪਿੰਡ ਦੇ ਬੇਘਰੇ ਮਜ਼ਦੂਰਾਂ, ਭਾਵ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਚੋਂ 10 ਸਾਲ ਪਹਿਲਾਂ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਗਏ, ਜਿੱਥੇ ਦਰਜਨ ਭਰ ਪਰਿਵਾਰ ਆਣ ਵਸੇ, ਕਈਆਂ ਨੇ ਵਿੱਤ ਮੁਤਾਬਕ ਸਿਰ ਢਕਣ ਜੋਕਰੀ ਥਾਂ ਛੱਤ ਲਈ, ਚਾਹੇ ਕੱਖਾਂ ਦੀ ਤੇ ਚਾਹੇ ਇੱਟਾਂ ਬਾਲਿਆਂ ਦੀ.. ਪਰ ਇਕ ਪਰਿਵਾਰ ਹੈ ਰਣਜੀਤ ਸਿੰਘ ਦਾ, ਟੀ ਬੀ ਦਾ ਮਰੀਜ਼ ਰਣਜੀਤ ਆਪਣੀ ਪਤਨੀ ਰਾਜਵਿੰਦਰ ਕੌਰ, ਇਕ 14 ਸਾਲਾ ਧੀ ਤੇ 11-12 ਸਾਲ ਦੀ ਉਮਰ ਦੇ ਦੋ ਪੁੱਤਾਂ ਦੇ ਸਿਰ ਢਕਣ ਲਈ ਇਕ ਛੱਤ ਦਾ ਇੰਤਜ਼ਾਮ ਨਾ ਕਰ ਸਕਿਆ। ਤੇ ਪੂਰਾ ਇਕ ਦਹਾਕਾ ਪਰਿਵਾਰ ਮੰਡੀਆਂ ਵਿਚੋਂ ਪੁਰਾਣੀਆਂ ਤਰਪਾਲਾਂ ਇਕੱਠੀਆਂ ਕਰਕੇ ਤੰਬੂ ਲਾ ਕੇ ਰਿਹਾ। ਗਰੀਬਾਂ ਦੀ ਮਸੀਹਾ ਕਹਾਉਂਦੀ ਪਿਛਲੀ ਬਾਦਲ ਸਰਕਾਰ ਨੇ ਗੱਲੀਂਬਾਤੀਂ ਬੜਾ ਕੁਝ ਦਿੱਤਾ ਸੀ, ਪਰ ਜ਼ਮੀਨੀ ਹਕੀਕਤ ਤਾਂ ਪੰਜਾਬ ਦੇ ਖੱਲ ਖੂੰਜੇ ਫਰੋਲਿਆਂ ਹੀ ਪਤਾ ਲੱਗਦੀ ਹੈ ਕਿ ਕੀਤਾ ਕੀ ਸੀ?
ਹੁਣ ਵਾਲੇ ਹਾਕਮਾਂ ਨੇ ਘਰ ਪਵਾ ਕੇ ਦੇਣ ਦੇ ਵਾਅਦੇ ਨਾਲ ਵੋਟਾਂ ਲਈਆਂ। ਘਰ ਪਵਾ ਕੇ ਦਿੱਤੇ ਜਾ ਰਹੇ ਨੇ, ਉਹਦੀ ਵੀ ਗੱਲ ਕਰਾਂਗੇ ਕਿ ਕਿਹੋ ਜਿਹੇ ਮਹੱਲ ਉਸਾਰ ਕੇ ਦੇ ਰਹੀ ਹੈ ਮਹਾਰਾਜਾ ਪਟਿਆਲਾ ਦੀ ਸਰਕਾਰ। ਪਹਿਲਾਂ ਰਣਜੀਤ ਸਿੰਘ ਦੇ ਪਰਿਵਾਰ ਦੀ ਹਾਲਤ ਤੋਂ ਰੂਬਰੂ ਹੁੰਦੇ ਹਾਂ।
