ਨਸ਼ੇ ਦੇ ਮੁੱਦੇ ਤੇ ਖਹਿਰਾ ਨੇ ਲਿਖੀ ਕੈਪਟਨ ਨੂੰ ਚਿੱਠੀ

-ਪੰਜਾਬੀਲੋਕ ਬਿਊਰੋ

ਨਸ਼ੇ ਦੇ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ  ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ? ਜਦੋਂਕਿ ਹੁਣ ਤਾਂ ਕੈਪਟਨ ਸਰਕਾਰ ਵੱਲੋਂ ਜਾਂਚ ਲਈ ਬਣਾਈ ਐਸਟੀਐਫ ਦੀ ਰਿਪੋਰਟ ਵੀ ਕਹਿੰਦੀ ਹੈ ਕਿ ਮਜੀਠੀਆ ਡਰੱਗ ਮਾਮਲੇ ਵਿੱਚ ਤਸਕਰਾਂ ਦੀ ਮੱਦਦ ਕਰਦਾ ਸੀ। ਇਸੇ ਤਰ੍ਹਾਂ ਡਰੱਗ ਮਸਲੇ ‘ਚ ਘਿਰੇ ਡੀਜੀਪੀਜ਼ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਖਹਿਰਾ ਨੇ ਪੁੱਛਿਆ ਪੁਲਿਸ ਅਫਸਰਾਂ ਇੰਦਰਜੀਤ ਤੇ ਰਾਜਜੀਤ ਤੋਂ ਬਾਅਦ ਅੱਗੇ ਜਾਂਚ ਕਿਉਂ ਨਹੀਂ ਹੋਈ? ਕੈਪਟਨ ਤਾਕਤਵਰ ਸਿਆਸਤਦਾਨਾਂ ਤੇ ਪੁਲਿਸ ਅਫਸਰਾਂ ਵਾਲੇ ਮਾਮਲੇ ਵਿੱਚ ਦੋਗਲਾਪਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਡਰੱਗ ‘ਤੇ ਨਕੇਲ ਕੱਸ ਰਹੇ ADGP ਹਰਪ੍ਰੀਤ ਸਿੱਧੂ ਦੇ ਪਰ ਕੁਤਰੇ ਗਏ ਹਨ।ਖਹਿਰਾ ਨੇ ਕਿਹਾ ਕਿ ਕੈਪਟਨ ਦੁਬਾਰਾ ਸਹੁੰ ਖਾਣ ਕਿ  ਉਹ ਸਹੁੰ ਝੂਠੀ ਸੀ ਤੇ ਹੁਣ ਡਰੱਗ ਖਿਲਾਫ ਕੰਮ ਕਰਨਗੇ।ਇਸ ਮਸਲੇ ‘ਤੇ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗੀ।ਅਕਾਲੀ ਦਲ ਤੇ ਕੈਪਟਨ ਦਰਮਿਆਨ ਗੰਢਤੁੱਪ ਦਾ ਇਲਜ਼ਾਮ ਲਾਉਂਦੇ ਖਹਿਰਾ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਸੁਖਬੀਰ ਬਾਦਲ ਇਸ ਮਾਮਲੇ ਵਿੱਚ ਹਾਲੇ ਤਕ ਕੁਝ ਨਹੀਂ ਬੋਲੇ। ਸੁਰੇਸ਼ ਅਰੋੜਾ ਅਕਾਲੀ ਦਲ ਤੇ ਕਾਂਗਰਸ ਦਾ ਸਾਂਝਾ ਡੀਜੀਪੀ ਹੈ। ਇਸੇ ਲਈ ਸੁਖਬੀਰ ਨੇ ਇੱਕ ਸ਼ਬਦ ਉਨ੍ਹਾਂ ਖਿਲਾਫ ਨਹੀਂ ਬੋਲਿਆ।ਹਾਈਪ੍ਰੋਫਾਈਲ ਡਰੱਗ ਕੇਸਾਂ ਵਿੱਚ  ਕੈਪਟਨ ਦੀ ਖਾਮੋਸ਼ੀ ‘ਤੇ ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤਕ ਸਵਾਲ ਉੱਠ ਰਹੇ ਹਨ ਕਿ ਆਖ਼ਰ ਵੱਡੇ ਅਫ਼ਸਰਾਂ ਤੇ ਨੇਤਾਵਾਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਬਾਰੇ ਰਿਪੋਰਟ ਆਉਣ ਤੋਂ ਬਾਅਦ ਵੀ ਕੈਪਟਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ? ਨਸ਼ਾ ਤਸਕਰੀ ਵਿੱਚ ਸ਼ਾਮਲ ‘ਵੱਡੇ ਬੰਦਿਆਂ’ ‘ਤੇ ਕਾਰਵਾਈ ਕਰਨ ਦੀ ਥਾਂ ਕੈਪਟਨ ਉਨ੍ਹਾਂ ਪੁਲਿਸ ਅਫ਼ਸਰਾਂ ਦੇ ਖੰਭ ਕੁਤਰਨ ਵਿੱਚ ਲੱਗੇ ਹੋਏ ਹਨ ਜੋ ਨਸ਼ਿਆਂ ਵਿੱਚ ਲੱਗੇ ਹੋਏ ਰਸੂਖਵਾਨਾਂ ‘ਤੇ ਸ਼ਿਕੰਜਾ ਕਸ ਰਹੇ ਹਨ। ਐਸਟੀਐਫ ਚੀਫ਼ ਨੂੰ ਮਜੀਠੀਆ ਵਿਰੁੱਧ ਰਿਪੋਰਟ ਦੇਣ ਤੋਂ ਬਾਅਦ ਕਮਜ਼ੋਰ ਕੀਤਾ ਗਿਆ, ਉਨ੍ਹਾਂ ਦੀ ਤਾਕਤ ਘਟਾ ਦਿੱਤੀ ਗਈ।ਉਧਰ ਡੀ.ਜੀ.ਪੀਜ਼. ਦੇ ਝਗੜੇ ਨੂੰ ਮਿਟਾਉਣ ਲਈ ਕੈਪਟਨ  ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਮਿਲ ਰਹੇ ਹਨ। ਮੌਜੂਦਾ ਹਾਲਾਤ ਵਿੱਚ ਕੈਪਟਨ ਦੀ ਕਪਤਾਨੀ ‘ਤੇ ਸਵਾਲ ਉੱਠ ਰਹੇ ਹਨ ਕਿ ਉਹ ਜਿਵੇਂ ਕਹਿੰਦੇ ਹਨ, ਉਵੇਂ ਕਰਦੇ ਨਹੀਂ ਹਨ। ਜੋ ਉਹ ਕਰ ਰਹੇ ਹਨ, ਉਸ ਦੀ ਉਮੀਦ ਨਾ ਪੁਲਿਸ ਨੂੰ ਸੀ ਤੇ ਨਾ ਹੀ ਪੰਜਾਬ ਦੀ ਸਿਆਸਤ ਨੂੰ।ਪੰਜਾਬ ‘ਚ ਚੱਲ ਰਹੀ ਪੁਲਿਸ ਦੀ ਖਾਨਾਜੰਗੀ ‘ਤੇ ਐਕਸ਼ਨ ਲੈਂਦਿਆਂ ਮੁੱਖ ਮੰਤਰੀ  ਵੱਲੋਂ ਬਣਾਈ ਗਈ ਕਮੇਟੀ ਵਿੱਚੋਂ ਡੀਜੀਪੀ ਸੁਰੇਸ਼ ਅਰੋੜਾ ਨੇ ਪੈਰ ਪਿਛਾਂਹ ਖਿੱਚ ਲਏ ਹਨ। ਅਰੋੜਾ ਨੇ ਆਪਣਾ ਨਾਮ ਵਾਪਸ ਲੈਣ ਲਈ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਨੂੰ ਕੈਪਟਨ ਨੇ ਮੰਨ ਲਿਆ।ਤੇ ਅਰੋੜਾ ਦੀ ਜਗ੍ਹਾ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਨਿਯੁਕਤ ਕੀਤਾ ਹੈ।ਮੁੱਖ ਮੰਤਰੀ ਨੇ ਇਹ ਪੈਨਲ ਪੰਜਾਬ ਪੁਲਿਸ ‘ਚ ਹੋਈ ਅਨੁਸ਼ਾਸ਼ਨਹੀਣਤਾ ਦੀ ਜਾਂਚ ਕਰਨ ਲਈ ਬਣਾਇਆ ਪਰ ਜਿਸ ਡੀਜੀਪੀ ‘ਤੇ ਇਲਜ਼ਾਮ ਲੱਗੇ ਸੀ, ਉਸ ਨੂੰ ਹੀ ਜਾਂਚ ਕਮੇਟੀ ਦਾ ਹਿੱਸਾ ਬਣਾਇਆ ਸੀ।