ਨਸ਼ੇ ਦੀ ਓਵਰਡੋਜ਼ ਨਾਲ ਦੋ ਭਰਾਵਾਂ ਦੀ ਮੌਤ

ਪੰਜਾਬੀਲੋਕ ਬਿਊਰੋ
ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਕੱਲ 26 ਤੇ 21 ਸਾਲ ਦੇ ਦੋ ਰਿਸ਼ਤੇਦਾਰ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਦੋਵਾਂ ਦੀ ਮੌਤ ਹੋ ਗਈ। ਦੋਵੇਂ ਇਕ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਨਿਕਲੇ, ਇਕ ਖਾਲੀ ਪਲਾਟ ਚ ਬੈਠ ਕੇ ਨਸ਼ਾ ਕਰਨ ਲੱਗੇ, ਜਿਸ ਜਗਾ ਤੋਂ ਉਹ ਬੇਹੋਸ਼ ਮਿਲੇ ਉਥੇ ਦੋ ਪੈਕੇਟ, ਦੋ ਸਰਿੰਜਾਂ, ਚਮਚ ਤੇ ਪਾਣੀ ਦੀ ਬੋਤਲ ਮਿਲੇ। ਇਕ ਨੌਜਵਾਨ ਦੇ ਹੱਥ ਚ ਪੰਜਾਹ ਦਾ ਨੋਟ ਤੇ ਸਮੈਕ ਪੀਣ ਵਾਲਾ ਕਾਗਜ਼ ਫੜਿਆ ਹੋਇਆ ਸੀ। ਪਰਿਵਾਰ ਨੂੰ ਜਿਉਂ ਹੀ ਦੋਵਾਂ ਦੇ ਬੇਹੋਸ਼ ਪਏ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਘਰ ਲੈ ਗਏ, ਪਰਿਵਾਰਕ ਡਾਕਟਰ ਦੇ ਵਾਰ ਵਾਰ ਕਹਿਣ ‘ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਇਲਾਕੇ ਚ ਨਸ਼ੇ ਨਾਲ 6 ਦਿਨਾਂ ਚ ਚਾਰ ਮੌਤਾਂ ਹੋਈਆਂ ਨੇ, ਲੋਕ ਸਰੇਆਮ ਕਹਿੰਦੇ ਨੇ ਕਿ ਜਲੰਧਰ ਦੇ ਗੁਲਾਬ ਦੇਵੀ ਇਲਾਕੇ ਚ ਨਸ਼ਾ ਆਮ ਹੀ ਵਿਕਦਾ ਹੈ, ਰਤਨ ਨਗਰ ਚ ਇਕ ਦੁਕਾਨਦਾਰ ਖੁੱਲੇਆਮ ਨਸ਼ਾ ਵੇਚਦਾ ਹੈ, ਕਈ ਕੇਸ ਦਰਜ ਨੇ, ਪਰ ਫੇਰ ਵੀ ਕਾਰੋਬਾਰ ਜਾਰੀ ਹੈ। ਲੋਕ ਨਿਰਾਸ਼ ਹੋਏ ਆਖਦੇ ਨੇ ਕਿ ਇਥੇ ਨੌਜਵਾਨ ਨਸ਼ੇ ਕਰਕੇ ਜਾਨਾਂ ਗਵਾ ਰਹੇ ਨੇ ਤੇ ਸਾਡੀ ਪੁਲਿਸ ਇਕ ਐਸ ਐਚ ਓ ਦੇ ਮਗਰ ਪਈ ਹੈ। ਹੁਣ ਵੀ ਜੇ ਮ੍ਰਿਤਕਾਂ ਦੇ ਫੋਨ ਕਾਲ ਦੀ ਜਾਂਚ ਹੋਵੇ ਤਾਂ ਨਸ਼ਾ ਵੇਚਣ ਵਾਲਿਆਂ ਬਾਰੇ ਕੋਈ ਨਾ ਕੋਈ ਸੁਰਾਗ ਮਿਲ ਸਕਦਾ ਹੈ। ਪਰ ਪੁਲਿਸ ਨੇ ਸਿਰਫ ਜਾਂਚ ਕਰਾਂਗੇ ਦਾ ਕਹਿ ਕੇ ਪੱਲਾ ਛੁਡਾ ਲਿਆ ਹੈ।