ਭੁੱਖ ਨਾਲ ਮੌਤ- ਇਹ ਹੈ ਸ਼ਾਈਨਿੰਗ ਇੰਡੀਆ??

ਭਾਰਤ  ਉਪਰ ਅਡਾਨੀ, ਅੰਬਾਨੀ, ਟਾਟਾ ਬਿਰਲਿਆ ਦਾ ਰਾਜ ਹੈ
-ਅਨਹਦਪ੍ਰੀਤ
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਭਾਰਤ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ ਤੇ ਭੁੱਖਮਰੀ ਦਾ ਸ਼ਿਕਾਰ ਹਨ। ਦੇਸ ਦੇ ਸਾਰੇ ਕਾਰਪੋਰੇਟ ਘਰਾਣੇ ਝਾਰਖੰਡ ਦੇ ਸਾਧਨਾਂ ਦਾ ਸ਼ੋਸ਼ਣ ਕਰਕੇ ਖ਼ੂਬ ਅਮੀਰ ਬਣ ਗਏ ਹਨ, ਪਰ ਇੱਥੋਂ ਦਾ ਨਾਗਰਿਕ ਦਾਲ ਛੱਡੋ, ਚੌਲਾਂ ਦੀ ਭਾਲ ਵਿੱਚ ਭੁੱਖਾ ਮਰ ਰਿਹਾ ਹੈ। ਭਾਰਤ ਵਿੱਚ ਰੋਜ਼ਨਾ 7000 ਅਤੇ ਹਰ ਸਾਲ 25 ਲੱਖ ਤੋਂ ਜ਼ਿਆਦਾ ਲੋਕ ਭੁੱਖ ਕਾਰਨ ਮਰ ਜਾਂਦੇ ਹਨ। ਇੰਨਾ ਹੀ ਨਹੀਂ, ਭਾਰਤ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਬੱਚੇ ਅੰਡਰਵੇਟ ਮਤਲਬ ਆਪਣੀ ਉਮਰ ਦੇ ਹਿਸਾਬ ਨਾਲ਼ ਘੱਟ ਭਾਰ ਵਾਲ਼ੇ ਹਨ ਅਤੇ 70 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਕਿਸੇ ਨਾ ਕਿਸੇ ਗੰਭੀਰ ਨਿਊਟਰਿਸ਼ਨਲ ਡੈਫਿਸ਼ਿਏਂਸੀ ਯਾਨੀ ਪੋਸ਼ਣ ਤਰੁੱਟੀ ਦਾ ਸ਼ਿਕਾਰ ਹਨ। ਸਾਡੇ ਦੇਸ਼ ਵਿੱਚ 30 ਫ਼ੀਸਦੀ ਨਵੇਂ-ਜੰਮੇ ਬੱਚੇ ਘੱਟ ਭਾਰ ਦੇ ਪੈਦਾ ਹੁੰਦੇ ਹਨ, 3 ਸਾਲ ਤੱਕ ਦੇ 79 ਫ਼ੀਸਦੀ ਬੱਚਿਆਂ ਅਤੇ 56 ਫ਼ੀਸਦੀ ਵਿਆਹੀਆਂ ਔਰਤਾਂ ਵਿੱਚ ਆਇਰਨ ਦੀ ਕਮੀ ਕਾਰਨ ਹੋਣ ਵਾਲ਼ੀ ਖੂਨ ਦੀ ਕਮੀ ਹੈ। ਬੱਚਿਆਂ ਵਿੱਚ ਹੋਣ ਵਾਲ਼ੀਆਂ ਅੱਧੀਆਂ ਤੋਂ ਜ਼ਿਆਦਾ ਮੌਤਾਂ ਕੁਪੋਸ਼ਣ ਜਾਂ ਘੱਟ ਪੋਸ਼ਣ ਕਾਰਨ ਹੁੰਦੀਆਂ ਹਨ।  ਕੀ ਤੁਸੀ ਜਾਣਦੇ ਹੋ ਭੁੱਖਮਰੀ ਦੀ ਸਾਰਣੀ ਵਿੱਚ ਭਾਰਤ ਦੁਨੀਆ ਵਿੱਚ ਕਿਹੜੇ ਸਥਾਨ ਉੱਤੇ ਹੈ? 97ਵੇਂ ਸਥਾਨ ਉੱਤੇ। ਤੁਹਾਨੂੰ ਯਾਦ ਕਰਵਾ ਦੇਈਏ ਕਿ ਕੁਝ ਅਰਸਾ ਪਹਿਲਾਂ ਝਾਰਖੰਡ ਵਿੱਚ ਭੁੱਖ ਨਾਲ ਤਿੰਨ ਮੌਤਾਂ ਹੋਈਆਂ ਹਨ। ਸਿਮਡੇਗਾ ਦੀ ਸੰਤੋਸ਼ੀ ਦੀ ਮੌਤ ਇਸ ਲਈ ਹੋ ਗਈ ਕਿ ਰਾਸ਼ਨ ਕਾਰਡ ਆਧਾਰ ਨਾਲ ਨਹੀਂ ਜੁੜਿਆ ਸੀ। ਡੀਲਰ ਨੇ ਰਾਸ਼ਨ ਦੇਣ ਤੋਂ ਮਨਾਂ ਕਰ ਦਿੱਤਾ ਸੀ। ਝਰੀਆ ਦੇ ਬੈਜਨਾਥ ਰਵਿਦਾਸ ਦੀ ਮੌਤ ਇਸ ਲਈ ਹੋ ਗਈ ਕਿ ਸਰਕਾਰੀ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਉਸ ਨੂੰ ਤਿੰਨ ਸਾਲ ਤੋਂ ਰਾਸ਼ਨ ਕਾਰਡ ਨਹੀਂ ਦਿੱਤਾ ਸੀ। ਜਦ ਕਿ ਦੇਵਘਰ ਜ਼ਿਲੇ ਦੇ ਰੂਪਲਾਲ ਮਰਾਂਡੀ ਦੀ ਮੌਤ ਇਸ ਲਈ ਹੋ ਗਈ ਕਿ ਮਸ਼ੀਨ ਵਿੱਚ ਉਸ ਦਾ ਤੇ ਉਸ ਦੀ ਧੀ ਦਾ ਅੰਗੂਠਾ ਮੈਚ ਨਹੀਂ ਹੋਇਆ। ਇਸ ਕਾਰਨ ਪਿਛਲੇ ਦੋ ਮਹੀਨੇ ਤੋਂ ਉਸ ਨੂੰ ਰਾਸ਼ਨ ਨਹੀਂ ਮਿਲਿਆ। ਸੁਆਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਸਰਕਾਰ ਭਾਰਤ ਦੇ ਮਲਿਕ ਭਾਗੋਆ ਤੋਂ ਵੀ ਵੱਧ ਨਿਰਦਈ ਹੈ, ਜੋ ਗਰੀਬਾਂ ਤੇ ਕਿਰਤੀਆਂ ਦਾ ਖ਼ੂਨ ਚੂਸ ਰਹੇ ਹਨ। ਝਾਰਖੰਡ ਉਹ ਸੂਬਾ ਹੈ, ਜਿੱਥੇ ਲੰਬੇ ਸਮੇਂ ਤੱਕ ਜ਼ਿਮੀਂਦਾਰੀ ਰਹੀ ਤੇ ਕਿਰਤੀਆਂ ਦਾ ਘਾਣ ਹੁੰਦਾ ਰਿਹਾ ਹੈ। ਇਹ ਜਿਮੀਂਦਾਰ ਮਜ਼ਦੂਰਾਂ, ਕਿਰਤੀਆਂ ਤੋਂ ਘੰਟਿਆਂਬੱਧੀ ਕੰਮ ਕਰਵਾ ਕੇ ਬਦਲੇ ਵਿੱਚ ਉਨਾਂ ਨੂੰ ਤਿੰਨ ਤੋਂ ਚਾਰ ਕਿਲੋ ਚੌਲ ਮਜ਼ਦੂਰੀ ਦਿੰਦੇ ਸਨ। ਹਾਲਾਂ ਕਿ ਵਰਿਆਂ ਤੱਕ ਪਰਿਵਾਰ ਨਾਲ ਜੁੜੇ ਮਜ਼ਦੂਰ ਦੇ ਪ੍ਰਤੀ ਇਨਾਂ ਜ਼ਿਮੀਂਦਾਰਾਂ ਨੂੰ ਏਨਾ ਰਹਿਮ ਜ਼ਰੂਰ ਸੀ ਕਿ ਉਹ ਆਪਣੇ ਮਜ਼ਦੂਰ ਨੂੰ ਭੁੱਖੇ ਢਿੱਡ ਨਹੀਂ ਮਰਨ ਦਿੰਦੇ ਸਨ। ਭੁੱਖ ਨਾਲ ਮਰਨ ਦੀ ਹਾਲਤ ਉਦੋਂ ਆਉਂਦੀ ਸੀ, ਜਦੋਂ ਅਕਾਲ ਦੀ ਲਪੇਟ ਵਿੱਚ ਮਾਲਕ ਵੀ ਆਉਂਦਾ ਸੀ, ਪਰ ਸਰਕਾਰੀ ਤੰਤਰ ਤਾਂ ਏਨਾ ਜ਼ਾਲਮ ਹੈ ਕਿ ਜੇਕਰ ਗ਼ਰੀਬ ਦੇ ਕੋਲ ਇੱਕ ਆਧਾਰ ਕਾਰਡ ਨਹੀਂ ਹੈ, ਤਾਂ ਰਾਸ਼ਨ ‘ਤੇ ਵੀ ਪਾਬੰਦੀ ਲੱਗ ਗਈ ਹੈ। ਭ੍ਰਿਸ਼ਟਾਚਾਰ ਮਿਟਾਉਣ ਦੇ ਨਾਂ ‘ਤੇ ਭੁੱਖ ਨਾਲ ਮੌਤ ਸ਼ਾਇਦ ਬਹੁਤ ਵੱਡੀ ਸਜ਼ਾ ਹੈ। ਇਹ ਹੈ ਮੋਦੀ ਦਾ ਸ਼ਾਈਨਿੰਗ ਇੰਡੀਆ। ਇੰਡੀਆ ਤਰੱਕੀ ਕਰ ਰਿਹਾ ਹੈ, ਇੰਡੀਆ ਦਾ ਕਾਰਪੋਰੇਟ ਜਗਤ ਅਮੀਰ ਹੋ ਰਿਹਾ ਹੈ। ਮੋਦੀ, ਅਡਾਨੀ, ਅੰਬਾਨੀ, ਟਾਟਾ ਬਿਰਲਿਆ ਦਾ ਰਾਜ ਹੈ, ਜੋ ਪੂਰੇ ਭਾਰਤ ਨੂੰ ਲੁੱਟ ਕੇ ਖਾ ਰਹੇ ਹਨ। ਕੀ ਮਲਿਕ ਭਾਗੋਆਂ ਦੀ ਤਰੱਕੀ ਭਾਰਤ ਦੀ ਤਰੱਕੀ ਹੈ?
