ਕਰਨੀ ਸੈਨਾ ਦਾ ਮੁਖੀ ਗੁਜਰਾਤ ਚ ਚਲਾਉਂਦੈ ਸੁਰੱਖਿਆ ਏਜੰਸੀ!

-ਪੇਸ਼ਕਸ਼-ਅਮਨਦੀਪ ਹਾਂਸ
ਗੁਜਰਾਤ ਚ ਕਰਨੀ ਸੈਨਾ ਦਾ ਮੁਖੀ ਹੈ ਸੇਵਾਮੁਕਤ ਬੀਐੱਸਐੱਫ ਅਫ਼ਸਰ ਰਾਜ ਸ਼ੇਖਾਵਤ , ਜੋ ਅਹਿਮਦਾਬਾਦ ਵਿੱਚ ਇੱਕ ਨਿੱਜੀ ਸੁਰੱਖਿਆ ਏਜੰਸੀ ਚਲਾਉਂਦਾ ਹੈ। ਸਰਕਾਰੀ  ਸਮਾਗਮਾਂ ਦੀ ਸੁਰੱਖਿਆ ਲਈ ਗੁਜਰਾਤ ਸਰਕਾਰ ਰਾਜ ਸ਼ੇਖਾਵਤ ਦੀ ਸੁਰੱਖਿਆ ਏਜੰਸੀ ਨੂੰ ਤਰਜ਼ੀਹ ਦਿੰਦੀ ਰਹੀ ਹੈ, ਮਲਟੀਪਲੈਕਸ ਦੀ ਹਿਫਾਜ਼ਤ ਦੀ ਜ਼ੁਮੇਵਾਰੀ ਵੀ ਉਸ ਦੀ ਏਜੰਸੀ ਦੇ ਸਿਰ ‘ਤੇ ਹੀ ਰਹੀ ਹੈ, ਪਰ ਫਿਲਮ ਪਦਮਾਵਤ ਦੇ ਵਿਵਾਦ ਤੋਂ ਉਹਦੀ ਕਰਨੀ ਸੈਨਾ ਦੇ ਕਾਰਕੁੰਨ ਉਹਨਾਂ ਦੀ ਮਲਟੀਪਲੈਕਸਾਂ ਦੀ ਭੰਨ ਤੋੜ ਕਰਨ ਲੱਗੇ, ਸਾੜਫੂਕ ਕਰਨ ਲੱਗੇ, ਜਿਹਨਾਂ ਦੀ ਹਿਫਾਜ਼ਤ ਸ਼ੇਖਾਵਤ ਦੀ ਸੁਰੱਖਿਆ ਏਜੰਸੀ ਕਰਦੀ ਰਹੀ ਸੀ।
ਅੱਜ ਕੱਲ ਸ਼ੇਖਾਵਤ ਕਰਣੀ ਸੈਨਾ ਦੇ ਪ੍ਰਧਾਨ ਵਜੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਖਿਲਾਫ਼ ਗੁਜਰਾਤ ਵਿੱਚ ਮੁਜ਼ਾਹਰਿਆਂ ਦੀ ਅਗਵਾਈ ਕਰ ਰਿਹਾ ਹੈ ਤੇ ਇੰਟਰਨੈੱਟ ‘ਤੇ ਅਜਿਹੀਆਂ ਕਈ ਵੀਡੀਓਜ਼ ਹਨ, ਜਿਨ•ਾਂ ਵਿੱਚ ਰਾਜ ਸ਼ੇਖਾਵਤ ਲੋਕਾਂ ਨੂੰ ਫਿਲਮ ਨਾ ਦੇਖਣ ਲਈ ਧਮਕਾਉਂਦਾ ਹੈ, ਸਿਨਮੇ ਸਾੜਨ ਬਾਰੇ ਕਹਿ ਰਿਹਾ ਹੈ। ਇਸਦੇ ਬਾਵਜੂਦ ਉਸ ਖਿਲਾਫ ਮਿਲੀਆਂ ਖਬਰਾਂ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਹੋਈ ।
ਸ਼ਾਹੀ ਠਾਠ-ਬਾਠ ਭਰੇ ਅੰਦਾਜ਼ ਵਾਲੇ ਸ਼ੇਖਾਵਤ ਨੂੰ ਸੋਨੇ ਦਾ ਬਹੁਤ ਸ਼ੌਕ ਹੈ, ਉਹ ਹਮੇਸ਼ਾ ਸੋਨੇ ਦੇ ਬਹੁਤ ਸਾਰੇ ਗਹਿਣੇ ਪਾ ਕੇ ਰੱਖਦਾ ਹੈ। ਮੱਲੋ ਮੱਲੀ ਸਭ ਦਾ ਧਿਆਨ ਉਸ ਵੱਲ ਚਲਾ ਜਾਂਦਾ ਹੈ।  ਹੋਰ ਤਾਂ ਹੋਰ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਨਾਲ ਵੀ ਉਸ ਦੀ ਨੇੜਤਾ ਹੈ, ਤੇ ਆਪ ਵੀ ਹਮੇਸ਼ਾ ਆਪਣੇ ਨਿੱਜੀ ਬਾਈਗਾਰਡਾਂ ਚ ਘਿਰਿਆ ਰਹਿੰਦਾ ਹੈ।
ਕਰਨੀ ਸੈਨਾ ਦੇ ਪ੍ਰਧਾਨ ਸ਼ੇਖਾਵਤ ਦੀ ਸੁਰੱਖਿਆ ਏਜੰਸੀ ਨੂੰ ਸੈਰ ਸਪਾਟੇ ਦੇ ਸਮਾਗਮਾਂ ਤੇ ਨਿਵੇਸ਼ਕਾਂ ਦੀ ਮੀਟਿੰਗਾਂ ਦੀ ਸੁਰੱਖਿਆ ਦੇ ਕਈ ਸਰਕਾਰੀ ਠੇਕੇ ਮਿਲਦੇ ਹਨ। ਅਹਿਮਦਾਬਾਦ ਵਿੱਚ ਉਸ ਦਾ ਇੱਕ ਹੋਟਲ ਤੇ ਜਿਮ ਵੀ ਹੈ। ਸੁਰੱਖਿਆ ਏਜੰਸੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਸ਼ਮੀਰ ਵਿੱਚ ਬੀਐੱਸਐੱਫ ਜਵਾਨ ਵਜੋਂ ਤਾਇਨਾਤ ਸੀ।
ਉਹ ਆਖਦਾ ਹੈ ਕਿ ਆਪਣੇ ਧਰਮ ਤੇ ਦੇਸ ਨੂੰ ਬਚਾਉਣ ਲਈ ਮੈਂ ਕਰਣੀ ਸੈਨਾ ਦਾ ਹਿੱਸਾ ਹਾਂ।
ਇਕ ਗੱਲ ਹੋਰ ਹੈਰਾਨੀ ਵਾਲੀ ਹੈ, ਅੱਜ ਕਰਨੀ ਸੈਨਾ ਦੀਪਕਾ ਪਾਦੂਕੋਨ ਦੇ ਨੱਕ, ਕੰਨ ਵੱਢਣ ਦੀ ਗੱਲ ਕਰ ਰਹੀ ਹੈ, ਜਦਕਿ ਪਹਿਲਾਂ ਸ਼ੇਖਾਵਤ ਦੀ ਸੁਰੱਖਿਆ ਏਜੰਸੀ ਦੇ ਬਾਊਂਸਰ ਦੀਪਕਾ ਦੀ ਰਾਖੀ ਲਈ ਤਾਇਨਾਤ ਹੁੰਦੇ ਰਹੇ ਨੇ..
ਦੇਸ ਵਾਕਿਆ ਹੀ ਬਦਲ ਰਿਹੈ..