• Home »
  • ਸਿਆਸਤ
  • » ਹਾਰਦਿਕ ਪਟੇਲ ਨੇ ਗੁਜਰਾਤ ‘ਚ ਰਾਹੁਲ ਦਾ ਕੀਤਾ ‘ਹਾਰਦਿਕ’ ਸਵਾਗਤ

ਹਾਰਦਿਕ ਪਟੇਲ ਨੇ ਗੁਜਰਾਤ ‘ਚ ਰਾਹੁਲ ਦਾ ਕੀਤਾ ‘ਹਾਰਦਿਕ’ ਸਵਾਗਤ

ਪਟੇਲ ਵਲੋਂ ਕਾਂਗਰਸ ਨੂੰ ਸਮਰਥਨ ਦੇ ਸੰਕੇਤ
-ਪੰਜਾਬੀਲੋਕ ਬਿਊਰੋ
ਗੁਜਰਾਤ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਆਖਰ ਵਿੱਚ ਹੋਣੀਆਂ ਹਨ। ਜਿੱਥੇ ਭਾਜਪਾ ਲਈ ਇਹ ਚੋਣ ਜਿੱਤਣਾ ਵੱਕਾਰ ਦਾ ਸਵਾਲ ਬਣ ਗਿਆ ਹੈ, ਓਥੇ ਕਾਂਗਰਸ ਵੀ ਵਾਪਸੀ ਦੀ ਆਸ ਲਾ ਰਹੀ ਹੈ। ਮੈਦਾਨ ਭਖਾਉਣ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨ ਦੇ ਦੌਰੇ ‘ਤੇ ਗੁਜਰਾਤ ਪਹੁੰਚੇ ਜਿੱਥੇ ਬੀਜੇਪੀ ਨਾਲ ਸਖ਼ਤ ਨਾਰਾਜ਼ ਪਟੇਲ ਸਮਾਜ ਦੇ ਨੇਤਾ ਹਾਰਦਿਕ ਪਟੇਲ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਹਾਰਦਿਕ ਪਟੇਲ ਨੇ ਕਿਸੇ ਰਾਜਨੀਤਕ ਗਠਜੋੜ ਦੇ ਸੰਕੇਤ ਦਿੱਤੇ ਹਨ। ਹਾਰਦਿਕ ਪਟੇਲ ਨੇ ਰਾਹੁਲ ਦੇ ਦੌਰੇ ਨੂੰ ਲੈ ਕੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਜੀ ਦਾ ਗੁਜਰਾਤ ਵਿੱਚ ਹਾਰਦਿਕ ਸਵਾਗਤ ਹੈ।” ਹਾਰਦਿਕ ਪਟੇਲ ਨੇ ਤਾਂ ਇਹ ਵੀ ਕਿਹਾ ਕਿ ਜੇਕਰ ਰਾਹੁਲ ਗਾਂਧੀ ਰਾਖਵੇਂਕਰਨ ਦਾ ਵਾਅਦਾ ਕਰਦੇ ਹਨ ਤਾਂ ਉਹ ਕਾਂਗਰਸ ਨੂੰ ਸਮਰਥਨ ਦੇਣ ਨੂੰ ਤਿਆਰ ਹਨ।
ਯਾਦ ਰਹੇ ਹਾਰਦਿਕ ਪਟੇਲ ਆਪਣੇ ਸਮਾਜ ਦੇ ਰਾਖਵੇਂਕਰਨ ਲਈ ਬੀਤੇ ਦੋ ਸਾਲ ਤੋਂ ਅੰਦੋਲਨ ਕਰ ਰਹੇ ਹਨ ਪਰ ਭਾਜਪਾ ਉਹਨਾਂ ਦੀ ਮੰਗ ਨੂੰ ਠੁਕਰਾ ਰਹੀ ਹੈ। ਉਨਾਂ ‘ਤੇ ਦੇਸ਼ ਧ੍ਰੋਹ ਦਾ ਦਰਜ ਕੀਤਾ ਗਿਆ ਤੇ ਉਨਾਂ ਨੂੰ ਜੇਲ ਵੀ ਜਾਣਾ ਪਿਆ ਸੀ। ਚੋਣ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਹਾਰਦਿਕ ਪਟੇਲ ਦੀ ਨਾਰਾਜ਼ਗੀ ਦਰਅਸਲ ਪਟੇਲ ਸਮਾਜ ਦੀ ਨਾਰਾਜ਼ਗੀ ਹੈ ਤੇ ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨਾਂ ਨੂੰ ਨਾ ਮਨਾਇਆ ਗਿਆ ਤਾਂ ਭਾਜਪਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਗੁਜਰਾਤ ਵਿੱਚ ਬੀਤੀਆਂ ਚਾਰ ਚੋਣਾਂ ਵਿੱਚ ਭਾਜਪਾ ਲਗਾਤਾਰ ਜਿੱਤ ਰਹੀ ਹੈ। 1998 ਤੋਂ ਹੀ ਭਾਜਪਾ ਸੱਤਾ ਤੇ ਕਾਬਜ਼ ਹੈ ਪਰ 2014 ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਸੂਬੇ ਵਿੱਚ ਭਾਜਪਾ ਦਾ ਭਾਰੀ ਵਿਰੋਧ ਹੋ ਰਿਹਾ ਹੈ। ਮੋਦੀ ਲਗਾਤਾਰ 13 ਸਾਲ ਮੁੱਖ ਮੰਤਰੀ ਰਹੇ ਹਨ ਪਰ ਉਨਾਂ ਤੋਂ ਬਾਅਦ ਮੁੱਖ ਮੰਤਰੀ ਬਣੀ ਅਨੰਦੀਬੇਨ ਪਟੇਲ ਨੂੰ ਦੋ ਸਾਲ ਬਾਅਦ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।