ਬੜੇ ਖਾਸ ਹਾਂ ਅਸੀਂ ਭਾਰਤੀ.. ਜਮਾਂ ਹਾਥੀ ਦੇ ਦੰਦਾਂ ਵਰਗੇ 

-ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਹੀਰ ਰਾਂਝਾ, ਲੈਲਾ ਮਜਨੂੰ, ਸੋਹਣੀ ਮਹੀਂਵਾਲ, ਤੋਂ ਲੈ ਕੇ ਰਾਧਾ ਕ੍ਰਿਸ਼ਨ ਦੇ ਪ੍ਰੇਮ ਪ੍ਰਸੰਗਾਂ ਨਾਲ ਭਾਰਤੀ ਸੰਸਕ੍ਰਿਤੀ ਲਬਰੇਜ਼ ਹੈ, ਇਥੇ ਕਲਾ ਦਾ ਬਹੁਤਾ ਖੇਤਰ ਵੀ ਇਸ਼ਕੀਆ ਵੰਨਗੀਆਂ ਨਾਲ ਸੰਬੰਧਤ ਹੈ.. ਉਂਝ ਇਥੇ ਇਸ਼ਕ ਕਰਨਾ ਗੁਨਾਹ ਹੈ..
ਹੈਦਰਾਬਾਦ ਦੇ ਕਦਾਪਾ ਜ਼ਿਲੇ ਚ ਜਿਹਨਾਂ ਨੂੰ ਭਾਰਤੀ ਸੰਸਕ੍ਰਿਤੀ ਚ ਦਲਿਤ ਕਿਹਾ ਜਾਂਦਾ ਹੈ, ਉਸ ਭਾਈਚਾਰੇ ਦੇ ਇਕ ਨੌਜਵਾਨ ਨੂੰ ਉਚ ਜਾਤੀ ਦੀ ਇਕ ਕੁੜੀ ਨਾਲ ਪਿਆਰ ਹੋ ਗਿਆ, ਕੁੜੀ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਕੁੜੀ ਨੂੰ ਸਕੂਲੋਂ ਹਟਾ ਕੇ ਚਾਰ ਦੀਵਾਰੀ  ਕੈਦ ਕਰ ਲਿਆ।
ਮਾਪੇ ਭੁੱਲ ਗਏ ਕਿ ਇਸ ਸੰਸਕ੍ਰਿਤੀ ਦੀ ਇਕ ਪਾਤਰ ਸੋਹਣੀ ਮਹੀਂਵਾਲ ਨੂੰ ਮਿਲਣ ਕੱਚੇ ਘੜੇ ‘ਤੇ ਤਰ ਗਈ ਸੀ,. ਸੋ ਉਸ ਘਰ ਦੇ ਜਿੰਦੇ ਕੁੰਡੇ ਵੀ ਕੁੜੀ ਨੂੰ ਪਰੇਮੀ ਨਾਲ ਮਿਲਣੋਂ ਰੋਕ ਨਾ ਸਕੇ, ਇਕ ਦਿਨ ਕੁੜੀ ਕੋਲੋਂ ਇਕ ਖਤ ਮਿਲਿਆ, ਜੋ ਉਸ ਨੇ ਆਪਣੇ ਪ੍ਰੇਮੀ ਨੂੰ ਲਿਖਿਆ ਸੀ, ਇਕ ਫੋਨ ਵੀ ਮਿਲਿਆ, ਮਾਪਿਆਂ ਨੇ ਉਸੇ ਫੋਨ ਤੋਂ ਮੈਸੇਜ ਕਰਕੇ ਮੁੰਡੇ ਨੂੰ ਘਰ ਸੱਦਿਆ, ਅਣਭੋਲ ਮੁੰਡਾ ਆਇਆ ਤਾਂ ਕੁੜੀ ਦੇ ਪਰਿਵਾਰ ਨੂੰ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਲਾਸ਼ ਨਜ਼ਦੀਕੀ ਰੇਲ ਟਰੈਕ ‘ਤੇ ਸੁੱਟ ਕੇ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੁੰਡੇ ਦੇ ਪਰਿਵਾਰ ਤੇ ਕੁੜੀ ਦੇ ਬਿਆਨ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ।
ਅਸੀਂ ਭਾਰਤੀ ਦੇਵੀ ਪੂਜਕ ਹਾਂ.. 