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਦੇਸ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ। ਇੱਥੇ ਲੋਹਾ, ਤਾਂਬਾ, ਮਾਇਕਾ, ਬਾਕਸਾਈਟ, ਗਰੇਫਾਈਟ ਅਤੇ ਯੂਰੇਨੀਅਮ ਨਿਕਲਦਾ ਹੈ। ਅੱਜ ਝਾਰਖੰਡ ਨੂੰ ਬਣੇ ਹੋਏ ਕਈ ਸਾਲ ਹੋ ਗਏ ਹਨ। ਨਾ ਤਾਂ ਸਥਾਨਕ ਸਾਧਨਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ, ਨਾ ਹੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ। ਇੱਥੋਂ ਦੇ ਸਾਰੇ ਆਦੀਵਾਸੀ ਪਰਿਵਾਰਾਂ ਦੀਆਂ ਔਰਤਾਂ ਵੱਡੇ ਸ਼ਹਿਰਾਂ ਵਿੱਚ ਘਰੇਲੂ ਨੌਕਰਾਣੀ ਦੇ ਤੌਰ ‘ਤੇ ਕੰਮ ਕਰਦੀਆਂ ਮਿਲਣਗੀਆਂ, ਜਿਨਾਂ ਨੂੰ ਸਾਲਾਨਾ ਵੀਹ ਤੋਂ ਤੀਹ ਹਜ਼ਾਰ ਰੁਪਏ ਦੇ ਠੇਕੇ ‘ਤੇ ਲਿਜਾਇਆ ਜਾਂਦਾ ਹੈ ਤੇ ਉਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਮੋਦੀਦੇ ਡਿਜੀਟਲ ਇੰਡੀਆ ਨੇ ਪੇਂਡੂ ਇਲਾਕਿਆਂ ਦੇ ਆਦੀਵਾਸੀਆਂ ਤੇ ਦਲਿਤਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਕਈ ਬਜ਼ੁਰਗ ਰਾਸ਼ਨ ਦੀ ਦੁਕਾਨ ‘ਤੇ ਜਾਣ ਲਈ ਪੈਦਲ ਘੰਟਿਆਂਬੱਧੀ ਸਫ਼ਰ ਇਸ ਲਈ ਤੈਅ ਕਰਦੇ ਹਨ ਕਿ ਉਨਾਂ ਨੂੰ ਬਾਇਓਮੀਟਰਿਕ ਮਸ਼ੀਨ ਵਿੱਚ ਅੰਗੂਠਾ ਲਗਾਉਣਾ ਹੁੰਦਾ ਹੈ। ਜਦ ਕਿ ਇੱਕ ਕਲਿਆਣਕਾਰੀ ਸੂਬੇ ਵਿੱਚ ਸਰਕਾਰ ਨੂੰ ਗ਼ਰੀਬਾਂ ਦੇ ਘਰ ਵਿੱਚ ਰਾਸ਼ਨ ਮੁਹੱਈਆ ਕਰਵਾਉਣਾ ਚਾਹੀਦਾ ਹੈ। ਭੁੱਖ ਨਾਲ ਮੌਤ ਹੋ ਜਾਣੀ ਭਾਰਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਪਰ 21ਵੀਂ ਸਦੀ ਵਿੱਚ ਭੁੱਖ ਨਾਲ ਹੋਣ ਵਾਲੀ ਲੜਾਈ ਵਿੱਚ ਭਾਰਤ 100ਵੇਂ ਨੰਬਰ ‘ਤੇ ਚਲਿਆ ਗਿਆ ਹੈ। ਭੁੱਖ ਦੇ ਖ਼ਿਲਾਫ਼ ਭਾਰਤ ਨਾਲੋਂ ਚੰਗੀ ਲੜਾਈ ਗੁਆਂਢੀ ਨੇਪਾਲ ਅਤੇ ਬੰਗਲਾਦੇਸ ਨੇ ਲੜੀ ਹੈ। ਅਜ਼ਾਦੀ ਤੋਂ ਪਹਿਲਾਂ ਵੀ ਭਾਰਤ ਵਿੱਚ ਭੁੱਖ ਨਾਲ ਮੌਤਾਂ ਹੁੰਦੀਆਂ ਸਨ। ਅਜ਼ਾਦੀ ਤੋਂ ਬਾਅਦ ਵੀ ਭੁੱਖ ਨਾਲ ਮੌਤਾਂ ਹੁੰਦੀਆਂ ਰਹੀਆਂ। ਫਿਰ ਅਜ਼ਾਦੀ ਦਾ ਕੀ ਫਾਇਦਾ ਹੋਇਆ? ਬਿਹਾਰ, ਬੰਗਾਲ ਤੇ ਮਹਾਰਾਸ਼ਟਰ ਦੇ ਅਕਾਲ ਨੇ ਸਰਕਾਰਾਂ ਨੂੰ ਭੁੱਖ ਨਾਲ ਨਿਬੜਨ ਲਈ ਯੋਜਨਾਵਾਂ ਬਣਾਉਣ ਨੂੰ ਮਜਬੂਰ ਕੀਤਾ। ਇਸ ਨਾਲ ਨਤੀਜੇ ਵੀ ਸਾਹਮਣੇ ਆਏ। ਸਿੰਜਾਈ ਤੇ ਖੇਤੀਬਾੜੀ ਖੇਤਰ ਵਿੱਚ ਚੰਗੇ ਕੰਮ ਨਾਲ ਦੇਸ ਅੰਨ ਦੇ ਮਾਮਲੇ ‘ਚ ਆਤਮ-ਨਿਰਭਰ ਹੋ ਗਿਆ। ਇਸ ਤੋਂ ਬਾਅਦ ਭੁੱਖ ਨਾਲ ਮੌਤ ਭਾਰਤ ਲਈ ਸ਼ਰਮ ਵਾਲੀ ਗੱਲ ਹੈ।
ਝਾਰਖੰਡ ਦੇ ਇਲਾਕੇ ਵਿੱਚ ਭੁੱਖ ਨਾਲ ਮੌਤ ਪਹਿਲਾਂ ਵੀ ਹੁੰਦੀ ਰਹੀ ਹੈ। ਝਾਰਖੰਡ ਦੇ ਗੁਆਂਢੀ ਸੂਬਾ ਉੜੀਸਾ ਵਿੱਚ ਭੁੱਖ ਨਾਲ ਮੌਤ ਹੁੰਦੀ ਰਹੀ ਹੈ, ਪਰ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਤੇ ਮੋਦੀ ਸਰਕਾਰ ਦੀ ਉਦਾਸੀਨਤਾ ਸ਼ਰਮਨਾਕ ਹੈ। ਵੀਹਵੀਂ ਸਦੀ ਵਿੱਚ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਇਨਾਂ ਸੂਬਿਆਂ ਵਿੱਚ ਪੈਣ ਵਾਲਾ ਅਕਾਲ ਤੇ ਸੋਕੇ ਦੀ ਹਾਲਤ ਸੀ। 1960-1970 ਤੇ 1980 ਦੇ ਦਹਾਕੇ ਵਿੱਚ ਬਿਹਾਰ ਤੇ ਉੜੀਸਾ ਤੋਂ ਭੁੱਖ ਨਾਲ ਮੌਤਾਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਸਨ। 1993 ਦੇ ਇੱਕ ਅੰਕੜੇ ਮੁਤਾਬਕ ਉਸ ਸਾਲ ਉੜੀਸਾ ਵਿੱਚ ਭੁੱਖ ਨਾਲ 350 ਲੋਕਾਂ ਦੀ ਮੌਤ ਹੋਈ ਸੀ, ਜਦਕਿ ਬਿਹਾਰ ਵਿੱਚ ਉਸੇ ਸਾਲ 150 ਲੋਕ ਭੁੱਖ ਨਾਲ ਮਰ ਗਏ ਸਨ। 