ਦਲਿਤ-ਹਿੰਦੂ ਸੰਗਠਨਾਂ ਚ ਸੰਘਰਸ਼, 4 ਜ਼ਿਲਿਆਂ ਚ ਇੰਟਰਨੈਟ ਸੇਵਾ ਬੰਦ

ਫਗਵਾੜਾ ਦੇ ਗੋਲ ਚੌਕ ‘ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਸ਼ਿਵਸੈਨਾ ਅਤੇ ਦਲਿਤ ਸੰਗਠਨਾਂ ‘ਚ ਹੋਏ ਹਿੰਸਕ ਸੰਘਰਸ਼ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਫਗਵਾੜਾ ‘ਚ ਹਾਲਾਤ ਅਜੇ ਵੀ ਕਰਫਿਊ ਵਰਗੇ ਬਣੇ ਹੋਏ ਹਨ। ਭਾਰੀ ਗਿਣਤੀ ‘ਚ ਇਥੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 4 ਜ਼ਿਲੇ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ‘ਚ ਅਗਲੇ 24 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।