ਕਾਂਗੜਾ ਦੇ ਰੇਹਲੂ ਪਿੰਡ ਚ ਇਕ 55 ਸਾਲਾ ਮਹਿਲਾ ਦੀ ਬਲਾਤਕਾਰ ਮਗਰੋਂ ਪੱਥਰ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਗਈ, ਮਜ਼ਦੂਰ ਔਰਤ ਜੰਗਲ ਵਿੱਚ ਹਰ ਦਿਨ ਵਾਂਗ ਸਵੇਰੇ ਚਾਰ ਵਜੇ ਝਾੜੂ ਬਣਾਉਣ ਲਈ ਪੱਤੇ ਲੈਣ ਗਈ ਸੀ ਕਿ ਕਿਸੇ ਨੇ ਉਸਨੂੰ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਕਰਤੂਤ ਛੁਪਾਉਣ ਲਈ ਉਸ ਦੀ ਜਾਨ ਵੀ ਲੈ ਲਈ।
ਤੇ ਆਹ ਕਰਤੂਤ ਵੀ ਦੇਵੀ ਪੂਜਕ ਮੁਲਕ ਚ ਹੀ ਵਾਪਰੀ ਹੈ-
ਹਰਿਆਣਾ ਦੇ ਨੂਹ ਚ ਇਕ ਸ਼ਖਸ ਨੇ ਜੂਏ ਚ ਆਪਣੀ ਪਤਨੀ ਹਾਰ ਦਿੱਤੀ ਤੇ ਫੇਰ ਉਸ  ਨੂੰ ਆਪਣੇ ਜੂਏਬਾਜ਼ ਦੋਸਤਾਂ ਦੇ ਹਵਾਲੇ ਕਰ ਦਿੱਤਾ, ਜਦ ਮਹਿਲਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਤਲਾਕ ਤਲਾਕ ਤਲਾਕ ਕਹਿ ਦਿੱਤਾ।
ਇਨਸਾਫ ਲੈਣ ਲਈ ਮਹਿਲਾ ਹਲਕੇ ਦੇ ਪੁਲਿਸ ਥਾਣਿਆਂ ਚ ਭਟਕੀ, ਸਮਾਜ ਚ ਵੱਡਾ ਰੁਤਬਾ ਰੱਖਣ ਵਾਲੇ ਅਖੌਤੀ ਮੋਹਤਬਰਾਂ ਕੋਲ ਵੀ ਗਈ, ਆਪਣੇ ਰਿਸ਼ਤੇਦਾਰਾਂ ਕੋਲ ਵੀ ਗਈ. . ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ। ਫੇਰ ਉਸ ਨੇ ਕਿਸੇ ਹਮਦਰਦ ਦੀ ਮਦਦ ਨਾਲ ਮੇਵਾਤ ਦੇ ਐਸ ਪੀ ਕੋਲ ਸ਼ਿਕਾਇਤ ਕੀਤੀ ਤਾਂ ਐਸ ਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਅਸੀਂ ਭਾਰਤੀ ਨਿਰਪੱਖਤਾ ਦੀ ਗੱਲ ਵੀ ਕਰਦੇ ਹਾਂ, ਹਰ ਧਰਮ ਦਾ ਸਤਿਕਾਰ ਕਰਨ ਦੇ ਹੋਕੇ ਵੀ ਦਿੰਦੇ ਹਾਂ.. ਪਰ ਇਕ ਖਾਸ ਧਰਮ ਦੇ ਲੋਕਾਂ ਨੂੰ ਅੱਤਵਾਦੀ ਵੀ ਗਰਦਾਨਦੇ ਹਾਂ..
ਹਾਲ ਹੀ ਵਿੱਚ ਬਿਹਾਰ ਦੇ ਅਰਰੀਆ ਹਲਕੇ ਤੋਂ ਹੋਈ ਜ਼ਿਮਨੀ ਚੋਣ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਸਰਫਰਾਜ਼ ਆਲਮ ਨੇ ਬੀਜੇਪੀ ਨੂੰ ਵੱਡੀ ਮਾਤ ਦਿੱਤੀ
ਬੀਜੇਪੀ ਨੂੰ ਹਾਰ ਹਜ਼ਮ ਨਹੀਂ ਹੋ ਰਹੀ. ਪਾਰਟੀ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਕਿ ਸਰਫਰਾਜ ਦੀ ਜਿੱਤ ਨਾਲ ਅੱਤਵਾਦ ਆ ਜਾਣੈ..
