ਬਿਨ ਖੰਭੋਂ ਅੰਬਰ ਸਰ ਕਰਦੀ ਪਰਮਿੰਦਰ ਕੌਰ 

-ਅਮਨਦੀਪ ਹਾਂਸ
ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ 
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ 
ਅੰਮ੍ਰਿਤਸਰ ਜ਼ਿਲੇ ਦਾ ਪਿੰਡ ਹੈ ਕੰਦੋਵਾਲੀ , ਜਿੱਥੇ ਗਰੀਬ ਕਿਸਾਨ ਦੇ ਪਰਿਵਾਰ ਚ ਤਿੰਨ ਧੀਆਂ ਤੇ ਦੋ ਪੁੱਤ ਹੋਏ. ਸਭ ਤੋਂ ਨਿੱਕੀ ਪਰਮਿੰਦਰ ਕੌਰ ਨੂੰ ਕੁਦਰਤ ਨੇ ਐਸੀ ਮਾਰ ਮਾਰੀ ਕਿ ਉਸ ਨੂੰ ਪਰ ਵਿਹੂਣੀ ਕਰ ਦਿੱਤਾ। ਪੋਲੀਓ ਦੀ ਮਾਰ ਨਾਲ ਪਰਮਿੰਦਰ ਬੱਸ ਮੰਜੇ ਜੋਗੀ ਰਹਿ ਗਈ, ਰੀਂਗਣਾ ਹੀ ਉਸ ਦੇ ਹਿੱਸੇ ਰਹਿ ਜਾਣਾ ਸੀ ਜੇ ਸਮਾਜ ਤੇ ਪਰਿਵਾਰਕ ਜੀਆਂ ਦੀ ਤਰਸ ਭਾਵਨਾ ਨੂੰ ਆਪਣੀ ਹੋਣੀ ਬਣਾ ਲੈਂਦੀ, ਪਰ ਪਰਮਿੰਦਰ ਨੇ ਹੋਣੀ ਨੂੰ ਹਰਾਉਣ ਦਾ ਹੀਆ ਕੀਤਾ ਤੇ ਜ਼ਿੰਦਗੀ ਦੇ ਜੇਤ ਜਿੱਤ ਕੇ ਦਿਖਾ ਦਿੱਤੀ।
ਪਰਮਿੰਦਰ ਬਿਲਕੁਲ ਵੀ ਤੁਰ ਨਹੀਂ ਸੀ ਸਕਦੀ, ਸਿਰਫ ਰੀਂਗਦੀ ਹੀ ਸੀ, ਤਾਂ ਅਜਿਹੀ ਹਾਲਤ ਚ ਸਕੂਲ ਉਸ ਨੂੰ ਕੌਣ ਭੇਜਦਾ? ਉਹ ਘਰ ਦੇ ਦਰਵਾਜ਼ੇ ਦੇ ਅੰਦਰ ਹੀ ਕੈਦ ਹੋ ਕੇ ਰਹਿ ਗਈ, ਪਰ ਪੜ•ਨ, ਗੁੜ•ਨ ਦੇ ਸੁਪਨੇ ਉਸ ਨੂੰ ਚੈਨ ਨਹੀਂ  ਸੀ ਲੈਣ ਦਿੰਦੇ। ਉਹ ਸਕੂਲ ਤਾਂ ਨਹੀਂ ਜਾ ਸਕੀ, ਪਰ ਕਿਤਾਬਾਂ ਨਾਲ ਘਰ ਰਹਿ ਕੇ ਸਾਂਝ ਪਾਈ, ਪੰਜਵੀਂ ਜਮਾਤ ਦਾ ਬੀ ਓ ਦੇ ਦਫਤਰ ਜਾ ਕੇ ਟੈਸਟ ਦਿੱਤਾ, ਅੱਵਲ ਆਈ, ਅੱਠਵੀਂ ਦੀ ਪੜ•ਾਈ ਘਰੇ ਕੀਤੀ, ਪਰ ਪੇਪਰ ਸਕੂਲ ਵਾਲਿਆਂ ਨੇ ਦਿਵਾ ਦਿੱਤੇ। ਇਵੇਂ ਹੀ ਦਸਵੀਂ ਪਾਸ ਕੀਤੀ। ਉਸ ਦੀ ਲਗਨ ਤੇ ਦ੍ਰਿੜ•ਤਾ ਦੀ ਕਦਰ ਕਰਨ ਵਾਲਿਆਂ ਵਿੱਚ ਚੀਫ ਖਾਲਸਾ ਦੀਵਾਨ ਦੇ ਕੁਝ ਅਹੁਦੇਦਾਰ ਸਨ, ਜਿਹਨਾਂ ਨੇ ਇੱਕ ਅਧਿਆਪਕਾ ਦੇ ਜਣੇਪਾ ਛੁੱਟੀ ਜਾਣ ਕਰਕੇ ਪਰਮਿੰਦਰ ਨੂੰ ਦਸਵੀਂ ਜਮਾਤ ਪਾਸ ਕਰਦੀ ਨੂੰ ਹੀ ਸਕੂਲ ਦੀ ਸਭ ਤੋਂ ਛੋਟੀ ਜਮਾਤ ਨੂੰ ਪੜ•ਾਉਣ ਲਈ ਬੁਲਾ ਲਿਆ, ਉਦੋਂ ਤੱਕ ਪਰਮਿੰਦਰ ਕੁਝ ਅਪ੍ਰੇਸ਼ਨਾਂ ਮਗਰੋਂ ਮਾੜਾ ਮੋਟਾ ਸਹਾਰਾ ਲੈ ਕੇ ਤੁਰਨ ਜੋਗੀ ਹੋ ਗਈ ਸੀ। ਸਕੂਲ ਦੇ ਨੰਨੇ ਬੱਚਿਆਂ ਨੂੰ ਦੋ ਗੁੱਤਾਂ ਵਾਲੀ ਨਿੱਕੀ ਜਿਹੀ ਭੈਣ ਜੀ ਨੇ ਬੜੀ ਲਗਨ ਤੇ ਮਿਹਨਤ ਨਾਲ ਪੜ•ਾਇਆ,  ਸਟਾਫ ਚਾਹੁੰਦਾ ਸੀ ਕਿ ਪਰਮਿੰਦਰ ਅਧਿਆਪਨ ਨਾਲ ਜੁੜੀ ਰਹੇ, ਪਰ ਨਿਯਮਾਂ ਮੂਹਰੇ ਕਿਸੇ ਦੀ ਪੇਸ਼ ਨਾ ਗਈ। ਤਾਂ ਉਸ ਨੂੰ 6 ਮਹੀਨਿਆਂ ਮਗਰੋਂ ਵਾਪਸ ਓਸੇ ਜ਼ਿੰਦਗੀ ਚ ਪਰਤਣਾ ਪਿਆ। ਪਰ ਪਰਮਿੰਦਰ ਨੂੰ ਇਥੋਂ ਬੱਚਿਆਂ ਨੂੰ ਅੱਖਰ ਗਿਆਨ ਵੰਡਣ ਵਾਲੀ ਚੇਟਕ ਲੱਗ ਗਈ, ਤੇ ਉਸ ਨੇ ਮਿਥ ਲਿਆ ਕਿ ਜੋ ਵੀ ਹੋਵੇ ਉਹ ਆਪਣਾ ਸਕੂਲ ਚਲਾਵੇਗੀ। ਹਾਲੇ ਉਸ ਨੇ 12ਵੀਂ ਜਮਾਤ ਦੇ ਸਲਾਨਾ ਇਮਤਿਹਾਨ ਨਹੀਂ ਸੀ ਦਿੱਤੇ ਕਿ ਮਜੀਠਾ ਲਾਗੇ ਪੈਂਦੇ ਚੇਤਨਪੁਰਾ ਪਿੰਡ ਚ ਕਿਰਾਏ ਦੇ ਇਕ ਘਰ ਚ ਆਪਣਾ ਸਕੂਲ ਚਲਾ ਲਿਆ, ਰਜਿਸਟਰਡ ਕਰਵਾਉਣ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਇਕ ਸ਼ਖਸ ਨੂੰ ਪ੍ਰਿੰਸੀਪਲ ਰੱਖਿਆ। ਤੇ ਲੋੜਵੰਦ ਪਰ ਹੋਣਹਾਰ ਅਧਿਆਪਕ ਰੱਖੇ, ਪਹਿਲੀ ਹੀ ਵਾਰ ਚ ਸਕੂਲ ਚ 300 ਵਿਦਿਆਰਥੀ ਆ ਗਏ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ। ਚਾਰ ਕਮਰੇ ਸਨ, ਤਾਂ ਜਮਾਤਾਂ ਦਰੱਖਤ ਹੇਠ ਵੀ ਲਾਈਆਂ। ਪਰਮਿੰਦਰ ਕੌਰ ਨਾਲੇ ਬੱਚਿਆਂ ਨੂੰ ਪੜ•ਾਉਂਦੀ ਨਾਲੇ ਆਪ ਪੜ•ਦੀ, ਐਮ ਏ ਪੰਜਾਬੀ ਕੀਤੀ, ਬੀ ਐਡ ਵੀ ਕੀਤੀ। ਸਾਰੀ ਪੜ•ਾਈ ਪ੍ਰਾਈਵੇਟ ਕੀਤੀ।
ਸਾਲ 2005 ਵਿੱਚ ਆਪਣੀ ਥਾਂ ਲੈ ਕੇ 10ਵੀਂ ਤੱਕ ਸਕੂਲ ਬਣਾ ਲਿਆ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ..  ਜਿਸ ਦੀਆਂ ਤਿੰਨ ਬਰਾਂਚਾਂ ਨੇ, ਇਕ ਚੇਤਨਪੁਰਾ ਚ, ਇਕ ਅਜਨਾਲਾ ਰੋਡ ‘ਤੇ ਪੈਂਦੇ ਬਛੋਏ ਪਿੰਡ ਚ ਤੇ ਇਕ ਸੰਗਤਪੁਰਾ ਪਿੰਡ ਚ। ਇਕ ਹੋਰ ਪਿਰਤ ਪਾਈ ਹੈ, ਸਸਤੀ ਫੀਸ ਤਾਂ ਰੱਖੀ ਹੈ, ਨਾਲ ਹੀ ਜਿਹੜੇ ਬੱਚਿਆਂ ਦੇ ਮਾਂ ਜਾਂ ਪਿਓ ਇਸ ਜਹਾਨ ‘ਤੇ ਨਹੀਂ, ਉਹਨਾਂ ਬੱਚਿਆਂ ਨੂੰ ਬਿਲਕੁਲ ਮੁਫਤ ਪੜ•ਾਇਆ ਜਾਂਦਾ ਹੈ, ਕਿਤਾਬਾਂ, ਕਾਪੀਆਂ ਵੀ ਸਕੂਲ ਵੱਲੋਂ ਲੈ ਕੇ ਦਿੱਤੀਆਂ ਜਾਂਦੀਆਂ ਨੇ। ਅਜਿਹੇ 30-32 ਦੇ ਕਰੀਬ ਬੱਚੇ ਉਸ ਕੋਲ ਪੜ• ਰਹੇ ਨੇ। ਸਕੂਲ ਚ ਕੁੜੀਆਂ ਨੂੰ ਜੁਡੋ ਸਿਖਾਈ ਜਾਂਦੀ ਹੈ, ਤਾਂ ਜੋ ਉਹ ਸਰੀਰਕ ਪੱਖੋਂ ਐਨੀਆਂ ਤਕੜੀਆਂ ਹੋਣ ਕਿ ਕੋਈ ਅੱਖ ਭਰ ਕੇ ਤੱਕੇ ਵੀ ਤਾਂ ਹੱਡ ਭਨਾਅ ਬੈਠੇ। ਸੰਗੀਤ ਦੀਆਂ ਜਮਾਤਾਂ ਵੀ ਸਕੂਲ ਚ ਲਾਈਆਂ ਜਾਂਦੀਆਂ ਨੇ। ਅਸਲ ਚ ਪਰਮਿੰਦਰ ਆਪਣੇ ਅੰਦਰ ਕਿਤੇ ਦਫਨ ਸ਼ੌਕ ਬੱਚਿਆਂ ਵਿਚੋਂ ਪੂਰੇ ਕਰ ਰਹੀ ਹੈ।
ਚੇਤਨਪੁਰਾ ਵਾਲੇ ਸਕੂਲ ਦੇ ਉਪਰ ਹੀ ਉਸ ਨੇ ਰਿਹਾਇਸ਼ ਕਰ ਲਈ ਹੈ। ਜ਼ਿੰਦਗੀ ਹੁਣ ਰਿੜ•ਦੀ ਨਹੀਂ ਉੱਡਦੀ ਜਾ ਰਹੀ ਹੈ।
Êਪਰ ਉਸ ਦੇ ਸੰਘਰਸ਼ ਦੀ ਅਸਲ ਕਹਾਣੀ ਤਾਂ ਉਸ ਦੀ ਜ਼ਿੰਦਗੀ ਦੇ ਹਰ ਪਲ ‘ਤੇ ਦਿਸਦੀ ਹੈ। ਉਹ ਭਾਵੁਕ ਹੋ ਜਾਂਦੀ ਹੈ ਜਦ ਦੱਸਦੀ ਹੈ ਕਿ ਮੇਰੇ ਨਾਨਕੇ ਘਰ ਕੋਈ ਨਹੀਂ ਸੀ ਪੜਿ•ਆ, ਮਾਂ ਨੇ ਸਾਨੂੰ ਬੜੇ ਵਖਤਾਂ ਨਾਲ ਪੜ•ਾਇਆ। ਮਾਂ ਦਮੇ ਦੀ ਮਰੀਜ਼ ਸੀ। ਪਿਓ ਪਸ਼ੂ ਚਾਰਨ ਗਿਆ, ਤਾਂ ਹਨੇਰੀ ਨਾਲ ਇਕ ਦਰੱਖਤ ਦਾ ਟਾਹਣਾ ਟੁੱਟ ਕੇ ਉਸ ਦੇ ਸਿਰ ਚ ਆ ਵੱਜਿਆ, ਸਿਰ ਖੱਖੜੀ ਵਾਂਗ ਪਾਟ ਗਿਆ, ਅੰਮ੍ਰਿਤਸਰ ਲੈ ਗਏ, ਉਥੋਂ ਲੁਧਿਆਣਾ ਡੀ ਐਮ ਸੀ ਰੈਫਰ ਕਰ ਦਿੱਤਾ, ਸਾਲ 1996 ਦੀ ਗੱਲ ਹੈ, ਪਿਤਾ ਨਹੀਂ ਬਚਿਆ, ਹਸਪਤਾਲ ਲਾਸ਼ ਨਾ ਦੇਵੇ, ਅਖੇ ਇਕ ਲੱਖ 60 ਹਜ਼ਾਰ ਰੁਪਿਆ ਬਿੱਲ ਦਿਓ, ਤੇ ਬੌਡੀ ਲੈ ਜਾਓ.. ਪਰ ਗੁਰਬਤ ਦੇ ਝੰਬੇ ਪਰਿਵਾਰ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਸੀ, ਜੋ ਪੈਸਾ ਸੀ, ਉਹ ਪਿਓ ਨੂੰ ਅੰਮ੍ਰਿਤਸਰ , ਲੁਧਿਆਣਾ ਤੱਕ ਲਿਆਉਣ ਚ ਹੀ ਖਰਚਿਆ ਗਿਆ ਸੀ, ਪਰਮਿੰਦਰ ਦਿਲ ਦਾ ਲਹੂ ਪਲਕਾਂ ਤੋਂ ਡਿੱਗਣ ਦਾ ਬਚਾਅ ਕਰਦੀ ਦੱਸਦੀ ਹੈ ਕਿ ਬੈੱਡ , ਫਰਿੱਜ, ਜੋ ਵੀ ਹੋਰ ਸਮਾਨ ਵਿਕ ਸਕਦਾ ਸੀ, ਉਹ ਵੇਚ ਕੇ ਹਸਪਤਾਲ ਦਾ ਪੈਸਾ ਤਾਰ ਕੇ ਲਾਸ਼ ਚੁੱਕ ਲਿਆਂਦੀ।
ਜਿਵੇਂ ਕਿਵੇਂ ਪਿਤਾ ਬਿਨਾ ਇਹਨਾਂ ਦੀ ਜ਼ਿੰਦਗੀ ਰਿੜ•ਦੀ ਰਹੀ, ਕਿਸੇ ਰਿਸ਼ਤੇਦਾਰ  ਨੇ ਸਾਥ ਨਹੀਂ ਦਿੱਤਾ, ਸਗੋਂ ਜਾਣ ਪਛਾਣ ਵਾਲੇ ਲੋਭੜ ਇਕ ਧਿਰ ਬਣ ਕੇ ਖੜ•ਦੇ ਰਹੇ। ਪਰਮਿੰਦਰ ਦੀ ਮਾਂ ਨੇ ਦੋ ਧੀਆਂ ਪੜ•ਾਅ ਲਿਖਾ ਕੇ ਵਿਆਹ ਵਰ ਦਿੱਤੀਆਂ, ਇਕ ਧੀ ਦੇ ਦੋ ਪੁੱਤ ਹਾਲੇ 2 ਤੇ 1 ਸਾਲ ਦੇ ਸਨ ਕਿ ਪਤੀ ਦੀ ਕੈਂਸਰ ਨਾਲ ਮੌਤ ਹੋ ਗਈ, ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਫੇਰ ਡਿੱਗ ਪਿਆ। ਪਰਮਿੰਦਰ ਨੇ ਭੈਣ ਦਾ ਵੱਡਾ ਪੁੱਤ ਜੋ ਦੋ ਸਾਲ ਦਾ ਸੀ ਗੋਦ ਲੈ ਲਿਆ, ਉਸ ਨੂੰ ਪੜ•ਾਅ ਰਹੀ ਹੈ।  ਬਾਕੀ ਭੈਣ ਭਰਾ ਸੈਟ ਨੇ ਉਹ ਕਿਸੇ ‘ਤੇ ਬੋਝ ਨਹੀਂ ਬਣਦੀ। ਬਿਮਾਰ ਨੂੰ ਆਪਣੇ ਕੋਲ ਰੱਖਿਆ, ਕਈ ਸਾਲ ਮੰਜੇ ‘ਤੇ ਪਈ ਦੀ ਸੇਵਾ ਕੀਤੀ,  ਦੋ ਸਾਲ ਪਹਿਲਾਂ ਮਾਂ ਦਾ ਦੇਹਾਂਤ ਹੋਇਆ ਹੈ।
ਪਰਮਿੰਦਰ ਕੌਰ ਨਾਲ ਪਿੰਡ ਦੇ ਕੁਝ ਬਦਮਾਸ਼ ਕਿਸਮ ਦੇ ਮੁੰਡੇ ਸਕੂਲ ਆ ਕੇ ਬਦਤਮੀਜ਼ੀ ਕਰਦੇ ਰਹੇ, ਮੋਹਤਬਰਾਂ ਤੱਕ ਗੱਲ ਜਾਂਦੀ ਰਹੀ, ਸਮਝੌਤਿਆਂ ਚ ਗੱਲ ਆਈ ਗਈ ਹੁੰਦੀ ਰਹੀ, ਫੇਰ ਇਹਨਾਂ ਹੀ ਬਦਮਾਸ਼ਾਂ ਨੇ ਇਕ ਮੁੰਡਾ ਸਕੂਲ ਚ ਭੰਗੜੇ ਦਾ ਕੋਚ ਬਣਾ ਕੇ ਘੱਲਿਆ , ਉਹਨੇ ਪਰਮਿੰਦਰ ਦੀ ਇਕੱਲਤਾ, ਤੇ ਤਕਲੀਫ ਨਾਲ ਹਮਦਰਦੀ ਦਿਖਾਈ ਤੇ  ਪ੍ਰੇਮ ਦਾ ਢਕਵੰਜ ਕੀਤਾ ਤੇ ਸਾਲ 2011 ਚ ਨਵੰਬਰ ਮਹੀਨੇ ਵਿਆਹ ਕਰਵਾ ਲਿਆ, ਪਰ ਮਾਰਚ 2012 ਚ ਸਕੂਲ ਦੀ ਸਾਰੀ ਪ੍ਰਾਪਰਟੀ ਨਾਮ ਕਰਨ ਲਈ ਦਬਾਅ ਪਾਇਆ, ਕੁੱਟਮਾਰ ਕਰਨ ਲੱਗਿਆ ਤਾਂ ਪਰਮਿੰਦਰ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਤੇ ਤਲਾਕ ਲਈ ਅਰਜ਼ੀ ਦੇ ਦਿੱਤੀ, ਪਰ ਇਹ ਭਾਰਤ ਹੈ ਜਨਾਬ ਐਨੀ ਛੇਤੀ ਕਿੱਥੇ ਫੈਸਲੇ ਕਰਦੀਆਂ ਨੇ ਅਦਾਲਤਾਂ, ਹਾਲੇ ਤੱਕ ਤਲਾਕ ਨਹੀਂ ਹੋਇਆ।
ਹਾਲੇ ਵੀ ਪਰਮਿੰਦਰ ‘ਤੇ ਪੰਜਾਬੀ ਸੱਭਿਅਕ ਕਦਰਾਂ ਕੀਮਤਾਂ ਦਾ ਦਬਾਅ ਪੈ ਰਿਹਾ ਹੈ ਕਿ ਛੁੱਟੜ ਅਖਵਾਂਏਂਗੀ, ਸਮਝੌਤਾ ਕਰ ਲੈ, ਬੰਦਾ ਤਾਂ ਬੰਦਾ ਹੁੰਦੈ, ਬੰਦੇ ਬਿਨ ਤੀਮੀ ਦੀ ਕਾਹਦੀ ਗਤ.. ਵਗੈਰਾ ਵਗੈਰਾ..। ਪਰ ਜਿਸ ਮਾਣਮੱਤੀ ਔਰਤ ਨੇ ਆਪਣੇ ਦਮ ‘ਤੇ ਰੀਂਗਣ ਤੋਂ ਉੱਡਣਾ ਸਿੱਖਿਆ ਹੋਵੇ ਉਹ ਸਮਾਜ ਦੀਆਂ ਦਕੀਆਨੂਸੀ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ। ਪਰਮਿੰਦਰ ਹੱਸਦੀ ਹੈ ਕਿ ਅੱਜ ਵੀ ਸਕੂਲ ਦੇ ਕਿਸੇ ਨਾ ਕਿਸੇ ਕੰਮ ਲਈ ਉਹ ਸਪੈਸ਼ਲ ਤਿਆਰ ਕਰਵਾਏ ਸਕੂਟਰ ‘ਤੇ ਕਿਧਰੇ ਜਾਂਦੀ ਹੈ ਤਾਂ ਲੋਕ ਉਹਦੇ ਗੇੜੇ ਗਿਣਦੇ ਨੇ..।
ਅਸਲ ਚ ਵਿਹਲੇ ਨੇ..
