• Home »
  • ਖਬਰਾਂ
  • » 24 ਘੰਟਿਆਂ ਚ 6 ਕਿਸਾਨਾਂ ਨੂੰ ਨਿਗਲ ਗਿਆ ਕਰਜ਼ਾ

24 ਘੰਟਿਆਂ ਚ 6 ਕਿਸਾਨਾਂ ਨੂੰ ਨਿਗਲ ਗਿਆ ਕਰਜ਼ਾ

ਪੰਜਾਬੀਲੋਕ ਬਿਊਰੋ
ਇੱਕ ਪਾਸੇ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵੱਡੇ-ਵੱਡੇ ਸਮਾਗਮਾਂ ਤੋਂ ਬਾਅਦ ਜ਼ਿਲਾ ਪੱਧਰੀ ਸਮਾਗਮਾਂ ਤਕ ਪਹੁੰਚ ਗਈ ਹੈ ਤੇ ਦੂਜੇ ਪਾਸੇ ਕਰਜ਼ੇ ਦਾ ਸੰਤਾਪ ਹੰਢਾ ਰਿਹਾ ਕਿਸਾਨ ਹਰ ਦਿਨ ਮੌਤ ਨੂੰ ਗਲ਼ ਲਾ ਰਿਹਾ ਹੈ। ਬੀਤੇ 25 ਘੰਟਿਆਂ ਵਿੱਚ ਛੇ ਕਿਸਾਨਾਂ ਨੇ ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਲਈ
ਇਹਨਾਂ ਵਿੱਚ ਇਕ ਸੰਗਰੂਰ ਜ਼ਿਲੇ ਦਾ ਤੇ ਪੰਜ ਬਠਿੰਡਾ ਜ਼ਿਲੇ ਦੇ ਜ ਕਿਸਾਨ ਹਨ।
24 ਘੰਟਿਆਂ ਦੌਰਾਨ 6 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ‘ਤੇ ਚਿੰਤਾ ਜ਼ਾਹਰ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਨਹੀਂ ਤਾਂ ਲੋਕਾਂ ਤੋਂ ਮੁਆਫੀ ਮੰਗਣ। ਖਹਿਰਾ ਨੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਤਿੰਨ ਦਿਨ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਅਪੀਲ ਵੀ ਕੀਤੀ ਹੈ।
ਇਸ ਮੁੱਦੇ ‘ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਦੇ 14 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਭ ਤੋਂ ਵੱਡਾ ਚੋਣ ਵਾਅਦਾ ਕਿਸਾਨ ਕਰਜ਼ ਮਾਫੀ ਪੂਰਾ ਨਹੀਂ ਹੋਇਆ। ਬੈਂਸ ਨੇ ਕਿਹਾ ਕਿ ਤ੍ਰਾਸਦੀ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਬੈਂਕਾਂ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤੇ ਜਾਣ ‘ਤੇ ਨਕੇਲ ਕੱਸੇ।
ਵਿਧਾਇਕ ਬੈਂਸ ਨੇ ਆਰਐਸਐਸ ਵੱਲੋਂ ਸਿੱਖ ਗੁਰੂਆਂ ਬਾਰੇ ਗ਼ਲਤ ਜਾਣਕਾਰੀ ਦਿੱਤੇ ਜਾਣ ‘ਤੇ ਕਿਹਾ ਕਿ ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਸ਼ਟਰ ਸਰਕਾਰ ਨਾਲ ਚਿੱਠੀ-ਪੱਤਰੀ ਕਰਨ ਨਾਲੋਂ ਅਕਾਲੀ ਦਲ ਬਾਦਲ ਵਲੋਂ ਬੀਜੇਪੀ ਨਾਲੋਂ  ਗੱਠਜੋੜ ਤੋੜ ਲੈਣਾ ਚਾਹੀਦਾ ਹੈ।
ਫਿਰੋਜ਼ਪੁਰ ਚ ਸੁਖਪਾਲ ਖਹਿਰਾ ਨਾਲ ਬਦਸਲੂਕੀ ਹੋਣ ਦੀ ਨਿਖੇਧੀ ਕਰਦਿਆਂ ਬੈਂਸ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ 10 ਸਾਲ ਗੁੰਡਾਗਰਦੀ ਕੀਤੀ , ਹੁਣ ਕਾਂਗਰਸ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।

ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਬੈਂਕਾਂ ਦਾ ਸਿਰਫ ਦੋ ਲੱਖ ਰੁਪਏ ਮਾਫ ਹੋਏਗਾ ਤੇ ਬਾਕੀ ਰਕਮ ਤਾਰਨੀ ਹੀ ਪਏਗੀ। ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਜਦੋਂ ਕਿਸਾਨਾਂ ਕੋਲ ਆ ਰਹੇ ਬੈਂਕਾਂ ਦੇ ਨੋਟਿਸਾਂ ਬਾਰੇ ਪੁੱਛਿਆ ਤਾਂ ਉਨਾਂ ਇਸ ਬਾਰੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਤਾਂ ਸਿਰਫ ਦੋ ਲੱਖ ਰੁਪਏ ਮਾਫ ਕਰੇਗੀ। ਅਰੋੜਾ ਨੇ ਕਿਹਾ ਕਿ ਕਾਂਗਰਸ ਵੱਲੋਂ ਕਰਜ਼ਾ ਮਾਫੀ ਰਾਹੀਂ ਕਿਸਾਨਾਂ ਨੂੰ ਆਤਮ-ਹੱਤਿਆ ਨਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਹਿਕਾਰੀ ਬੈਂਕਾਂ ਤੋਂ ਬਾਅਦ ਛੇਤੀ ਹੀ ਨੈਸ਼ਨਲ ਬੈਂਕਾਂ ਨਾਲ ਜੁੜੇ ਕਰਜ਼ ਵੀ ਮਾਫ਼ ਕੀਤੇ ਜਾਣਗੇ। ਉਹ ਰਕਮ ਵੀ ਦੋ ਲੱਖ ਰੁਪਏ ਤੱਕ ਹੀ ਹੋਏਗੀ।