ਬਾਈਬਲ ਦੀ ਬੇਅਦਬੀ ਪਿੱਛੇ ਪਿੰਡ ਵਾਸੀਆਂ ਦਾ ਹੱਥ?

-ਪੰਜਾਬੀਲੋਕ ਬਿਊਰੋ

ਬਟਾਲਾ ਦੇ ਪਿੰਡ ਕਲੇਰ ਕਲਾਂ ਵਿੱਚ ਪਵਿੱਤਰ ਬਾਈਬਲ ਦੀ ਬੇਅਦਬੀ  ਦੀ ਘਟਨਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਹੌਲ ਹੈ, ਘਟਨਾ ਨੂੰ ਅੰਜਾਮ ਦੇਣ ਦਾ ਇਲਜ਼ਾਮ ਇਸੇ ਪਿੰਡ ਦੇ ਵਾਸੀਆਂ ਉੱਪਰ ਲੱਗ ਰਿਹਾ ਹੈ। ਪੁਲਿਸ ਨੇ ਇਸ ਸਬੰਧੀ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਪਿੰਡ ਕਲੇਰ ਕਲਾਂ ਦੇ ਰਹਿਣ ਵਾਲੇ ਇੱਕ ਚਸ਼ਮਦੀਦ ਮੁਤਾਬਕ ਸ਼ਨੀਵਾਰ ਅੱਧੀ ਰਾਤ ਇਸੇ ਪਿੰਡ ਦਾ ਰਹਿਣ ਵਾਲਾ ਤਰਸੇਮ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਸ ਕਮਰੇ ਵਿੱਚ ਗਿਆ, ਜਿੱਥੇ ਪਵਿੱਤਰ ਬਾਈਬਲ ਸਮੇਤ ਹੋਰ ਸਾਹਿਤ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਪਵਿੱਤਰ ਬਾਈਬਲ ਸਮੇਤ ਦੂਜੇ ਸਾਹਿਤ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਤੇ ਦੌੜ ਗਏ।ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਲੋਕ ਆਪਣੇ ਘਰ ਵਿੱਚ ਦਾਖ਼ਲ ਹੋ ਗਏ ਤੇ ਅੰਦਰ ਜਾ ਕੇ ਪਿੱਛਾ ਕਰਨ ਵਾਲਿਆਂ ‘ਤੇ ਇੱਟਾਂ ਰੋੜੇ ਵਰ੍ਹਾਉਣ ਲੱਗ ਪਏ। ਪਿੰਡ ਵਾਲਿਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।ਬਟਾਲਾ ਦੇ ਡੀ.ਐਸ.ਪੀ. ਸੁੱਚਾ ਸਿੰਘ ਬੱਲ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਪਿੰਡ ਕਲੇਰ ਕਲਾਂ ਦੇ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਤਰਸੇਮ ਸਿੰਘ ਤੇ ਉਸ ਦੇ ਪੰਜ ਹੋਰ ਸਾਥੀਆਂ ਖਿਲਾਫ਼ ਥਾਣਾ ਸੇਖਵਾਂ ਵਿੱਚ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।