ਤਰਨਤਾਰਨ ਦੇ ਭੁੱਜੜਾਂਵਾਲਾ ਪਿੰਡ ਦੇ ਕਾਰ ਡੀਲਰ ਕੁਲਜਿੰਦਰ ਪਾਲ ਨੇ ਉਸ ਨੂੰ ਲਾਰਾ ਲਾਇਆ ਕਿ 60 ਹਜ਼ਾਰ ਚ ਉਸ ਦੇ ਚਲਾਉਣ ਜੋਗੀ ਕਾਰ ਤਿਆਰ ਕਰਵਾ ਦੇਵੇਗਾ.. ਬੈਂਕ ਚ ਪੈਸੇ ਟਰਾਂਸਫਰ ਕਰਵਾ ਲਏ, ਫੇਰ ਤੂੰ ਕੌਣ ਤੇ ਮੈਂ ਕੌਣ?
ਓਸ ਸ਼ਖਸ ਨੂੰ ਵੀ ਭਰਮ ਹੈ ਕਿ ‘ਕੱਲੀ ਤੀਮੀ ਹੈ ਕੀ ਕਰ ਲਊ?Êਪਰ ਇਹੀ ਤੀਮੀ ਸਿਰਜਕ ਹੈ, ਜੱਗ ਜਣਨੀ ਹੈ.. ਪਿਛਾਖੜੀ ਸੋਚ ਵਾਲੇ ਮਰਦ ਹਮੇਸ਼ਾ ਇਹ ਭੁੱਲ ਜਾਂਦੇ ਨੇ। ਪਰਮਿੰਦਰ ਨੇ ਪੁਲਿਸ ਕੇਸ ਕੀਤਾ, ਉਸ ਦੇ ਘਰ ਤੱਕ ਜਾ ਕੇ ਆਈ, ਤਾਂ ਉਹ ਸ਼ਖਸ ਗਲਤੀ ਮੰਨਣ ਦੀ ਬਜਾਏ ਇਲਜ਼ਾਮ ਲਾਉਣ ਲੱਗਿਆ ਕਿ ਇਹ ਜਨਾਨੀ ਤਾਂ ਨਸ਼ਾ ਵੇਚਦੀ ਹੈ..।  ਇਸ ਦਾ ਮੂੰਹ ਭੰਨਣ ਲਈ ਪਰਮਿੰਦਰ ਹੋਰ ਤਕੜੀ ਹੋ ਕੇ ਲੜਾਈ ਲੜ ਰਹੀ ਹੈ।
ਬਹੁਤੇ ਰਿਸ਼ਤੇਦਾਰ ਤੇ ਸਮਾਜ ਦੇ ਹੋਰ ਨਾਲ ਜੁੜੇ ਲੋਕ ਮਨ ਹਾਰਨ ਵਾਲੀਆਂ ਗੱਲਾਂ ਕਰਦੇ ਰਹੇ ਕਿ ਨਿੱਜ ਨੂੰ ਜੰਮੀ ਇਹ ਕੁੜੀ, ਜੀਹਤੋਂ ਆਪਣਾ ਆਪ ਵੀ ਲੈ ਕੇ ਤੁਰਿਆ ਨਹੀਂ ਜਾਂਦਾ, ਪਰ ਅੱਜ ਪਰਮਿੰਦਰ ਇਹਨਾਂ ਬੋਲਾਂ ਨੂੰ ਹਰਾਉਂਦੀ ਜਾਪਦੀ ਹੈ। ਉਹ ਆਖਦੀ ਹੈ ਕਿ ਅੱਜ ਬੱਚਿਆਂ ਨੂੰ ਮਾਪੇ ਕੌੜੇ ਲੱਗਣ ਲੱਗ ਪਏ, ਮੇਰਾ ਮਕਸਦ ਹੈ ਕਿ ਮੈਂ ਇਕ ਬ੍ਰਿਧ ਆਸ਼ਰਮ ਬਣਾਵਾਂ, ਜਿੱਥੇ ਦੁਰਕਾਰੇ ਮਾਪਿਆਂ ਨਾਲ ਬਾਕੀ ਜ਼ਿੰਦਗੀ ਕੱਟਾਂ..।