• Home »
  • ਸਿਆਸਤ
  • » ਰਾਹੁਲ ਵਲੋਂ ਅਮਰੀਕਾ ‘ਚ ਮੋਦੀ ਤੇ ਕਰਾਰੇ ਸ਼ਬਦੀ ਵਾਰ, ਭਾਜਪਾ ਤਿਲਮਿਲਾਈ

ਰਾਹੁਲ ਵਲੋਂ ਅਮਰੀਕਾ ‘ਚ ਮੋਦੀ ਤੇ ਕਰਾਰੇ ਸ਼ਬਦੀ ਵਾਰ, ਭਾਜਪਾ ਤਿਲਮਿਲਾਈ

-ਪੰਜਾਬੀਲੋਕ ਬਿਊਰੋ
ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਵਿੱਚ ਸੰਬੋਧਨ ਦੌਰਾਨ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ‘ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਉਨਾਂ ਨੇ ਕਸ਼ਮੀਰ ਵਿੱਚ ਫੈਲੀ ਅਸ਼ਾਂਤੀ, ਨੋਟਬੰਦੀ ਨਾਲ ਘੱਟ ਹੋਈ ਵਿਕਾਸ ਦਰ ਲਈ ਨਰੇਂਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਉਨਾਂ ਖ਼ੁਦ ਨੂੰ ਦੇਸ਼ ਦੀ ਅਗਵਾਈ ਕਰਨ ਦੇ ਕਾਬਲ ਵੀ ਦੱਸਿਆ।
ਰਾਹੁਲ ਗਾਂਧੀ ਨੇ ਕਿਹਾ, “ਮੈਂ ਪੀ.ਐਮ. ਅਹੁਦੇ ਲਈ ਉਮੀਦਵਾਰ ਬਣਨ ਲਈ ਤਿਆਰ ਹਾਂ। ਸਾਡੀ ਪਾਰਟੀ ਵਿੱਚ ਲੋਕਤੰਤਰ ਹੈ ਜੇਕਰ ਪਾਰਟੀ ਕਹੇਗੀ ਤਾਂ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਇਸ ਤੋਂ ਇਲਾਵਾ ਮੈਂ ਸਰਕਾਰ ਦੀ ਵੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਾਂ। ਜੇਕਰ ਸਰਕਾਰ ਬਣਦੀ ਹੈ ਤਾਂ ਅਸੀਂ ਕਾਨੂੰਨ ਬਣਾਉਣ ਵਾਲੀ ਪ੍ਰਕਿਰਿਆ ਨੂੰ ਬਿਹਤਰ ਬਣਾਵਾਂਗੇ।”
ਰਾਹੁਲ ਨੇ ਦਾਅਵਾ ਕੀਤਾ ਕਿ ਉਸ ਨੇ ਪੂਰੇ ਨੌਂ ਸਾਲ ਮਨਮੋਹਨ ਸਿੰਘ, ਪੀ. ਚਿਦੰਬਰਮ, ਜਯਰਾਮ ਰਮੇਸ਼ ਨਾਲ ਮਿਲ ਕੇ ਕਸ਼ਮੀਰ ‘ਤੇ ਕੰਮ ਕੀਤਾ ਤੇ 2013 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਵਲੋਂ ਕਸ਼ਮੀਰ ‘ਚੋਂ ਅੱਤਵਾਦ ਘਟਾਉਣਾ ਉਨਾਂ ਦੀ ਸਭ ਤੋਂ ਵੱਡੀ ਸਫਲਤਾ ਦੱਸਿਆ। ਉਸ ਨੇ ਕਿਹਾ ਕਿ ਉਨਾਂ ਕਸ਼ਮੀਰ ਦੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ। ਰਾਹੁਲ ਨੇ ਦੋਸ਼ ਲਾਇਆ ਕਿ ਜੋ ਪੀ.ਡੀ.ਪੀ. ਪਹਿਲਾਂ ਨਵੇਂ ਲੋਕਾਂ ਨੂੰ ਅੱਗੇ ਲਿਆਉਂਦੀ ਸੀ, ਭਾਜਪਾ ਨਾਲ ਮੇਲ ਤੋਂ ਬਾਅਦ ਇਹ ਬੰਦ ਹੋ ਗਿਆ ਹੈ। ਇਸ ਲਈ ਉੱਥੋਂ ਦੇ ਨੌਜਵਾਨ ਅੱਤਵਾਦੀਆਂ ਨਾਲ ਹੱਥ ਮਿਲਾ ਰਹੇ ਹਨ।ਆਪਣੀ ਪਾਰਟੀ ਦੀ ਅਲੋਚਨਾ ਕਰਦਿਆਂ ਰਾਹੁਲ ਨੇ ਕਿਹਾ ਕਿ ਸਾਲ 2012 ਵਿੱਚ ਕਾਂਗਰਸ ਵਿੱਚ ਹੰਕਾਰ ਘਰ ਕਰ ਗਿਆ ਸੀ, ਜਦਕਿ ਸੱਤਾ ਵਿੱਚ ਆਉਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ।
