ਮਜੀਠੀਏ ਖਿਲਾਫ ਕਨੂੰਨ ਆਪਣਾ ਕੰਮ ਕਰੇਗਾ-ਮਨਪ੍ਰੀਤ

-ਪੰਜਾਬੀਲੋਕ ਬਿਊਰੋ
ਬਿਕਰਮ ਮਜੀਠੀਆ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਵਾਲਾ ਮੁੱਦਾ ਇਕ ਵਾਰ ਫੇਰ ਪੰਜਾਬ ਦੀ ਸਿਆਸਤ ਚ ਸਿਖਰ ‘ਤੇ ਹੈ। ਐਸ ਟੀ ਐਫ ਦੀ ਰਿਪੋਰਟ ਚ ਮਜੀਠੀਆ ਬਾਰੇ ਪੁਖਤਾ ਸਬੂਤ ਹੋਣ ਦੇ ਦਾਅਵੇ ਵੀ ਕੁਝ ਹਲਕਿਆਂ ਵਲੋਂ ਕੀਤੇ ਜਾ ਰਹੇ ਨੇ। ਇਸ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇ ਐਸ ਟੀ ਐਫ ਦੀ ਰਿਪੋਰਟ ਵਿੱਚ ਮਜੀਠੀਆ ਖਿਲਾਫ ਕੁਝ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।ਪਰ ਮੈਂ ਅਜੇ ਰਿਪੋਰਟ ਨਹੀਂ ਦੇਖੀ। ਕੇਜਰੀਵਾਲ ਦੀ ਮੁਆਫੀ ਬਾਰੇ ਉਨਾਂ ਕਿਹਾ ਕਿ ਮੁਆਫੀ ਮੰਗਣੀ ਮਰਦਾਂ ਦਾ ਕੰਮ ਨਹੀਂ।
ਮਨਪ੍ਰੀਤ ਬਾਦਲ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਵਿੱਚ ਪਹੁੰਚੇ ਸੀ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਵਿਚਾਰਾਂ ਹੋਈਆਂ। ਮੀਟਿੰਗ ਮਗਰੋਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੰਤਰੀਆਂ ਦੇ ਇਨਕਮ ਟੈਕਸ ਦਾ ਬਿੱਲ ਵਿਧਾਨ ਸਭਾ ਵਿੱਚ ਆਵੇਗਾ। ਬਿੱਲ ਪਾਸ ਹੋਣ ਮਗਰੋਂ ਮੰਤਰੀ ਖੁਦ ਟੈਕਸ ਭਰਨਗੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਕਾਲੋਨੀਆਂ ਬਾਰੇ ਬਿੱਲ ਵੀ ਆਵੇਗਾ। ਇਸ ਤਹਿਤ ਜਿਹੜੇ ਸਰਕਾਰੀ ਸ਼ਰਤਾਂ ਪੂਰੀਆਂ ਕਰਨਗੇ, ਉਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਵੇਲੇ ਪੰਜਾਬ ਵਿੱਚ 7000 ਦੇ ਕਰੀਬ ਗੈਰ ਕਨੂੰਨੀ ਕਾਲੋਨੀਆਂ ਹਨ। ਮਨਪ੍ਰੀਤ ਨੇ ਕਿਹਾ ਕਿ ਹੁੱਕਾ ਤੇ ਸ਼ੀਸ਼ਾ ਬਾਰ ‘ਤੇ ਪਾਬੰਦੀ ਲਾ ਦਿੱਤੀ ਹੈ। ਉਨਾਂ ਕਿਹਾ ਕਿ ਨਵੀਂ ਪੀੜੀ ਖ਼ਰਾਬ ਨਹੀਂ ਹੋਣ ਦਿਆਂਗੇ।