ਨਾਨਕ ਸ਼ਾਹ ਫਕੀਰ ਫਿਲਮ ਸੰਬੰਧੀ 12 ਨੂੰ ਿਸੰਘ ਸਾਹਿਬਾਨ ਦੀ ਮੀਟਿੰਗ

-ਪੰਜਾਬੀਲੋਕ ਿਬਊਰੋ

ਸੁਪਰੀਮ ਕੋਰਟ ਵਲੋਂ ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਫੈਸਲਾ ਸੁਨਾਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ ਗਿਆ ਹੈ। ਜਿਸ ਦੇ ਚੱਲਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 12 ਅਪ੍ਰੈਲ  ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਤੋਂ ਬਾਅਦ ਇਸ ਸੰਬੰਧੀ ਅਗਲੀ ਰਣਨੀਤੀ ਉਲੀਕੀ ਜਾਵੇਗੀ।  ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਾ ਦੋਹਰਾ ਸਟੈਂਡ ਨਜ਼ਰ ਆਇਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਕੇ ਫਿਰ ਪੈਰ ਪਿਛਾਂਹ ਖਿੱਚ ਲਏ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 10 ਅਪਰੈਲ ਨੂੰ ਪਹਿਲਾਂ ਫਿਲਮ ‘ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਤੇ ਸ਼ਾਮ ਨੂੰ ਵਾਪਸ ਲੈ ਲਏ। ਉਧਰ, ਸੁਪਰੀਮ ਕੋਰਟ ਨੇ 13 ਅਪਰੈਲ ਨੂੰ ਫਿਲਮ ਰਿਲੀਜ਼ ਕਰਨ ਦਾ ਰਾਹ ਸਾਫ਼ ਕਰ ਦਿੱਤਾ ਹੈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਮਗਰੋਂ ਸਰਕਾਰ ਨੇ ਯੂ ਟਰਨ ਲੈਂਦਿਆਂ ਫ਼ਿਲਮ ਦੇ ਮੁੱਦੇ ’ਤੇ ਦਖ਼ਲ ਨਾ ਦੇਣ ਦਾ ਫ਼ੈਸਲਾ ਕਰ ਲਿਆ। ਸਰਕਾਰ ਦਾ ਦਾਅਵਾ ਹੈ ਕਿ ਫ਼ਿਲਮ ਨਿਰਮਾਤਾ ਨੇ ਹੀ ਸੂਬੇ ਵਿੱਚ ਫ਼ਿਲਮ ਨੂੰ ਰਿਲੀਜ਼ ਨਾ ਕਰਨ ਦਾ ਨਿਰਣਾ ਕੀਤਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਸਰਕਾਰ ਦਾ ਵੀ ਫਿਲਮ ਬਾਰੇ ਕੋਈ ਸਪਸ਼ਟ ਸਟੈਂਡ ਨਜ਼ਰ ਨਹੀਂ ਆ ਰਿਹਾ।