ਨਰਾਇਣ ਦਾਸ ਖਿਲਾਫ ਸਿੱਖ ਸੰਗਤ 295 ਏ ਦਾ ਕੇਸ ਦਰਜ ਕਰਾਏ

ਗੁਰੂ ਅਰਜਨ ਦੇਵ ਜੀ ਪ੍ਰਤੀ ਵਰਤੀ ਸੀ ਇਤਰਾਜ਼ਯੋਗ ਭਾਸ਼ਾ 
-ਪੰਜਾਬੀਲੋਕ ਬਿਊਰੋ
ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਨਰਾਇਣ ਦਾਸ ਦੇ ਮਾਮਲੇ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੂਹ ਸਿੱਖ ਸੰਗਠਨਾਂ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਹੋਰ ਧਾਰਮਿਕ ਸਭਾਵਾਂ ਦੇ ਪ੍ਰਬੰਧਕਾਂ ਨੂੰ 295 ਏ ਤਹਿਤ ਮਾਮਲੇ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਨੇ। ਜਥੇਦਾਰ ਨੇ ਕਿਹਾ ਕਿ ਸਿੱਖ ਸੰਗਤ ਆਪਣੇ ਗੁਰੂ ਲਈ ਆਪਣਾ ਸਿਰ ਵੀ ਕਟਾ ਸਕਦੀ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ, ਜਿਹਨਾਂ ਦੀ ਬਾਣੀ ਨੂੰ ਲੈ ਕੇ ਨਰਾਇਣ ਦਾਸ ਨੇ ਕਿੰਤੂ ਪ੍ਰੰਤੂ ਕੀਤਾ ਹੈ, ਤੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ। ਜਥੇਦਾਰ ਨੇ ਸਰਕਾਰ ਨੂੰ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇ, ਨਹੀਂ ਤਾਂ ਭਿਆਨਕ ਨਤੀਜੇ ਨਿਕਲਣਗੇ।
ਨਿਊਜ਼ੀਲੈਂਡ ਦੇ ਇਕ ਪੰਜਾਬੀ ਰੇਡੀਓ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਨੂੰ ਗੁਰੂ ਸਾਹਿਬਾਨ, ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਖਿਲਾਫ ਕਥਿਤ ਗਲਤ ਟਿਪਣੀਆਂ ਕਰਨ ਦੇ ਮਾਮਲੇ ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ। ਸਪੱਸ਼ਟੀਕਰਨ ਦੇਣ ਲਈ 10 ਦਿਨ ਦਾ ਵਕਤ ਦਿੱਤਾ ਹੈ। ਸਿੱਖ ਭਾਈਚਾਰਾ 20 ਮਈ ਨੂੰ ਦੁਪਹਿਰੇ 2 ਵਜੇ ਨਿਊਜ਼ੀਲੈਂਡ ਵਿੱਚ ਰੇਡੀਓ ਸਟੇਸ਼ਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਵੀ ਕਰੇਗਾ।