• Home »
  • ਸਿਆਸਤ
  • » ਭੱਠਲ, ਬਾਜਵਾ, ਭਗਵੰਤ ਤੇ ਕਮਲ ਦੀ ਸਿਆਸੀ ਸਰਗਰਮੀ ਨਾਂਹ ਦੇ ਬਰਾਬਰ ਕਿਉਂ??

ਭੱਠਲ, ਬਾਜਵਾ, ਭਗਵੰਤ ਤੇ ਕਮਲ ਦੀ ਸਿਆਸੀ ਸਰਗਰਮੀ ਨਾਂਹ ਦੇ ਬਰਾਬਰ ਕਿਉਂ??

-ਪੰਜਾਬੀਲੋਕ ਬਿਊਰੋ
ਜਿੰਨੇ ਰੰਗ ਸਿਆਸਤ ਵਿੱਚ ਲੱਭਦੇ ਨੇ, ਸ਼ਾਇਦ ਓਨੇ ਕਿਤੇ ਹੋਰ ਨਾ ਮਿਲਦੇ ਹੋਣ। ਕੋਈ ਪਤਾ ਨਹੀਂ ਕੀਹਨੇ ਸਿਆਸੀ ਪਰਦੇ ‘ਤੇ ਕਿਹੜੇ ਵਕਤ ਕਿਹੜਾ ਰੰਗ ਵਟਾ ਲੈਣਾ ਹੈ। ਸਿਆਸਤ ਦੇ ਰੰਗ ਅਜਿਹੇ ਬਦਲ ਜਾਂਦੇ ਹਨ ਕਿ ਚੌਧਰ ਵਾਲੇ ਲੀਡਰ ਵੀ ਸਿਆਸੀ ਹਾਸ਼ੀਏ ਤੋਂ ਗਾਇਬ ਹੋ ਜਾਂਦੇ ਹਨ ਪਰ ਉਹਨਾਂ ਲਈ ਹੋਰ ਵੀ ਮਾੜਾ ਸਮਾਂ ਆ ਜਾਂਦਾ ਹੈ ਜਦੋਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਪੁੱਛ ਪੜਤਾਲ ਨਾ ਹੋਵੇ ਤੇ ਖੁਦ ਨੂੰ ਖੁੱਡੇ ਲਾਈਨ ਲੱਗਿਆ ਮਹਿਸੂਸ ਕਰਨ। ਪੰਜਾਬ ਦੀ ਸਤੱਾ ਤੇ 10 ਸਾਲ ਕਾਬਜ ਰਹੇ ਅਕਾਲੀ ਭਾਜਪਾ ਗਠਬੰਧਨ ਤੋਂ ਬਾਅਦ ਸੱਤਾ ‘ਚ ਆਈ ਕਾਂਗਰਸ ਵਿੱਚ ਅੱਜ ਕੈਪਟਨ ਬ੍ਰਿਗੇਡ ਭਾਰੂ ਹੈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਬੈਠੇ ਹਨ ਜਦੋਂ ਕਿ ਪ੍ਰਧਾਨ ਦੀ ਕੁਰਸੀ ਉਹਨਾਂ ਆਪਣੇ ਨਜਦੀਕੀ ਸਾਥੀ ਸੁਨੀਲ ਜਾਖੜ ਨੂੰ ਦਿਵਾ ਦਿੱਤੀ ਜਿਸ ਕਰਕੇ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਮੈਂਬਰ ਰਾਜ ਸਭਾ ਪੰਜਾਬ ਦੀ ਸਿਆਸਤ ਤੋਂ ਗਾਇਬ ਹਨ ਜਦੋਂ ਕਿ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਸਟਾਰ ਪ੍ਰਚਾਰਕ ਅਤੇ ਮੌਜੂਦਾ ਕਨਵੀਨਰ ਭਗਵੰਤ ਮਾਨ ਮੈਂਬਰ ਲੋਕ ਸਭਾ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਵੀ ਸਿਆਸੀ ਸਰਗਰਮੀਆਂ ਤੋਂ ਗਾਇਬ ਹਨ। ਜਿਸ ਕਰਕੇ ਇਹਨਾਂ ਦੇ ਸਮਰੱਥਕਾਂ ਵਿੱਚ ਵੀ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਗਾਇਬ ਲੀਡਰਾਂ ਦੇ ਵਰਕਰਾਂ ਦੀ ਪੁੱਛ ਪੜਤਾਲ ਨਾ ਹੋਣਾ ਰੋਸ ਦਾ ਕਾਰਨ ਬਣਦਾ ਹੈ ਜਦੋਂ ਕਿ ਵਿਧਾਨ ਸਭਾ ਸੈਸ਼ਨ ਚੱਲਣ ਦੇ ਬਾਵਜੂਦ 20 ਵਿਧਾਇਕਾਂ ਵਾਲੀ ਪਾਰਟੀ ਆਪ ਦੇ ਕਨਵੀਨਰ ਭਗਵੰਤ ਮਾਨ ਵੀ ਅੱਜ ਕੱਲ ਚੁਟਕਲਿਆਂ ਤੋਂ ਪਾਸੇ ਹਨ। ਭਾਜਪਾ ਲੀਡਰਸ਼ਿਪ ਵਿੱਚ ਵੀ ਹੋਈ ਬਦਲੀ ਨੇ ਕਈ ਲੀਡਰਾਂ ਦੇ ਚੇਹਰੇ ਗਾਇਬ ਕਰ ਦਿੱਤੇ। ਇੱਥੋਂ ਤੱਕ ਕਿ ਦਲ ਬਦਲੀ ਕਰਨ ਵਾਲੇ ਗਾਇਕ ਹੰਸ ਰਾਜ ਹੰਸ ਵੀ ਸਿਆਸਤ ਤੋਂ ਪਾਸੇ ਹੋ ਗਏ ਹਨ। ਆਪ ਦੇ ਵਿਧਾਇਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਭਗਵੰਤ ਮਾਨ ਭਾਵੇਂ ਕਨਵੀਨਰ ਬਣ ਗਏ ਹਨ ਪਰ ਉਹਨਾਂ ਦੀ ਚੁੱਪ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਹੈ ਕਿ ਕੈਪਟਨ ਬ੍ਰਿਗੇਡ ਅੱਗੇ ਕਿਸੇ ਦੀ ਨਹੀਂ ਚਲਦੀ ਜਿਸ ਕਰਕੇ ਬਹੁਤੇ ਲੀਡਰ ਘਰ ਬੈਠ ਗਏ।