90 ਦੇ ਦਹਾਕੇ ਵਿੱਚ ਬਿਹਾਰ ਵਿੱਚ ਭੁੱਖ ਨਾਲ ਜ਼ਿਆਦਾਤਰ ਮੌਤਾਂ ਤੱਤਕਾਲੀਨ ਦੱਖਣ ਬਿਹਾਰ ਵਿੱਚ ਹੋਈਆਂ ਸਨ। ਇਹੀ ਇਲਾਕਾ ਵਰਤਮਾਨ ਸਮੇਂ ਵਿੱਚ ਝਾਰਖੰਡ ਹੈ। ਹਾਲਾਂ ਕਿ ਗ਼ੈਰ-ਸਰਕਾਰੀ ਅੰਕੜੇ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਜ਼ਾਰਾਂ ਵਿੱਚ ਦੱਸ ਰਹੇ ਸਨ। ਉਸ ਸਮੇਂ ਸਰਕਾਰ ਨੇ ਤਰਕ ਦਿੱਤਾ ਸੀ ਕਿ ਦੋਵਾਂ ਸੂਬਿਆਂ ਵਿੱਚ ਸੋਕਾ ਪਿਆ ਹੋਇਆ ਸੀ। ਪਾਣੀ ਦੇ ਕਈ ਸੋਮੇ ਸੁੱਕ ਗਏ ਸਨ। ਇਸ ਲਈ ਹਾਲਾਤ ਜ਼ਿਆਦਾ ਵਿਗੜ ਗਏ। ਉੜੀਸਾ ਦੇ ਬੋਲਾਂਗੀਰ, ਕੋਰਾਪੁਟ, ਕਾਲਾਹਾਂਡੀ ਇਲਾਕੇ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਸਨ। ਤੱਤਕਾਲੀਨ ਬਿਹਾਰ ਦਾ ਪਲਾਮੂ ਤੇ ਛੋਟਾਨਾਗਪੁਰ ਇਲਾਕਾ ਇਸ ਤੋਂ ਕਾਫੀ ਪ੍ਰਭਾਵਿਤ ਸੀ। ਇਸ ਇਲਾਕੇ ਤੋਂ ਉਸ ਵੇਲੇ ਵੱਡੇ ਪੈਮਾਨੇ ‘ਤੇ ਲੋਕ ਦਿੱਲੀ ਤੇ ਕੋਲਕਾਤਾ ਲਈ ਪਲਾਇਨ ਕਰ ਗਏ, ਪਰ ਇਹ ਉਦੋਂ ਦੀ ਗੱਲ ਹੈ ਜਦੋਂ ਇਹ ਸੂਬੇ ਕਾਫੀ ਪੱਛੜੇ ਸਨ। ਪਰ ਹੁਣ ਤਾਂ ਹਾਲਾਤ ਬਦਲ ਚੁੱਕੇ ਹਨ। ਦੇਸ ਦੇ ਅੰਨ-ਭੰਡਾਰ ਭਰੇ ਹੋਏ ਹਨ। ਪਿੰਡ-ਪਿੰਡ ਤਕ ਜ਼ਿਲਾ ਪ੍ਰਸ਼ਾਸਨ ਦੀ ਪਹੁੰਚ ਹੈ। ਫਿਰ ਵੀ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਭੁੱਖ ਨਾਲ ਪਲਾਇਨ ਹੋ ਰਿਹਾ ਹੈ। ਇਸ ਵਿੱਚ ਕੁਦਰਤੀ ਆਫ਼ਤਾਂ ਦਾ ਯੋਗਦਾਨ ਨਹੀਂ ਹੈ। ਇਹ ਮੌਤਾਂ ਸਰਕਾਰੀ ਤੰਤਰ ਦੀ ਉਦਾਸੀਨਤਾ ਤੇ ਲਾਪਰਵਾਹੀ ਦੇ ਕਾਰਨ ਹੋਈਆਂ ਹਨ। ਪਰ ਸਰਕਾਰੀ ਤੰਤਰ ਦੀ ਗ਼ੈਰ-ਜ਼ਿੰਮੇਵਾਰੀ ਦੇਖੋ, ਸਿਮਡੇਗਾ ਵਿੱਚ ਬੱਚੀ ਦੀ ਮੌਤ ਦਾ ਕਾਰਨ ਮਲੇਰੀਆ ਦੱਸਿਆ ਜਾ ਰਿਹਾ ਹੈ। ਜਦ ਕਿ ਖ਼ੁਦ ਸਿਹਤ ਵਿਭਾਗ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਮ੍ਰਿਤਕਾ ਸੰਤੋਸ਼ੀ ਦੀ ਮਾਂ ਖ਼ੁਦ ਕਹਿ ਰਹੀ ਹੈ ਕਿ ਬੱਚੀ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲਿਆ ਸੀ। ਬੱਚੀ ਸਕੂਲ ਦਾ ਮਿਡ-ਡੇ-ਮੀਲ ਖਾ ਕੇ ਗੁਜ਼ਾਰਾ ਕਰ ਰਹੀ ਸੀ। ਕਿਉਂਕਿ ਰਾਸ਼ਨ ਕਾਰਡ ਦੇ ਆਧਾਰ ਨਾਲ ਨਾ ਜੁੜਨ ਕਾਰਨ ਉਸ ਦੇ ਪਰਿਵਾਰ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ ਸੀ।
