ਕੈਪਟਨ ਦੀ ਲੰਮੀ ਪਾਰੀ ਵਾਲੀ ਇੱਛਾ ਤੇ ਸਿਆਸਤ

-ਪੰਜਾਬੀਲੋਕ ਬਿਊਰੋ
ਲੰਘੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਚੰਗੇ ਦਿਨ ਵਾਪਸ ਲਿਆਉਣ ਲਈ ਆਪਣੀ ਪਹਿਲਾਂ ਆਖੀ ਗੱਲ ਤੋਂ ਮੁੱਕਰ ਵੀ ਸਕਦੇ ਨੇ,  ਭਾਵ ਦੁਬਾਰਾ ਕੁਰਸੀ ਸਾਂਭਣ ਲਈ ਤਿਆਰ ਨੇ, ਕੈਪਟਨ ਦੀ ਇਸ ਲੰਮੀ ਸਿਆਸੀ ਪਾਰੀ ਖੇਡਣ ਦੀ ਇੱਛਾ ਸਬੰਧੀ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਪਤਾਨ ਸਾਬ ਇਸ ਵਾਰ ਦੇ ਪੰਜ ਸਾਲ ਹੀ ਟਪਾ ਲੈਣ, ਇਹੀ ਵੱਡੀ ਗੱਲ ਹੋਵੇਗੀ, ਆਖਿਆ ਕਿ  ਕੈਪਟਨ ਸਰਕਾਰ ਲਈ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਤੇ ਮਨਪ੍ਰੀਤ ਸਿੰਘ ਬਾਦਲ ‘ਖਤਰੇ ਦੇ ਬੱਦਲਾਂ’ ਵਾਂਗ ਨੇ ਤੇ ਕੈਪਟਨ ਵੱਲੋਂ ਅਗਲੀ ਪਾਰੀ ਖੇਡਣ ਦੇ ਬਿਆਨ ਪਿੱਛੇ ਆਪਣੇ ਇਨ ਆਗੂਆਂ ਨੂੰ ਡਰਾਉਣ ਦਾ ਮਕਸਦ ਲੁਕਿਆ ਹੋਇਆ ਹੈ। ਇਹ ਤਿੰਨੋਂ ਆਗੂ ਕਥਿਤ ਤੌਰ ਤੇ ਅੰਦਰੋਂ-ਅੰਦਰੀਂ ਕੈਪਟਨ ਦੇ ਪਿੱਛੇ ਪਏ ਹੋਏ ਹਨ,  ਕੈਪਟਨ ਦਾ ਕਦੇ ਵੀ ‘ਤਖ਼ਤਾ ਪਲਟ’ ਹੋ ਸਕਦਾ ਹੈ, ਸਿੱਧੂ ਦੀ ‘ਆਪ’ ਪ੍ਰਤੀ ਨਰਮ ਪਹੁੰਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਸ ਦੀ ‘ਆਪ’ ਨਾਲ ਕਿਤੇ ਨਾ ਕਿਤੇ ਸਾਂਝ ਹੈ, ਸਿੱਧੂ ਕਥਿਤ ਤੌਰ ਤੇ ਬੈਂਸ ਭਰਾਵਾਂ ਅਤੇ ਆਪਕਿਆਂ ਨਾਲ ਮਿਲ ਕੇ ਅਕਾਲੀ ਦਲ ਦੇ ਨਾਲ-ਨਾਲ ਕੈਪਟਨ ਖ਼ਿਲਾਫ਼ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਉਸ ਦੀ ਕੋਸ਼ਿਸ਼ ਹੈ ਕਿ ਕੈਪਟਨ ਸਰਕਾਰ ਨੂੰ ‘ਤੋੜ’ ਕੇ ਬੈਂਸ ਭਰਾਵਾਂ ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਵਿੱਚ ਨਵੀਂ ਸਰਕਾਰ ਬਣਾਈ ਜਾਵੇ,
ਸੁਖਬੀਰ ਨੇ ਅਕਾਲੀ ਵਰਕਰਾਂ ਨੂੰ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਥਾਣੇ ਘੇਰਨ ਲਈ ਉਤਸ਼ਾਹਿਤ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਦੇ ਜ਼ਬਰ ਤੋਂ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ ਉਨਾਂ ਆਖਿਆ ਕਿ ਮੁੜ ਅਕਾਲੀ ਸਰਕਾਰ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
