• Home »
  • ਸਿਆਸਤ
  • ਖਬਰਾਂ
  • » ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਪਾਣੀ ਵਾਲੀ ਟੈਂਕੀ ‘ਤੇ ਪੈਟਰੋਲ ਦੀਆਂ ਬੋਤਲਾਂ ਭਰ ਕੇ ਚੜ ਗਏ

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਪਾਣੀ ਵਾਲੀ ਟੈਂਕੀ ‘ਤੇ ਪੈਟਰੋਲ ਦੀਆਂ ਬੋਤਲਾਂ ਭਰ ਕੇ ਚੜ ਗਏ

-ਪੰਜਾਬੀਲੋਕ ਬਿਊਰੋ
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਗਰੂਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚਲੀ ਪਾਣੀ ਵਾਲੀ ਟੈਂਕੀ ‘ਤੇ ਪੈਟਰੋਲ ਦੀਆਂ ਬੋਤਲਾਂ ਭਰ ਕੇ ਚੜ ਗਏ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਾਣਕਾਰੀ ਅਨੁਸਾਰ ਮੰਗਾਂ ਸਬੰਧੀ ਫ੍ਰੀਡਮ ਫਾਈਟਰਜ਼ ਉਤਰਾਧਿਕਾਰੀ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਸੰਗਰੂਰ ਵਿਖੇ ਰੱਖੀ ਹੋਈ ਸੀ। ਮੀਟਿੰਗ ਦੇ  ਚਲਦਿਆਂ ਜਥੇਬੰਦੀ ਦੇ ਚਾਰ ਆਗੂ ਜਿਨ੍ਹਾਂ ‘ਚ ਲਾਭ ਸਿੰਘ ਭਾਠੂਆਂ, ਸਿਆਸਤ ਸਿੰਘ, ਕੁਲਵੰਤ ਸਿੰਘ ਤੇ ਜਸਵੰਤ ਸਿੰਘ ਅਚਾਨਕ ਪੈਟਰੋਲ ਦੀਆਂ ਬੋਤਲਾਂ ਭਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚਲੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ•ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਟੀਮ ਵੀ ਮੌਕੇ ਤੇ ਪੁੱਜ ਗਈ ਤੇ ਜਥੇਬੰਦੀ ਦੇ ਬਾਕੀ ਮੈਂਬਰਾਂ ਨੇ ਟੈਂਕੀ ਹੇਠਾ ਧਰਨਾ ਆਰੰਭ ਕਰ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਬਾਅਦ ਦੁਪਹਿਰ ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਤੇ ਸੰਗਰੂਰ ਦੇ ਹਲਕਾ ਪ੍ਰਧਾਨ ਦਿਨੇਸ਼ ਬਾਂਸਲ ਵੀ ਧਰਨਾਕਾਰੀਆਂ ਦੀ ਹਮਾਇਤ ‘ਤੇ ਆ ਗਏ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੇ ਆ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਦ ‘ਤੇ ਅੜੇ ਰਹੇ।
ਇਸ ਮੌਕੇ ਆਜ਼ਾਦੀ ਘੁਲਾਟੀਆ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਉਤਰਾਖੰਡ ਸਰਕਾਰ ਵੱਲੋਂ ਦਿੱਤੀ ਪੈਨਸ਼ਨ ਵਾਂਗ ਪੰਜਾਬ ‘ਚ ਵੀ ਪੈਨਸ਼ਨ ਲਾਗੂ ਕੀਤੀ ਜਾਵੇ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਬੱਚਿਆਂ ਦਾ ਪੜ੍ਹਾਈ ਅਤੇ ਨੌਕਰੀਆਂ ਦਾ ਕੋਟਾ 1 ਫੀਸਦੀ ਤੋਂ ਵਧਾ ਕੇ 5 ਫੀਸਦੀ ਕੀਤਾ ਜਾਵੇ, ਸਾਰੇ ਜ਼ਿਲਾ ਹੈਡ ਕੁਆਰਟਰਾਂ ਤੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਕੀਤੇ ਜਾਣ, ਜ਼ਿਲਾ ਪੱਧਰੀ ਤੇ ਪ੍ਰਬੰਧਕੀ ਕਮੇਟੀ ‘ਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ, ਫਰੀਡਮ ਫਾਇਟਰਜ਼ ਅਤੇ ਵਾਰਸਾਂ ਨੂੰ ਸਿਹਤ ਤੇ ਸਿੱਖਿਆ ਮੁਫ਼ਤ ਦਿੱਤੀ ਜਾਵੇ, ਬਿਜਲੀ 300 ਯੂਨਿਟ ਪਰਿਵਾਰਾਂ ਨੂੰ ਮੁਫ਼ਤ ਦਿੱਤੀ ਜਾਵੇ ਅਤੇ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇ। ਧਰਨੇ ਦੀ ਹਮਾਇਤ ‘ਚ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਅਤੇ ਉਹ ਵਿਧਾਇਕ ਹੋਣ ਦੇ ਨਾਤੇ ਇਸ ਦਾ ਮਸਲਾ ਵਿਧਾਨ ਸਭਾ ‘ਚ ਵੀ ਚੁੱਕਣਗੇ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੇ ਧਰਨਕਾਰੀਆਂ ਚ ਆ ਕੇ ਭਰੋਸਾ ਦਿਵਾਇਆ ਕਿ ਉਹ 20 ਅਪਰੈਲ ਤੱਕ ਉਨ੍ਹਾਂ ਦੀ ਗੱਲਬਾਤ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣਗੇ ਤੇ ਵਿਧਾਇਕ ਹਰਪਾਲ ਚੀਮਾ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਚਾਰੇ ਪ੍ਰਦਰਸ਼ਨਕਾਰੀ ਟੈਂਕੀ ਤੋਂ ਹੇਠਾਂ ਉਤਰੇ ਤੇ ਪ੍ਰਸ਼ਾਸਨ ਤੇ ਸੁਖ ਦਾ ਸਾਹ ਲਿਆ।
ਧਰਨੇ ਦੌਰਾਨ ਸਰਕਾਰ ਵੱਲੋਂ ਪਹੁੰਚੇ ਜ਼ਿਲਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਆਜ਼ਾਦੀ ਘੁਲਾਟੀ ਪਰਿਵਾਰ ਮੈਂਬਰਾਂ ਦੀ ਸੰਸਥਾ ਦੇ ਸੂਬਾ ਪ੍ਰਧਾਨ ਹਰਿੰਦਰ ਖਾਲਸਾ ਵਿਚਾਲੇ ਜ਼ੋਰਦਾਰ ਤਕਰਾਰ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਾਜਾ ਨੇ ਕਿਹਾ ਕਿ ਸਾਡੇ ਮਨ ‘ਚ ਆਜ਼ਾਦੀ ਘੁਲਾਟੀਏ ਬਜ਼ੁਰਗਾਂ ਦਾ ਪੂਰਨ ਸਤਿਕਾਰ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਬਜ਼ੁਰਗਾਂ ਨੂੰ ਕੁਝ ਸਵਾਰਥੀ ਲੋਕ ਸਰਕਾਰ ਵਿਰੁੱਧ ਭੜਕਾ ਰਹੇ ਹਨ।