ਡਿਜੀਟਲ ਇੰਡੀਆ ਤੇ ਆਧਾਰ ਨੰਬਰ ਸਹੂਲਤ ਦੀ ਬਜਾਏ ਸਮੱਸਿਆ ਬਣ ਰਹੇ ਹਨ। ਰਾਸ਼ਨ ਕਾਰਡ ਤੋਂ ਬਾਅਦ ਦੇਸ ਦੇ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨੰਬਰ ਨਾਲ ਜੋੜਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂ ਕਿ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ ਤੇ ਸੁਪਰੀਮ ਕੋਰਟ ਇਸ ਦੀ ਲੋੜ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਿਹਾ ਹੈ, ਫਿਰ ਵੀ ਆਧਾਰ ਨੰਬਰ ਨੂੰ ਹਰੇਕ ਥਾਂ ਜ਼ਰੂਰੀ ਕਰਨ ਦੀ ਸਰਕਾਰੀ ਜ਼ਿੱਦ ਇਨਾਂ ਮੌਤਾਂ ਲਈ ਹੱਦ ਤੋਂ ਵੱਧ ਜ਼ਿੰਮੇਵਾਰ ਹੈ। ਮੋਦੀ ਸਰਕਾਰ ਆਪਣੇ ਹਠ ‘ਤੇ ਕਾਇਮ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭੁੱਖ ਨਾਲ ਮਰ ਰਹੇ ਲੋਕਾਂ ਦਾ ਦਰਦ ਨਹੀਂ, ਉਹ ਅਖੌਤੀ ਸੁਪਨਿਆਂ ਵਿਚ ਜੀਅ ਰਿਹਾ ਹੈ, ਡਿਜ਼ੀਟਲ ਇੰਡੀਆ ਤਰੱਕੀ ਕਰਦਾ ਭਾਰਤ, ਵਧ ਰਿਹਾ ਭਾਰਤ, ਪਰ ਅਸਲ ਵਿਚ ਭਾਰਤ ਦੀ ਤਸਵੀਰ ਬੜੀ ਦਰਦ ਭਰੀ ਹੈ। ਇਹ ਤਾਂ ਝਾਰਖੰਡ ਸੂਬੇ ਤੋਂ ਦੇਖੀ ਜਾ ਸਕਦੀ ਹੈ ਕਿ ਭਾਰਤ ਭੁੱਖ ਨਾਲ ਮਰ ਰਿਹਾ ਹੈ ਤੇ ਕਾਰਪੋਰੇਟ ਜਗਤ ਗਰੀਬਾਂ ਦਾ ਜੋਕਾਂ ਬਣ ਕੇ ਲਹੂ ਨਿਚੋੜ ਰਿਹਾ ਹੈ। ਅਜਿਹੇ ਵਿੱਚ ਚਾਹੇ ਕੋਈ ਕਲਿਆਣਕਾਰੀ ਸਕੀਮ ਆ ਜਾਵੇ ਜਾਂ ਸੁਪਰੀਮ ਕੋਰਟ ਦੇ ਹਜ਼ਾਰਾਂ ਫੈਸਲੇ ਆਉਣ, ਜਦੋਂ ਤੱਕ ਮੁਨਾਫਾਖੋਰ ਸਰਮਾਏਦਾਰੀ ਢਾਂਚਾ ਰਹੇਗਾ ਤਦ ਤੱਕ ਅਨਾਜ ਸੜਦਾ ਰਹੇਗਾ, ਲੋਕ ਭੁੱਖ ਨਾਲ਼ ਮਰਦੇ ਰਹਿਣਗੇ ਅਤੇ ਸਰਮਾਏਦਾਰਾਂ ਦੇ ਮੁਨਾਫੇ ਵਧਦੇ ਰਹਿਣਗੇ। ।