• Home »
  • ਸਿਆਸਤ
  • » ਗੁਰਦਾਸਪੁਰ ਚੋਣਾਂ-ਵੋਟਰ ਤਿੰਨਾਂ ਪਾਰਟੀਆਂ ਤੋਂ ਨਿਰਾਸ਼

ਗੁਰਦਾਸਪੁਰ ਚੋਣਾਂ-ਵੋਟਰ ਤਿੰਨਾਂ ਪਾਰਟੀਆਂ ਤੋਂ ਨਿਰਾਸ਼

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਮਨੀ ਚੋਣ ਲਈ ਹੋਈ ਪੋਲਿੰਗ 26 ਸਾਲਾਂ ਦੌਰਾਨ ਸਭ ਤੋਂ ਘੱਟ ਪੋਲਿੰਗ ਹੈ। 1991 ਵਿੱਚ 36.35 ਫੀਸਦੀ ਵੋਟਾਂ ਪਈਆਂ ਸਨ, ਉਸ ਤੋਂ ਬਾਅਦ ਹਰ ਚੋਣ ਵੇਲੇ ਵੋਟ ਦਰ 60 ਫੀਸਦੀ ਤੋਂ ਉਪਰ ਹੀ ਰਹੀ, ਪਰ ਇਸ ਵਾਰ ਸਿਰਫ 55.87 ਫੀਸਦੀ ਵੋਟਾਂ ਪਈਆਂ, ਹਾਲਾਂਕਿ 35883 ਨਵੇਂ ਵੋਟਰ ਬਣੇ, ਪਰ ਪਿਛਲੀ ਵਾਰ ਨਾਲੋਂ ਵੋਟਿੰਗ 14 ਫੀਸਦੀ ਘੱਟ ਹੋਈ। ਘੱਟ ਪੋਲਿੰਗ ਨੇ ਤਿੰਨਾਂ ਮੁੱਖ ਪਾਰਟੀਆਂ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਹੈਰਾਨੀ ਪ੍ਰੇਸ਼ਾਨੀ ਵਿੱਚ ਪਾਇਆ ਹੈ, ਪਰ ਵੋਟਰ ਦੀ ਨਬਜ਼ ਟੋਲਣ ਦੀ ਸਮਰੱਥਾ ਰੱਖਣ ਵਾਲੇ ਕਹਿ ਰਹੇ ਨੇ ਕਿ ਚੋਣ ਪ੍ਰਚਾਰ ਦੌਰਾਨ ਇਕ ਦੂਜੇ ਖਿਲਾਫ ਦੂਸ਼ਣਬਾਜ਼ੀ ਕਰਨ ਤੱਕ ਸੀਮਤ ਰਹਿਣਾ, ਜਨਤਕ ਮੁੱਦਿਆਂ ਦਾ ਜ਼ਿਕਰ ਵੀ ਨਾ ਕਰਨਾ ਵੋਟਰ ਨੂੰ ਨਿਰਾਸ਼ ਕਰ ਗਿਆ ਹੈ।
ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਸਿਰਫ ਡੇਢ ਸਾਲ ਬਾਕੀ ਹੈ ਤਾਂ ਕਰਕੇ ਲੋਕਾਂ ਨੇ ਵੋਟ ਪਾਉਣ ਦੀ ਦਿਲਚਸਪੀ ਨਹੀਂ ਲਈ ਜਾਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਖੁਸ਼ ਨਹੀਂ ਹਨ, ਜਿਸ ਕਰਕੇ ਉਹ ਵੋਟ ਪਾਉਣ ਲਈ ਨਹੀਂ ਨਿਕਲੇ, ਜੋ ਇਕ ਦੋਵਾਂ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇੰਨੀ ਘੱਟ ਪੋਲਿੰਗ ਵਿਚ ਤਿੰਨ ਦਿੱਗਜ਼ਾਂ ਵਿਚ ਬਾਜ਼ੀ ਕੌਣ ਮਾਰੇਗਾ। ਜਿਨਾਂ ਦੀ ਕਿਸਮਤ ਦਾ ਫੈਸਲਾ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਦੇਖਣ ਨੂੰ ਮਿਲੇਗਾ। ਲੋਕ ਸਭਾ ਹਲਕੇ ‘ਚ ਦੋ ਜ਼ਿਲਿਆਂ ਗੁਰਦਾਸਪੁਰ ਤੇ ਪਠਾਨਕੋਟ ਪੈਂਦੇ ਹਨ, ਜਿਨਾਂ ‘ਚ 9 ਵਿਧਾਨ ਸਭਾ ਹਲਕੇ ਹਨ, ਜਿਸ ‘ਚੋਂ ਜ਼ਿਲਾ ਗੁਰਦਾਸਪੁਰ ‘ਚ 6 ਵਿਧਾਨ ਸਭਾ ਖੇਤਰ ਹਨ ਤੇ ਜ਼ਿਲਾ ਪਠਾਨਕੋਟ ‘ਚ ਤਿੰਨ ਵਿਧਾਨ ਸਭਾ ਖੇਤਰ ਹਨ।
ਦੋਵਾਂ ਜ਼ਿਲਿਆਂ ਦੇ ਲਗਭਗ 15 ਲੱਖ 17 ਹਜ਼ਾਰ 436 ਵੋਟਰ ਹਨ, ਜਿਨਾਂ ‘ਚੋਂ 8 ਲੱਖ 7 ਹਜ਼ਾਰ 924 ਵੋਟਰ ਪੁਰਸ਼ ਹਨ ਤੇ 7 ਲੱਖ 9 ਹਜ਼ਾਰ 498 ਵੋਟਰ ਇਸਤਰੀਆਂ, 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਗੁਰਦਾਸਪੁਰ ਜ਼ਿਮਨੀ ਚੋਣ: ਵੋਟਿੰਗ
ਦੀਨਾਨਗਰ:  54 ਫੀਸਦੀ
ਗੁਰਦਾਸਪੁਰ:  55.4 ਫੀਸਦੀ
ਕਾਦੀਆਂ:  44 ਫੀਸਦੀ
ਫਤਿਹਗੜ ਚੂੜੀਆਂ:  54 ਫੀਸਦੀ
ਪਠਾਨਕੋਟ:  54.7 ਫੀਸਦੀ
ਸੁਜਾਨਪੁਰ:  44 ਫੀਸਦੀ
ਭੋਆ:  54.5 ਫੀਸਦੀ
ਬਟਾਲਾ:  50 ਫੀਸਦੀ
ਡੇਰਾ ਬਾਬਾ ਨਾਨਕ:  51 ਫੀਸਦੀ
ਗੁਰਦਾਸਪੁਰ ਜ਼ਿਮਨੀ ਚੋਣ ਜਿੱਤਣਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਲਈ ਵੱਕਾਰ ਦਾ ਸਵਾਲ ਹੈ, ਓਥੇ ਸੁਖਬੀਰ ਬਾਦਲ ਲਈ ਵੀ ਕਰੋ ਜਾਂ ਮਰੋ ਵਾਲੀ ਸਥਿਤੀ ਹੈ, ਕਾਂਗਰਸ ਨੂੰ ਕਰੜੀ ਟੱਕਰ ਦੇ ਕੇ ਬਾਦਲ ਦਲ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਹਾਲੇ ਵੀ ਉਹ ਸੱਤਾ ਦੀ ਦੌੜ ਵਿੱਚ ਹੈ, ਬੀਜੇਪੀ ਲਈ ਇਹ ਸੀਟ ਮੋਦੀ ਦੀਆਂ ਨੀਤੀਆਂ ‘ਤੇ ਜਨਤਾ ਦੀ ਮੋਹ ਲਵਾਉਣ ਲਈ ਅਹਿਮ ਹੈ, ਇਸ ਦੇ ਨਤੀਜੇ ਦਾ ਅਸਰ ਸਾਲ 2019 ਦੀ ਲੋਕ ਸਭਾ ਚੋਣ ‘ਤੇ ਪਵੇਗਾ। ਆਮ ਆਦਮੀ ਪਾਰਟੀ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਵਿਧਾਨ ਸਭਾ ਚੋਣ ਵਾਲਾ ਲੋਕ ਮਨਾਂ ‘ਤੇ ਚੱਲਿਆ ਉਸ ਦਾ ਜਾਦੂ ਹਾਲੇ ਵੀ ਬਰਕਰਾਰ ਹੈ ਕਿ ਨਹੀਂ।