ਨਸ਼ਾ ਤਸਕਰੀ ਮਾਮਲੇ ਚ ਮਜੀਠੀਆ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ

-ਪੰਜਾਬੀਲੋਕ ਬਿਊਰੋ 
ਨਸ਼ਾ ਤਸਕਰੀ ਦੇ ਮਾਮਲੇ ਚ ਪੰਜਾਬ ਸਰਕਾਰ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਬਾਰੇ ਸੀਲਬੰਦ ਰਿਪੋਰਟ ਹਾਈਕੋਰਟ ਨੂੰ ਸੌਂਪੀ ਹੈ। ਐਸ ਟੀ ਐਫ ਚੀਫ ਹਰਪ੍ਰੀਤ ਸਿੱਧੂ ਵੱਲੋਂ ਮਜੀਠੀਆ ਖਿਲਾਫ ਪੇਸ਼ ਰਿਪੋਰਟ ਉੱਤੇ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਸੀਲਬੰਦ ਕਵਰ ਵਿੱਚ ਹਾਈਕੋਰਟ ਨੂੰ ਦਿੱਤੀ ਹੈ। ਗ੍ਰਹਿ ਸਕੱਤਰ ਨਿਰਮਲਜੀਤ ਸਿੰਘ ਕਲਸੀ ਤੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਇਹ ਰਿਪੋਰਟ ਦਿੱਤੀ ਗਈ ਹੈ। ਇਸ ਬਾਰੇ ਹਾਈਕੋਰਟ ਨੇ ਇਹ ਕਿਹਾ ਹੈ ਕਿ ਰਿਪੋਰਟ ਪੜਨ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾਵੇਗੀ।
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਇਸ ਡਰੱਗ ਮਾਮਲੇ ਵਿੱਚ ਇੱਕ ਹੋਰ ਰਿਪੋਰਟ ਦਿੱਤੀ ਗਈ ਹੈ। ਈ ਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨਾਂ ਨੂੰ ਇਸ ਰਿਪੋਰਟ ਬਾਰੇ ਕੁਝ ਵੀ ਪਤਾ ਨਹੀਂ ਤਾਂ ਈਡੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਰਾਬਤੇ ਦੀ ਘਾਟ ਕਰਕੇ ਸ਼ਾਇਦ ਨਿਰੰਜਨ ਸਿੰਘ ਨੂੰ ਇਸ ਰਿਪੋਰਟ ਬਾਰੇ ਨਹੀਂ ਪਤਾ ਲੱਗਿਆ।
ਇਸ ਤੋਂ ਇਲਾਵਾ ਪੰਜਾਬ ਵਿਜੀਲੈਂਸ ਵੱਲੋਂ ਵੀ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਖਿਲਾਫ ਚੱਲ ਰਹੀ ਕਾਰਵਾਈ ਦੀ ਸੀਲਬੰਦ ਰਿਪੋਰਟ ਪੇਸ਼ ਕੀਤੀ ਹੈ।
ਐਸ ਟੀ ਐਫ ਦੀ ਰਿਪੋਰਟ ਮਗਰੋਂ ਪੰਜਾਬ ਦੀ ਸਿਆਸਤ ਇਕ ਵਾਰ ਫੇਰ ਗਰਮਾਅ ਗਈ ਹੈ,  ਆਪ ਦੇ ਸੰਜੇ ਸਿੰਘ ਨੇ ਹੱਲਾ ਬੋਲਦਿਆਂ ਕਿਹਾ ਹੈ ਕਿ ਮਜੀਠੀਆ ਨਸ਼ੇ ਦਾ ਤਸਕਰ ਹੈ, ਜਿਸ ਦੀ ਪੁਸ਼ਤਪਨਾਹੀ ਹੇਠ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਚ ਫਸ ਗਈ।