ਨਾਇਡੂ 13ਵੇਂ ਉਪ ਰਾਸ਼ਟਰਪਤੀ ਬਣੇ

-ਪੰਜਾਬੀਲੋਕ ਬਿਊਰੋ
ਐੱਮ. ਵੈਂਕਈਆ ਨਾਇਡੂ ਅੱਜ ਦੇਸ਼ ਦੇ 13ਵੇਂ ਉੱਪ ਰਾਸ਼ਟਰਪਤੀ ਬਣ ਗਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ‘ਚ ਨਾਇਡੂ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ। ਨਾਇਡੂ ਨੇ ਹਿੰਦੀ ‘ਚ ਸਹੁੰ ਚੁਕੀ। ਇਸ ਮੌਕੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਕਈ ਕੇਂਦਰੀ ਮੰਤਰੀ, ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ ਅਤੇ ਕਈ ਹੋਰ ਮਸ਼ਹੂਰ ਵਿਅਕਤੀ ਮੌਜੂਦ ਸਨ। ਉਨਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਗਾਂਧੀ ਜੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਨੂੰ ਮਾਤ ਦਿੱਤੀ ਸੀ, ਇੱਥੇ ਕੁੱਲ ਪਈਆਂ 771 ਵੋਟਾਂ ‘ਚ ਵੈਂਕਈਆ ਨਾਇਡੂ ਨੂੰ 516 ਵੋਟ ਤਾਂ ਗੋਪਾਲਕ੍ਰਿਸ਼ਨ ਗਾਂਧੀ ਦੇ ਖਾਤੇ ‘ਚ 244 ਵੋਟਾਂ ਗਈਆਂ।
ਉੱਪ ਰਾਸ਼ਟਰਪਤੀ ਅਹੁਦੇ ਲਈ ਤਨਖਾਹ ਦੀ ਕੋਈ ਵਿਵਸਥਾ ਨਹੀਂ ਹੈ, ਕਿਉਂਕਿ ਉਹ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ ਤਾਂ ਉਨਾਂ ਨੂੰ ਇਸ ਅਹੁਦੇ ਲਈ ਇਕ ਲੱਖ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਉਪ ਰਾਸ਼ਟਰਪਤੀ ਨੂੰ ਰਹਿਣ ਲਈ ਇਕ ਫਰਨਿਸ਼ਡ ਹਾਊਸ ਦਿੱਤਾ ਜਾਂਦਾ ਹੈ, ਜੋ 6 ਮੌਲਾਨਾ ਆਜ਼ਾਦ ਰੋਡ ‘ਤੇ ਸਥਿਤ ਹੈ।
ਮੁਫ਼ਤ ਮੈਡੀਕਲ ਸਹੂਲਤ ਅਤੇ ਟਰੈਵਲ ਸਹੂਲਤ ਮਿਲਦੀ ਹੈ। ਐੱਮ.ਪੀ. ਰਹਿੰਦੇ ਹੋਏ ਉਨਾਂ ਨੂੰ ਰਹਿਣ ਲਈ ਮੁਫ਼ਤ ‘ਚ ਬੰਗਲਾ ਮਿਲਦਾ ਹੈ। ਉਨਾਂ ਨੂੰ ਤਿੰਨ ਟੈਲੀਫੋਨ ਮਿਲਦੇ ਹਨ, ਜਿਨਾਂ ‘ਚੋਂ ਇਕ ਫੋਨ ਉਨਾਂ ਦੇ ਦਫ਼ਤਰ ‘ਚ ਜ਼ਰੂਰ ਹੋਣਾ ਚਾਹੀਦਾ। ਹਰ ਫੋਨ ‘ਤੇ ਸਲਾਨਾ 50 ਹਜ਼ਾਰ ਲੋਕਲ ਕਾਲ ਮੁਫ਼ਤ ਮਿਲਦੀਆਂ ਹਨ। ਰਾਸ਼ਟਰਪਤੀ ਦੀ ਗੈਰ-ਮੌਜੂਦਗੀ ‘ਚ ਉੱਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੇ ਅਧਿਕਾਰ ਮਿਲ ਜਾਂਦੇ ਹਨ। ਜੇਕਰ ਉੱਪ ਰਾਸ਼ਟਰਪਤੀ ਕਿਸੇ ਵੀ ਸਥਿਤੀ ‘ਚ ਰਾਸ਼ਟਰਪਤੀ ਦੇ ਕਰਤੱਵਾਂ ਨੂੰ ਨਿਭਾ ਰਿਹਾ ਹੈ ਤਾਂ ਉਨਾਂ ਨੂੰ ਰਾਸ਼ਟਰਪਤੀ ਦੀ ਹੀ ਤਨਖਾਹ ਅਤੇ ਵਿਸ਼ੇਸ਼ ਅਧਿਕਾਰ ਮਿਲਦੇ ਹਨ।
ਐੱਮ.ਪੀ. ਨੂੰ ਹਵਾਈ ਯਾਤਰਾ ਦਾ 25 ਫੀਸਦੀ ਹੀ ਦੇਣਾ ਪੈਂਦਾ ਹੈ। ਇਸ ਦੇ ਅਧੀਨ ਸੰਸਦ ਮੈਂਬਰ ਇਕ ਸਾਲ ‘ਚ 34 ਹਵਾਈ ਯਾਤਰਾ ਕਰ ਸਕਦਾ ਹੈ। ਇਹ ਸਹੂਲਤ ਸੰਸਦ ਮੈਂਬਰ ਦੇ ਪਾਰਟਨਰ ਲਈ ਵੀ ਹੁੰਦੀ ਹੈ। ਇਸ ਤੋਂ ਇਲਾਵਾ ਦਫ਼ਤਰ ਨਾਲ ਸੰਬੰਧਤ ਕੰਮ ਲਈ ਐੱਮ.ਪੀ. ਟਰੇਨ ਅਤੇ ਪਲੇਨ ‘ਚ ਮੁਫ਼ਤ ‘ਚ ਸਫ਼ਰ ਕਰ ਸਕਦੇ ਹਨ। ਦੇਸ਼ ਦੇ ਉੱਪ ਰਾਸ਼ਟਰਪਤੀ ਜਦੋਂ ਰਿਟਾਇਰ ਹੋ ਜਾਂਦੇ ਹਨ ਤਾਂ ਉਨਾਂ ਨੂੰ ਪੈਨਸ਼ਨ ਦੇ ਰੂਪ ‘ਚ ਉਨਾਂ ਦੀ ਤਨਖਾਹ ਦਾ 50 ਫੀਸਦੀ ਮਿਲਦਾ ਹੈ। ਉੱਥੇ ਹੀ ਐੱਮ.ਪੀ. ਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੇ ਰੂਪ ‘ਚ ਤਨਖਾਹ ਦਾ 50 ਫੀਸਦੀ ਮਿਲਦੇ ਹਨ। ਐੱਮ.ਪੀ. ਨੂੰ 45 ਹਜ਼ਾਰ ਰੁਪਏ ਦਾ ਅਲਾਊਂਸ ਆਪਣੇ ਖੇਤਰ ‘ਚ ਕੰਮ ਕਰਨ ਲਈ ਵੀ ਮਿਲਦਾ ਹੈ। ਇਸ ਤੋਂ ਇਲਾਵਾ ਉਨਾਂ ਨੂੰ ਦਫ਼ਤਰੀ ਖਰਚੇ ਲਈ ਵੀ 45 ਹਜ਼ਾਰ ਰੁਪਏ ਮਿਲਦੇ ਹਨ, ਜਿਨਾਂ ‘ਚੋਂ 15 ਹਜ਼ਾਰ ਰੁਪਏ ਸਟੇਸ਼ਨਰੀ ‘ਤੇ ਖਰਚ ਕੀਤੇ ਜਾ ਸਕਦੇ ਹਨ ਅਤੇ 30 ਹਜ਼ਾਰ ਰੁਪਏ ਸਕੱਤਰੇਤ ਸਹਾਇਕਾਂ ਨੂੰ ਭੁਗਤਾਨ ਕਰਨ ਲਈ ਮਿਲਦੇ ਹਨ। ਇਸ ਤੋਂ ਇਲਾਵਾ ਉਨਾਂ ਨੂੰ 2 ਮੋਬਾਇਲ ਫੋਨ ਅਤੇ 3ਜੀ ਇੰਟਰਨੈੱਟ ਵੀ ਦਿੱਤਾ ਜਾਂਦਾ ਹੈ।