40 ਸਾਲਾ ਰਣਜੀਤ ਸਿੰਘ ਦਿਹਾੜੀਦਾਰ ਮਜ਼ਦੂਰ ਹੈ, ਵਰਿਆਂ ਤੋਂ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਸੀ ਪਤਾ ਨਾ ਲੱਗਿਆ ਕਿ ਕਾਰਨ ਕੀ ਸੀ। ਪੰਜ ਛੇ ਸਾਲ ਪਹਿਲਾਂ ਰਣਜੀਤ ਦੀ ਜਮਾ ਈ ਬੱਸ ਹੋਈ, ਆਏ ਦਿਨ ਤਾਪ ਚੜਿਆ ਰਿਹਾ ਕਰੇ ਤਾਂ ਜਾਂਚ ਕਰਵਾਈ, ਤੇ ਪਤਾ ਲੱਗਿਆ ਕਿ ਉਸ ਨੂੰ ਤਾਂ ਟੀਬੀ ਹੈ। ਸਰਕਾਰੀ ਸਿਹਤ ਕੇਂਦਰ ਤੋਂ ਇਲਾਜ ਚੱਲ ਰਿਹਾ ਹੈ, ਰਣਜੀਤ ਦੀ ਘਰਵਾਲੀ ਰਾਜਵਿੰਦਰ ਕੌਰ ਦੱਸਦੀ ਹੈ ਕਿ ਸਰਕਾਰੀ ਹਸਪਤਾਲ ਵਿਚੋਂ ਦਵਾਈ ਤਾਂ ਮੁਫਤ ਮਿਲਦੀ ਹੈ, ਪਰ ਡਾਕਟਰ ਕਹਿੰਦੇ ਨੇ ਚੰਗੀ ਖੁਰਾਕ ਖਾਓ,. Êਪਰ ਸਾਨੂੰ ਤਾਂ ਦਿਹਾੜੀ ਵੀ ਪੱਕੀ ਨਹੀਂ ਮਿਲਦੀ, ਰੋਟੀ ਦਾ ਵੀ ਪਤਾ ਨਹੀਂ ਦਿਨ ਚ ਦੋ ਡੰਗ ਮਿਲੂ ਕਿ ਇਕ ਨਾਲ ਈ ਸਾਰਨਾ ਪਊ। ਉਹ ਦੱਸਦੀ ਹੈ ਕਿ ਪਹਿਲਾਂ ਤਾਂ ਅਸੀਂ ਦੋਵੇਂ ਜੀਅ ਦਿਹਾੜੀ ਦੱਪਾ ਕਰਦੇ ਸੀ, ਪਰ ਹੁਣ ਤਾਂ ਜਦ ਦਾ ਇਹ ਬਿਮਾਰ ਹੋਇਐ, ਕੋਈ ਕੰਮ ਨਹੀਂ ਕਰ ਸਕਦਾ, ਜੇ ਕਦੇ ਦੋ ਚਾਰ ਘੰਟੇ ਕੰਮ ਕਰ ਵੀ ਲਵੇ ਤਾਂ ਫੇਰ ਤਾਪ ਚੜ ਜਾਂਦੈ।
ਪਿਛਲੀ ਸਰਕਾਰ ਵੇਲੇ ਨੀਲੇ ਕਾਰਡ ‘ਤੇ ਮਿਲਦੀ ਕਣਕ ਦਾਲ ਬਾਰੇ ਰਾਜਵਿੰਦਰ ਨੇ ਦੱਸਿਆ ਕਿ ਕਦੇ ਕਦਾਈਂ ਮਿਲ ਜਾਂਦੀ ਸੀ, ਪਰ ਆਹ ਰਾਜੇ ਨੇ ਤਾਂ ਕਾਰਡ ਈ ਖਤਮ ਕਰਤੇ, ਪੰਚਾਇਤ ਵਾਲੇ ਦੱਸਦੇ ਨੇ ਕਿ ਸਰਕਾਰ ਦੁਬਾਰਾ ਸਰਵੇ ਕਰਵਾ ਕੇ ਕਾਰਡ ਬਣਵਾ ਕੇ ਦੇਊ, ਫੇਰ ਸਸਤਾ ਰਾਸ਼ਨ ਦੇਊ.. ਰਾਜਵਿੰਦਰ ਸਵਾਲ ਕਰਦੀ ਐ ਕਿ ਉਦੋਂ ਤੱਕ ਸਾਡੇ ਵਰਗੇ ਲੋਕ ਢਿੱਡ ਨੂੰ ਗੰਢਾਂ ਦੇ ਲੈਣ?
ਕਹਿੰਦੀ ਹੈ ਕਿ ਮਹੀਨੇ ਦੇ 30 ਦਿਨ ਨੇ, ਅਸੀਂ ਪੰਜ ਜੀਅ ਆਂ, ਪੱਕਾ ਰੁਜ਼ਗਾਰ ਕੋਈ ਨਹੀਂ, ਮਨਰੇਗਾ ਚ ਕਦੇ ਕਦੇ ਦਿਹਾੜੀ ਮਿਲਦੀ ਐ। ਖੇਤਾਂ ਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਕੰਮ ਕਰਨ ਬਦਲੇ 200 ਰੁਪਏ ਮਿਲਦੇ ਨੇ, ਰੋਟੀ ਪੱਲਿਓਂ ਲਿਜਾਣੀ ਪੈਂਦੀ ਹੈ।
ਗੁਜ਼ਾਰਾ ਬੱਸ ਵਕਤ ਨੂੰ ਧੱਕਾ ਲਾਉਣ ਜੋਗਾ ਹੋ ਜਾਂਦੈ, ਨਿਆਣੇ ਪੜਦੇ ਨੇ, ਹਾਲੇ ਤੱਕ ਤਾਂ ਪੜਾਈ ਮੁਫਤ ਵਰਗੀ ਐ, ਕਾਪੀਅੰ ਪੈਨ ਪੈਨਸਲਾਂ ਦੀ ਲੋੜ ਪੈਂਦੀ ਐ, ਵਰਦੀ ਕਦੇ ਕਦੇ ਸਰਕਾਰ ਦੇ ਦਿੰਦੀ ਐ, ਨਹੀਂ ਤਾਂ ਸਕੂਲ ਵਾਲੇ ਚੰਗੇ ਨੇ, ਬਿਨਾ ਵਰਦੀ ਵਾਲੇ ਜੁਆਕਾਂ ਨੂੰ ਕੁਝ ਕਹਿੰਦੇ ਨਹੀਂ, ਉਹਨਾਂ ਨੂੰ ਵੀ ਪਤਾ ਈ ਐ ਸਾਡੇ ਹਾਲਾਤਾਂ ਦਾ। ਪਰ ਜੁਆਕ ਕਦੇ ਕਦੇ ਕਾਪੀਆਂ ਪੈਨ ਪੈਨਸਲਾਂ  ਤੋਂ ਵੀ ਵਿਰ ਵਿਰ ਕਰਦੇ ਨੇ, ਪਰ ਅਸੀਂ ਜਿੰਨਾ ਹੈ ਉਹਦੇ ਨਾਲ ਈ ਸਾਰਨਾ ਸਿਖਾਇਆ ਇਹਨਾਂ ਨੂੰ।
ਰਾਜਵਿੰਦਰ ਗੱਚ ਜਿਹਾ ਭਰ ਕੇ ਦੱਸਦੀ ਹੈ ਕਿ ਅਸੀਂ ਤਾਂ ਕਦੇ ਕਦੇ ਦੋ ਤਿੰਨ ਦਿਨ ਮਾਰੂ ਚਾਹ ਨਾਲ ਵੀ ਬੱਚਿਆਂ ਦਾ ਢਿੱਡ ਭਰਿਆ। ਜਦ ਸਾਰਾ ਸਾਰਾ ਹਫਤਾ ਕੰਮ ਨਹੀਂ ਮਿਲਦਾ ਹੁੰਦਾ ਤਾਂ ਫੇਰ ਆਟਾ ਦਾਲ ਕਿੱਥੋਂ ਲੈਣੀ ਹੁੰਦੀ ਐ।
ਇਕ ਵਾਰ ਮੱਝਾਂ ਰੱਖੀਆਂ ਸੀ, ਪਰ ਬਿਮਾਰੀ ਕਰਕੇ ਵਿਕ ਗਈਆਂ, ਇਸ ਜੋੜੇ ਦੀ ਕੁੜੀ ਅੱਜ 14 ਸਾਲ ਦੀ ਹੈ, ਕਈ ਸਾਲ ਪਹਿਲਾਂ ਉਹਨੂੰ ਸਿਰ ਵਿੱਚ ਰਸੌਲੀ ਹੋ ਗਈ ਸੀ, ਉਹਦੇ ਅਪ੍ਰੇਸ਼ਨ ਲਈ ਪੈਸਿਆਂ ਦਾ ਜੁਗਾੜ ਕਰਨ ਵਾਸਤੇ ਮੱਝਾਂ ਵੇਚ ਦਿੱਤੀਆਂ ਸੀ। ਕੁਝ ਰਕਮ ਰਿਸ਼ਤੇਦਾਰਾਂ ਤੋਂ ਉਧਾਰੀ ਲਈ, ਉਹਨਾਂ ਨੇ ਪੈਸੇ ਕਦੇ ਮੰਗੇ ਨਹੀਂ। ਉਦੋਂ ਅਸੀਂ ਰਹਿੰਦੇ ਵੀ ਤੰਬੂ ਲਾ ਕੇ ਹੁੰਦੇ ਸੀ, ਮੰਗਣ ਵਾਲਾ ਤਾਂ ਆਪ ਹੀ ਵਿਚਾਰਾ ਸਾਡੇ ਹਾਲਾਤ ਦੇਖ ਕੇ ਸ਼ਰਮ ਨਾਲ ਮੁੜ ਜਾਂਦਾ ਸੀ, ਕੁੜੀ ਅੰਜਲੀ ਹਾਲੇ ਵੀ ਪੂਰੀ ਤਰਾਂ ਠੀਕ ਨਹੀਂ। ਪਰ ਪੜਨ ਦੀ ਇੱਛਾ ਰੱਖਦੀ ਹੈ, ਨੌਵੀਂ ਜਮਾਤ ਚ ਪੜਨ ਲੱਗੀ, ਬਸਤਾ, ਤੇ ਕਾਪੀਆਂ ਨਾ ਮਿਲੀਆਂ ਤਾਂ ਸਕੂਲ ਜਾਣਾ ਬੰਦ ਕਰ ਦਿੱਤਾ। ਗਿਆਨ ਦੀ ਜੋਤ ਜਗਾਉਣ ਚ ਲੱਗੀ ਰੇਡੀਓ ਰੰਗਲਾ ਪੰਜਾਬ ਟੋਰਾਂਟੋ ਦੀ ਟੀਮ ਵਲੋਂ ਇਸ ਬੱਚੀ ਨੂੰ ਆਉਂਦੇ ਮਹੀਨੇ ਦਾਖਲ ਕਰਵਾ ਕੇ ਪੜਾਈ ਲਈ ਲੋੜੀਂਦਾ ਸਾਰਾ ਸਮਾਨ ਲੈ ਕੇ ਦੇਣ ਦਾ ਵਾਅਦਾ ਕੀਤਾ ਹੈ।
ਗੱਲਬਾਤ ਦੌਰਾਨ ਸਾਡੇ ਕੋਲ ਹੀ ਤੰਗੀਆਂ ਤੁਰਸ਼ੀਆਂ ਤੋਂ ਬੇਖਬਰ, ਪੁਰਾਣੇ ਬੇਮੇਚੇ ਲੀੜੇ ਪਾਈ ਰਣਜੀਤ ਤੇ ਰਾਜਵਿੰਦਰ ਦੇ ਦੋਵੇਂ 11-12 ਸਾਲ ਦੀ ਉਮਰ ਦੇ ਮੁੰਡੇ ਖੇਡਦੇ ਫਿਰਦੇ ਸਨ, ਰਾਜਵਿੰਦਰ ਹੌਸਲੇ ਨਾਲ ਪੁੱਤਾਂ ਵੱਲ ਵੇਖ ਕੇ ਆਖਦੀ ਹੈ ਕੋਈ ਨਾ ਹੋਏ ਮੇਰੇ ਪੁੱਤ ਜਵਾਨ .. ਵਾਹੇਗੂਰੂ ਸਭ ਭਲੀ ਕਰੂ..। ਸਬਰ ਤੇ ਸਿਦਕ ਦਾ ਮੁਜੱਸਮਾ ਦਿਸ ਰਹੀ ਪੰਜਾਬ ਦੀ ਇਹ ਧੀ ਪਾਟੀ ਜਿਹੀ ਸ਼ਾਲ ਚ ਅੱਥਰੂ ਸਮੋਅ ਲੈਂਦੀ ਹੈ।
ਤੌੜ ਵਿਹੜੇ ਚ ਇਕ ਪਾਸੇ ਕੱਚਾ ਚੁੱਲਾ ਹੈ, ਓਥੇ ਈ ਇਹ ਰੰਗਰੇਟੇ ਗੁਰੂ ਕੇ ਬੇਟੇ ਦੇ ਜੀਅ 10 ਸਾਲ ਤੰਬੂ ਲਾ ਕੇ ਦਿਨ ਕਟੀਆਂ ਕਰਦੇ ਰਹੇ। ਲਾਗਲੇ ਖੇਤਾਂ ਚ ਪਖਾਨੇ ਲਈ ਜਾਂਦੇ, ਰਾਤ ਬਰਾਤੇ ਨਹਾ ਵੀ ਓਥੇ ਈ ਆਉਣਾ, ਓਥੋਂ ਚਾਰ ਬਾਲਟੇ ਪਾਣੀ ਢੋਅ ਕੇ ਲੀੜਿਆਂ ਚੋਂ ਮੈਲ ਨਿਤਾਰ ਲੈਣੀ।
ਹੁਣ ਕਾਂਗਰਸ ਸਰਕਾਰ ਨੇ ਇਹਨਾਂ ਪੰਚਾਇਤੀ ਜ਼ਮੀਨ ਚ ਰਹਿੰਦੇ ਪਰਿਵਾਰਾਂ ਨੂੰ ਪਖਾਨਾ ਤੇ ਇਕ ਇਕ ਕਮਰਾ ਛੱਤ ਕੇ ਦੇਣ ਲਈ ਗ੍ਰਾਂਟ ਜਾਰੀ ਕਰਨੀ ਸ਼ੁਰੂ ਕੀਤੀ ਹੈ।
ਸਰਕਾਰ ਇਹ ਜੋ ਕੁਝ ਉਸਾਰ ਕੇ ਦੇ ਰਹੀ ਹੈ, ਉਹਦੀ ਜਾਣਕਾਰੀ ਇਹ ਕਹੌਤ ਚੇਤੇ ਕਰਵਾਉਂਦੀ ਹੈ ਕਿ ਬੱਕਰੀ ਨੇ ਦੁੱਧ ਦੇਣੈ, ਪਰ ਦੇਣੈ ਮੀਂਗਣਾਂ ਘੋਲ ਕੇ।
ਇਹਨਾਂ ਪਰਿਵਾਰਾਂ ਨੂੰ ਕਿਹਾ ਗਿਆ ਹੈ ਕਿ 3 ਬਾਇ 4.5 ਫੁੱਟ ਦੀ ਤੇ 20 ਫੁੱਟ ਡੂੰਘੀ ਖੂਹੀ ਵਾਲਾ ਪਖਾਨਾ ਉਸਾਰੋ, ਪਲੱਸਤਰ ਕਰੋ, ਫਰਸ਼ ਪਾਓ, ਤਖਤਾ ਲਾਓ, ਲੈਂਟਰ ਪਾਓ, ਫੇਰ ਸਰਕਾਰ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਪਖਾਨੇ ਦੇ ਹਿਸਾਬ ਨਾਲ ਪੰਜ ਪੰਜ ਹਜ਼ਾਰ ਦੀ ਕਿਸ਼ਤ ਚ ਰਕਮ ਦੇਊ, 10 ਬਾਇ 12 ਦੇ ਕਮਰੇ ਬਾਰੇ ਸਰਕਾਰੀ ਆਦੇਸ਼ ਹੈ ਕਿ ਉਸਾਰੀ ਕਰੋ, ਪਲੱਸਤਰ ਕਰੋ, ਲੈਂਟਰ ਪਾਓ, ਫਰਸ਼ ਲਾਓ, ਤਖਤੇ ਲਾਓ ਫੇਰ ਸਰਕਾਰ 30 ਹਜ਼ਾਰ ਰੁਪਏ ਇਕ ਕਮਰੇ ਲਈ ਗ੍ਰਾਂਟ ਦੇਊ, ਉਹ ਵੀ ਕਿਸ਼ਤਾਂ ਚ।
ਨੇੜੇ ਹੀ ਇਕ ਹੋਰ ਘਰ ਵਿੱਚ ਕਮਰੇ ਤੇ ਪਖਾਨੇ ਦੀ ਉਸਾਰੀ ਕਰ ਰਹੇ ਰਾਜ ਮਿਸਤਰੀ ਨੇ ਸਰਕਾਰੀ ਗ੍ਰਾਂਟ ਦਾ ਮਜ਼ਾਕ ਉਡਾਇਆ ਤੇ ਕਿਹਾ ਕਿ ਮਹਾਰਾਜੇ ਨੂੰ ਐਨੀ ਰਕਮ ਅਸੀਂ ਆਵਦੀ ਜੇਬ ਚੋਂ ਦਿੰਦੇ ਆਂ, ਇਕ ਪਖਾਨਾ ਤੇ ਇਕ ਕਮਰਾ ਆਪਣੇ ਮੋਤੀ ਮਹੱਲ ਚ ਉਸਾਰ ਕੇ ਦਿਖਾਵੇ,, ਤੇ ਜਿਹੜੀ ਰਕਮ ਬਚ ਜਾਵੇ, ਉਹ ਆਵਦੇ ਨੌਂ ਫਿਕਸ ਕਰਵਾ ਲਏ..।