ਰਾਹੁਲ ਨੇ ਨੋਟਬੰਦੀ ਦੇ ਫੈਸਲੇ ਨੂੰ ਭਾਰਤ ਲਈ ਮਾੜਾ ਦੱਸਦਿਆਂ ਕਿਹਾ ਕਿ ਕਰੰਸੀ ਖ਼ਤਮ ਕਰਨ ਨਾਲ ਸਾਡੀ ਵਿਕਾਸ ਦਰ 2 ਫ਼ੀਸਦੀ ਤੱਕ ਡਿੱਗ ਗਈ ਹੈ। ਉਸ ਨੇ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਇੱਕ ਅਜਿਹੀ ਮਸ਼ੀਨ ਹੈ ਜੋ ਉਸ ਬਾਰੇ ਗ਼ਲਤ ਚੀਜ਼ਾਂ ਹੀ ਫੈਲਾ ਰਹੀ ਹੈ ਤੇ ਇਸ ਦੇ ਨਿਰਦੇਸ਼ ਉਹ ਵਿਅਕਤੀ ਦੇ ਰਿਹਾ ਹੋ ਜੋ ਦੇਸ਼ ਨੂੰ ਚਲਾ ਰਿਹਾ ਹੈ।ਵੰਸ਼ਵਾਦ ਦੇ ਲੱਗ ਰਹੇ ਦੋਸ਼ਾਂ ਬਾਰੇ ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਵੰਸ਼ਵਾਦ ਦਾ ਰਿਵਾਜ਼ ਹੈ, ਉਹਨਾਂ ਨੇ ਅਖਿਲੇਸ਼ ਯਾਦਵ, ਅਭਿਸ਼ੇਕ, ਅਬੰਾਨੀ ਭਰਾਵਾਂ ਦਾ ਜ਼ਿਕਰ ਵੀ ਕੀਤਾ।
ਆਪਣੀ ਦਾਦੀ ਤੇ ਪਿਤਾ ਦੀ ਮੌਤ ਨੂੰ ਯਾਦ ਕਰਦਿਆਂ ਰਾਹੁਲ ਨੇ ਕਿਹਾ ਕਿ ਹਿੰਸਾ ਕਾਰਨ ਉਨਾਂ ਦੋਵਾਂ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਹਿੰਸਾ ਦੇ ਜਵਾਬ ਵਿੱਚ ਹਿੰਸਾ ਕਿਸੇ ਗੱਲ ਦਾ ਹੱਲ ਨਹੀਂ ਹੈ। ਰਾਹੁਲ ਨੇ ਕਿਹਾ ਕਿ ਅੱਜ ਅਹਿੰਸਾ ਦਾ ਵਿਚਾਰ ਖਤਰੇ ਵਿੱਚ ਹੈ। ਸਾਨੂੰ ਹਿੰਸਾ ਤੇ ਗੁੱਸਾ ਬਰਬਾਦ ਕਰ ਰਿਹਾ ਹੈ।
ਰਾਹੁਲ ਗਾਂਧੀ ਦੀ ਤਿੱਖੀ ਬਿਆਨਬਾਜ਼ੀ ਦੀ ਚੋਭ ਭਾਰਤ ਵਿੱਚ ਬੈਠੇ ਭਾਜਪਾਈਆਂ ਨੂੰ ਮਹਿਸੂਸ ਹੋਈ ਹੈ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਤੀ ਇਰਾਨੀ ਨੇ ਕਿਹਾ ਕਿ ਪੀ ਐਮ ਮੋਦੀ ‘ਤੇ ਕਟਾਖਸ਼ ਕਰਨਾ ਰਾਹੁਲ ਦੀ ਨਵੀਂ ਗੱਲ ਨਹੀਂ ਹੈ, ਇਹ ਰਾਹੁਲ ਦੀ ਸਿਆਸੀ ਤੌਰ ‘ਤੇ ਫੇਲ ਸਟ੍ਰੈਟਿਜੀ ਦਾ ਪ੍ਰਤੀਕ ਹੈ, ਭਾਰਤ ਦੇ ਲੋਕਾਂ ਵਲੋਂ ਉਸ ਨੂੰ ਨਕਾਰ ਦੇਣ ਦੀ ਪੀੜਾ ਦਾ ਰਾਹੁਲ ਅਮਰੀਕਾ ਜਾ ਕੇ ਇਜ਼ਹਾਰ ਕਰ ਰਿਹਾ ਹੈ।
ਕੇਂਦਰੀ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਰਾਹੁਲ ਤਾਂ ਕਿਸੇ ਹੋਰ ਦੀ ਲਿਖੀ ਹੋਈ ਸਕ੍ਰਿਪਟ ਵਿਦੇਸ਼ ਜਾ ਕੇ ਪੜ ਕੇ ਭਾਰਤ ਦਾ ਨਾਮ ਖਰਾਬ ਕਰ ਰਹੇ ਹਨ।