• Home »
  • ਸਿਆਸਤ
  • » ਗੁਰਦਾਸਪੁਰ ਸੀਟ ਸਭਨਾਂ ਲਈ ‘ਮੁੱਛ ਦਾ ਸਵਾਲ’ ਬਣੀ

ਗੁਰਦਾਸਪੁਰ ਸੀਟ ਸਭਨਾਂ ਲਈ ‘ਮੁੱਛ ਦਾ ਸਵਾਲ’ ਬਣੀ

-ਪੰਜਾਬੀਲੋਕ ਬਿਊਰੋ
ਕਾਂਗਰਸ ਅਤੇ  ਅਕਾਲੀ-ਭਾਜਪਾ ਗੱਠਜੋੜ ਲਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਵਕਾਰ ਦਾ ਸਵਾਲ ਬਣ ਗਈ ਹੈ। ਸੱਤਾ ਵਿੱਚ ਆਉਣ ਦੇ ਛੇ ਮਹੀਨੇ ਅੰਦਰ ਹੀ ਕਾਂਗਰਸ ਸਾਹਮਣੇ ਜ਼ਿਮਨੀ ਚੋਣ ਜਿੱਤਣ ਦੀ ਵੱਡੀ ਚੁਣੌਤੀ ਖੜੀ ਹੈ। ਗੁਰਦਾਸਪੁਰ ਚੋਣ ਲਈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸੀਪੀਆਈ ਦੇ ਸੀਨੀਅਰ ਆਗੂ ਡਾ. ਜੋਗਿੰਦਰ ਦਿਆਲ ਨਾਲ ਹੋਈ ਮੁਲਾਕਾਤ ਨੂੰ ਭਾਜਪਾ ਖਿਲਾਫ਼ ਸਾਂਝਾ ਫਰੰਟ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਡਾ. ਦਿਆਲ ਨੇ ਕਿਹਾ ਕਿ ਇਸ ਮੌਕੇ ਜ਼ਿਮਨੀ ਚੋਣ ਬਾਰੇ ਤਾਂ ਚਰਚਾ ਨਹੀਂ ਹੋਈ, ਪਰ ਕੌਮੀ ਪੱਧਰ ‘ਤੇ ਧਰਮ ਨਿਰਪੱਖ ਅਤੇ ਜਮਹੂਰੀ ਫਰੰਟ ਬਣਾਉਣ ਦੀ ਦਿਸ਼ਾ ਵਿੱਚ ਕੁਝ ਚਰਚਾ ਜ਼ਰੂਰ ਕੀਤੀ ਗਈ।
ਇਸ ਦੌਰਾਨ ਜ਼ਿਮਨੀ ਚੋਣ ‘ਚ ਭਾਜਪਾ ਨੂੰ ਹਮਦਰਦੀ ਵੋਟ ਦਾ ਸਹਾਰਾ ਹੈ। ਅਕਾਲੀ ਦਲ ਨੇ ਵੀ ਮਾਝਾ ਖੇਤਰ ਵਿੱਚ ਹੀ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰਕੇ ਵਿਧਾਨ ਸਭਾ ਚੋਣ ਹਾਰੇ ਕਾਰਕੁਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਹੈ। ਆਪ ਵਾਲੇ ਵੀ ਪਰ ਤੋਲਣ ਲੱਗੇ ਹੋਏ ਹਨ।
ਕਾਂਗਰਸ ਵੱੱਲੋਂ ਗੁਰਦਾਸਪੁਰ ਚੋਣ ਲਈ ਪੰਜਾਬ ਨਾਲ ਸਬੰਧਤ ਉੱਘੇ ਕ੍ਰਿਕਟਰ ਨੂੰ ਮੈਦਾਨ ‘ਚ ਉਤਾਰੇ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ। ਕ੍ਰਿਕਟਰ ਕਿਸੇ ਧਾਰਮਿਕ ਡੇਰੇ ਦਾ ਭਗਤ ਦੱਸਿਆ ਜਾਂਦਾ ਹੈ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵੱਲੋਂ ਕ੍ਰਿਕਟਰ ਨੂੰ ਮਨਾਉਣ ਲਈ ਡੇਰੇ ਰਾਹੀਂ ਦਬਾਅ ਪਾਇਆ ਜਾ ਰਿਹੈ।