ਮਿਸਤਰੀ ਨੇ ਕਿਹਾ ਕਿ ਇਕ ਸਧਾਰਨ ਜਿਹੀ ਫਲੱਸ਼ ਦੀ ਉਸਾਰੀ ਲਈ ਘੱਟੋ ਘੱਟ 25 ਹਜ਼ਾਰ ਰੁਪਏ ਤੇ ਕਮਰੇ ਲਈ 60-65 ਹਜਾਰ ਰੁਪਏ ਲੱਗਦੇ ਨੇ, ਉਹ ਵੀ ਤਾਂ ਜੇ ਘਰ ਦੇ ਜੀਅ ਮਜ਼ਦੂਰਾਂ ਵਾਲਾ ਕੰਮ ਆਪ ਕਰਨ ਤਾਂ।
ਰਾਜਵਿੰਦਰ ਕੌਰ ਤੇ ਰਣਜੀਤ ਸਿੰਘ ਨੇ ਧੀ ਦੇ ਜਵਾਨ ਹੋਣ ਕਰਕੇ ਘਰ ਵਿੱਚ ਪਖਾਨਾ ਬਣਾਉਣ ਲਈ 20 ਹਜ਼ਾਰ ਰੁਪਏ ਇਕ ਜ਼ਿਮੀਦਾਰ ਤੋਂ ਕਰਜ਼ਾ ਲਿਆ ਹੈ, ਜੋ 1500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 20 ਕਿਸ਼ਤਾਂ ਚ ਤਾਰਨਾ ਹੈ, 20 ਹਜ਼ਾਰ ਦੇ ਇਵਜ਼ ਚ 30 ਹਜ਼ਾਰ ਰੁਪਏ ਮੋੜਨੇ ਪੈਣੇ ਨੇ। ਤੇ ਸਰਕਾਰੀ ਗ੍ਰਾਂਟ ਦਾ 15 ਹਜ਼ਾਰ ਰੁਪੱਈਆ ਪਤਾ ਨਹੀਂ ਕਦੋਂ ਮਿਲੂ?
ਕੱਲ ਕੀ ਹੋਣਾ ਹੈ, ਚੁੱਲਾ ਤਪਣਾ ਹੈ ਕਿ ਨਹੀਂ, ਇਹ ਪਰਿਵਾਰ ਨਹੀਂ ਜਾਣਦਾ, ਪਰ ਸਬਰ ਐਨਾ ਕਿ ਭੁੱਖੇ ਢਿੱਡ ‘ਤੇ ਲੱਗੇ ਚਿਹਰੇ ਹਸੂੰ ਹਸੂੰ ਕਰਦੇ ਸਮਾਜਕ ਨਾ ਬਰਾਬਰੀ ਨੂੰ ਚੈਲੈਂਜ ਕਰਦੇ ਨੇ।
ਜਦ ਪਿਛਲੇ ਹਫਤੇ ਅਸੀਂ ਇਸ ਪਰਿਵਾਰ ਨੂੰ ਮਿਲੇ ਤਾਂ ਇਕ ਹਫਤੇ ਤੋਂ ਕੋਈ ਕੰਮ ਨਹੀਂ ਸੀ ਮਿਲਿਆ, ਘਰ ਵਿੱਚ ਚਾਹ ਲਈ ਦੁੱਧ ਦੀ ਤਿਪ ਵੀ ਨਹੀਂ ਸੀ, ਰਾਜਵਿੰਦਰ ਹੱਸਦੀ ਹੈ, ਆਓ ਤੁਹਾਨੂੰ ਵੀ ਮਾਰੂ ਚਾਹ ਪਿਆਈਏ..
ਪਰ ਤੰਗੀਆਂ ਤੁਰਸ਼ੀਆਂ ਨੂੰ ਨੇੜਿਓਂ ਤੱਕਣ ਵਾਲੇ ਮਹਾਤੜ ਭੈਣ ਰਾਜਵਿੰਦਰ ਕੌਰ ਦੀ ਡੱਕਿਆਂ ‘ਤੇ ਰਿੰਨੀ ਮਾਰੂ ਚਾਹ ਨਾਲ ਸੰਘ ਮਿੱਠਾ ਕਰਕੇ ਉਹਦੀ ਸਿਦਕ ਤੇ ਸਿਰੜ ਭਰੀ ਜ਼ਿੰਦਗੀ ਨੂੰ ਸਲਾਮ ਕਰਦੇ ਹੋਏ ਮੁੜੇ।