ਸੁਖਬੀਰ ਬਾਦਲ ਰੱਖੜਾ ਪਿੰਡ ਵਿੱਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ, ਇਸ ਮੌਕੇ ਕਈ ਪ੍ਰਵਾਸੀ ਅਕਾਲੀ ਵਰਕਰ ਵੀ ਉਚੇਚਾ ਪੁੱਜੇ ਹੋਏ ਸਨ
ਓਧਰ ਕਾਂਗਰਸੀ ਖੇਮੇ ਵਿੱਚ ਚਰਚਾ ਹੈ ਕਿ ਕੈਪਟਨ ਵੱਲੋਂ ਮੁੱਖ ਮੰਤਰੀ ਵਜੋਂ ਇੱਕ ਹੋਰ ਪਾਰੀ ਖੇਡਣ ਦੇ ਦਿੱਤੇ ਸੰਕੇਤ ਨਾਲ ਜਿੱਥੇ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਦੀ ਦੌੜ ‘ਤੇ ਹਾਲ ਦੀ ਘੜੀ ਰੋਕ ਲੱਗ ਗਈ ਹੈ, ਉਥੇ ਇਸ ਦੌੜ ਵਿੱਚ ਸ਼ਾਮਲ ਆਗੂਆਂ ਨੂੰ ਧੱਕਾ ਲੱਗਾ ਹੈ। ਇਸ ਫ਼ੈਸਲੇ ਨਾਲ ਕੈਪਟਨ ਦੇ ਹਮਾਇਤੀ ਬਾਗੋ-ਬਾਗ ਹਨ। ਉਹ ਪਿਛਲੇ ਕੁਝ ਸਮੇਂ ਤੋਂ ਕੈਪਟਨ ਨੂੰ ਆਪਣਾ ਫ਼ੈਸਲਾ ਬਦਲਣ ਦੀਆਂ ਸਲਾਹਾਂ ਦੇ ਰਹੇ ਸਨ। ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 90 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਦੇ ਦਾਅਵੇਦਾਰ ਹੋ ਸਕਦੇ ਹਨ ਤਾਂ ਕੈਪਟਨ 75 ਸਾਲ ਦੀ ਉਮਰ ਵਿੱਚ ਕਿਉਂ ਨਹੀਂ ਹੋ ਸਕਦੇ?  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਪ੍ਰਨੀਤ ਕੌਰ ਸਮੇਤ ਕਈ ਹੋਰ ਆਗੂਆਂ ਨੇ ਮੁੱਖ ਮੰਤਰੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਚੰਗਾ ਤੇ ਸਹੀ ਦਿਸ਼ਾ ਵਿੱਚ ਲਿਆ ਗਿਆ ਫ਼ੈਸਲਾ ਹੈ। ਪਰ ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਵਾਪਸੀ ਕਰਨ ਵਾਲੇ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਇਸ ਦੌੜ ਵਿੱਚ ਸ਼ਾਮਲ ਦੋ ਹੋਰ ਆਗੂਆਂ ਨੂੰ ਨਿਰਾਸ਼ਾ ਹੋਣੀ ਸੁਭਾਵਿਕ ਹੈ ਤੇ  ਕੱਲ ਦੀ ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਨੂੰ ਵੀ ਕੈਪਟਨ ਦੀ ਦੂਜੀ ਪਾਰੀ ਦੇ ਬਿਆਨ ਨਾਲ ਹੀ ਜੋੜਿਆ ਜਾ ਰਿਹਾ ਹੈ।