• Home »
  • ਸਿਆਸਤ
  • » ਬਿਹਾਰ ਸਰਕਾਰ ਵਾਲਾ ਗੱਠਜੋੜ ਸੰਕਟ ‘ਚ

ਬਿਹਾਰ ਸਰਕਾਰ ਵਾਲਾ ਗੱਠਜੋੜ ਸੰਕਟ ‘ਚ

-ਪੰਜਾਬੀਲੋਕ ਬਿਊਰੋ
ਸੀ ਬੀ ਆਈ ਵਲੋਂ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੇ 28 ਸਾਲਾਂ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਕੇਸ ਦਰਜ ਹੋਣ ਤੋਂ ਬਾਅਦ ਸੱਤਾਧਾਰੀ ਧਿਰ ਵਾਲੇ ਮਹਾਂਗੱਠਜੋੜ ‘ਤੇ ਸੰਕਟ ਦੀ ਘੜੀ ਹੈ। ਇਸ ਮੁੱਦੇ ‘ਤੇ ਜਨਤਾ ਦਲ ਯੂ ਦੇ ਜਨਰਲ ਸਕੱਤਰ ਕੇ.ਸੀ.ਤਿਆਗੀ ਨੇ ਕਿਹਾ ਕਿ ਤੇਜਸਵੀ ਨੂੰ ਆਪਣੇ ਆਪ ਨੂੰ ਪਾਕਿ ਸਾਫ਼ ਸਾਬਤ ਕਰਨਾ ਹੋਵੇਗਾ। ਉਹਨਾਂ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਬੇਦਾਗ ਹੋਣਾ ਪਵੇਗਾ। ਤਿਆਗੀ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਅਕਸ ਸਾਫ਼ ਸੁਥਰਾ ਹੈ ਤੇ ਜੇ ਉਨਾਂ ਦਾ ਅਕਸ ਧੁੰਦਲਾ ਹੋਇਆ ਤਾਂ ਗੱਠਜੋੜ ਨੂੰ ਚਲਾਉਣ ਦਾ ਕੋਈ ਕਾਰਨ ਨਹੀਂ ਹੋਵੇਗਾ।
ਇਸ ਦੌਰਾਨ ਤੇਜਸਵੀ ਵਲੋਂ ਸਾਫ ਕਹਿ ਦਿੱਤਾ ਗਿਆ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਹੈ ਕਿ ਇਹ ਪੀ ਐਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਸਾਜ਼ਿਸ਼ ਹੈ, ਬੀਜੇਪੀ ਇਕ 28 ਸਾਲ ਦੇ ਨੌਜਵਾਨ ਤੋਂ ਡਰ ਗਈ ਹੈ, ਇਸ ਕਰਕੇ ਸਾਜ਼ਿਸ਼ ਰਚੀ ਜਾ ਰਹੀ ਹੈ।
ਲਾਲੂ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਵੀ ਕਿਹਾ ਹੈ ਕਿ ਉਹ ਤੇਜਸਵੀ ਦੇ ਨਾਲ ਖੜੇ ਹਨ, ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਵਿਧਾਇਕ ਬੀਰੇਂਦਰ ਸਿੰਘ ਨੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਸਾਡੇ 80 ਵਿਧਾਇਕ ਹਨ, ਅਸੀਂ ਜੋ ਚਾਹਾਂਗੇ ਉਹੀ ਹੋਵੇਗਾ।