ਦੋ ਜੁਆਕਡ਼ੀਆਂ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ

-ਪੰਜਾਬੀਲੋਕ ਬਿਊਰੋ

ਲੰਘੇ ਦਿਨੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਅਵਾਰਾ ਸਾਨ੍ਹ ਨੇ ਮੂਹਰੇ ਲਾ ਲਿਆ ਸੀ ਤਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਵਾਸੀਆਂ ਨੂੰ ਆਸ ਹੋਈ ਸੀ ਕਿ ਸ਼ਾਇਦ ਪ੍ਰਸ਼ਾਸਨ ਅਵਾਰਾ ਪਸ਼ੂਆਂ ਤੋਂ ਹੁੰਦੀ ਸਮੱਸਿਆ ਨੂੰ ਹੁਣ ਸਮਝ ਜਾਏ ਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰੇ, ਪਰ ਸਿਰਫ ਉਹੀ ਸਾਨ੍ਹ ਫਡ਼ਿਆ ਜੀਹਨੇ ਕਾਂਡ ਕੀਤਾ ਸੀ, ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਨੇ, ਅਵਾਰਾ ਕੁੱਤਿਆਂ ਦਾ ਜਲੰਧਰ ਚ ਇਕ ਨੇਤਾ ਜੀ ਤੇ ਹਮਲਾ ਹੋ ਚੁਕਿਆ ਹੈ, ਪਰ ਫੇਰ ਵੀ ਸਰਕਾਰਾਂ ਨਹੀਂ ਜਾਗੀਆਂ, ਸੰਗਰੂਰ ਦੇ ਪਿੰਡ ਭਿੰਡਰਾਂ ਚ ਮਜ਼ਦੂਰ ਪਰਿਵਾਰ ਦਾ ਘਰ ਹੱਡਾਰੋਡ਼ੀ ਦੇ ਕੋਲ ਪੈਂਦਾ ਹੈ, ਉਹ ਕੱਲ ਮਜ਼ਦੂਰੀ ਕਰਨ ਗਏ ਸੀ ਤੇ ਉਹਨਾਂ ਦੀ 5 ਸਾਲਾ ਬੱਚੀ ਘਰੇ ਦਾਦਾ ਦਾਦੀ ਕੋਲ ਸੀ, ਅਚਾਨਕ ਖੇਡਦੀ ਹੋਈ ਘਰੋਂ ਬਾਹਰ ਨਿਕਲੀ ਤਾਂ ਅਵਾਰਾ ਕੁੱਤੇ ਬੱਚੀ ਨੂੰ ਧੂਹ ਕੇ ਨਾਲ ਲੱਗਦੇ ਖੇਤਾਂ ਚ ਲੈ ਗਏ, ਨੋਚਣ ਲੱਗੇ, ਬੱਚੀ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ, ਕੁੱਤਿਆਂ ਨੂੰ ਬਡ਼ੀ ਮੁਸ਼ਕਲ ਨਾਲ ਭਜਾਇਆ, ਤੇ ਬੱਚੀ ਨੂੰ ਹਸਪਤਾਲ ਦਾਖਲ ਕਰਾਇਆ, ਪਰ ਨੰਨੀ ਜਾਨ ਪ੍ਰਸ਼ਾਸਨ ਦੀ ਢੀਠਤਾਈ ਤੇ ਸਰਕਾਰਾਂ ਦੀ ਨਲਾਇਕੀ ਦੀ ਭੇਟ ਚਡ਼ ਗਈ।

ਇਕੱਲੇ ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਪਾਈ ਜਾ ਰਹੀ ਹੈ, ਯੂਪੀ ਦੇ ਸੀਤਾਪੁਰ ਵਿੱਚ ਕੁਝ ਬੱਚੇ ਅੰਬਾਂ ਦੇ ਬਾਗ ਵਿੱਚ ਗਏ ਤਾਂ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਇਕ 8 ਕੁ ਸਾਲ ਦੀ ਬੱਚੀ ਕੁਤਿਆਂ ਦੇ ਘੇਰੇ ਚ ਆ ਗਈ ਤਾਂ ਕੁੱਤਿਆਂ ਨੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ੧੩ ਬੱਚੇ ਕੁਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਚੁੱਕੇ ਨੇ, ਪ੍ਰਸ਼ਾਸਨ ਤੱਕ ਬਹੁਤ ਵਾਰ ਇਹ ਮਸਲਾ ਲਿਜਾਇਆ ਗਿਆ ਪਰ ਕਾਰਵਾਈ ਕੋਈ ਨਹੀਂ ਹੋ ਰਹੀ, ਜੇ ਕੋਈ ਆਮ ਸ਼ਖਸ ਕੁੱਤਾ ਮਾਰ ਦਿੰਦਾ ਹੈ ਤਾਂ ਉਲਟਾ ਪਸ਼ੂ ਪ੍ਰੇਮੀ ਉਸੇ ਤੇ ਹੀ ਕੇਸ ਦਰਜ ਕਰਵਾ ਦਿੰਦੇ ਨੇ।