ਕਹਿੰਦੇ – ਅਰਰੀਆ ਸਰਹੱਦੀ ਇਲਾਕਾ ਨਹੀਂ, ਇਹ ਸਿਰਫ ਨੇਪਾਲ ਤੇ ਬੰਗਾਲ ਨਾਲ ਜੁੜਿਆ ਨਹੀਂ, ਇਕ ਕੱਟੜਪੰਥੀ ਵਿਚਾਰਧਾਰਾ ਨੂੰ ਉਹਨਾਂ ਨੇ ਜਨਮ ਦੇ ਦਿੱਤਾ ਹੈ, ਇਹ ਅੱਤਵਾਦੀਆਂ ਦਾ ਗੜ ਬਣ ਜਾਣੈ ਹੁਣ.. ਇਹ ਸਿਰਫ ਬਿਹਾਰ ਲਈ ਨਹੀਂ ਸਮੁੱਚੇ ਮੁਲਕ ਲਈ ਖਤਰੇ ਦੀ ਗੱਲ ਹੈ
ਇਕ ਮੁਸਲਮਾਨ ਲੀਡਰ ਜੀਹਨੂੰ ਹਿੰਦੂ ਵੋਟ ਵੀ ਪਈ ਹੋਊ, ਮੁਸਲਮ ਵੀ , ਸਿੱਖ , ਈਸਾਈ, ਦਲਿਤ ਹਰ ਵਰਗ ਨੇ ਵੋਟ ਪਾ ਕੇ ਜਿਤਾਇਆ, ਉਸ ਦੀ ਜਿੱਤ ਨੂੰ ਬੀਜੇਪੀ ਲੀਡਰ ਅੱਤਵਾਦ ਦੀ ਪੈਦਾਇਸ਼ ਦੇ ਖਤਰੇ ਨਾਲ ਜੋੜ ਰਿਹਾ ਹੈ।
ਇਸ ‘ਤੇ ਸਿਆਸਤ ਗਰਮਾ ਗਈ ਹੈ. .
ਤੇਜਸਵੀ ਯਾਦਵ ਨੇ ਕਿਹਾ ਹੈ ਕਿ ਗਿਰੀਰਾਜ ਸਿੰਘ ਕੇਂਦਰੀ ਮੰਤਰੀ ਹੈ ਤੇ ਭੁੱਲ ਰਿਹੈ ਕਿ ਕੇਂਦਰ ਚ ਵੀ ਤੇ ਬਿਹਾਰ ਚ ਵੀ ਉਹਨਾਂ ਦੀ ਪਾਰਟੀ ਦੀ ਹੀ ਸਰਕਾਰ ਹੈ, ਜੇ ਬਿਹਾਰ ਦੀ ਨਿਤੀਸ਼ ਸਰਕਾਰ ‘ਤੇ ਅਰਰੀਆ ਚ ਅੱਤਵਾਦ ਆਉਣੋ ਰੋਕਣ ਲਈ ਭਰੋਸਾ ਨਹੀਂ ਤਾਂ ਬੀਜੇਪੀ ਸਮਰਥਨ ਵਾਪਸ ਕਿਉਂ ਨਹੀਂ ਲੈਂਦੀ?
ਤੇ ਰਾਬੜੀ ਦੇਵੀ ਤਾਂ ਭਬਕ ਕੇ ਬੋਲੀ ਕਿ ਸਾਰੇ ਮੁਲਕ ਦੇ ਅੱਤਵਾਦੀ ਤਾਂ ਬੀਜੇਪੀ ਦੇ ਦਫਤਰਾਂ ਚ ਬਹਿੰਦੇ ਨੇ, ਨਾਲ ਹੀ ਬੀਬੀ ਰਾਬੜੀ ਨੇ ਗਿਰੀਰਾਜ ਨੂੰ ਜੁਬਾਨ ਸੰਭਾਲਣ ਤੇ ਅਰਰੀਆ ਦੇ ਲੋਕਾਂ ਤੋਂ ਮਾਫੀ ਮੰਗਣ ਨੂੰ ਕਿਹਾ ਹੈ।

ਅਸੀਂ ਭਾਰਤੀ ਹੱਥੀਂ ਕਰੜੀ ਮਿਹਨਤ ਕਰਕੇ ਵੀ ਮਸ਼ਹੂਰ ਹਾਂ..
ਪਰ ਇਕ ਰਿਪੋਰਟ ਆਈ ਹੈ ਕਿ ਭਾਰਤੀ ਲੋਕਾਂ ਤੋਂ ਤਕਨੀਕ ਨੇ ਗੂੜੀ ਨੀਂਦ ਦਾ ਸੁੱਖ ਖੋਹ ਲਿਆ ਹੈ। ਫਿਲਿਪਸ ਵੱਲੋਂ ਕਰਵਾਏ ਗਲੋਬਲ ਸਰਵੇ ਅਨੁਸਾਰ 32 ਫੀਸਦੀ ਭਾਰਤੀ ਲੋਕਾਂ ਦਾ ਸੋਚਣਾ ਹੈ ਕਿ ਤਕਨੀਕ ਨੀਂਦ ਵਿੱਚ ਵੱਡਾ ਅੜਿੱਕਾ ਬਣ ਗਈ ਹੈ। 19 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਤਕਨੀਕੀ ਕੰਮ ਦਾ ਬੋਝ ਨੀਂਦ ਉੱਤੇ ਭਾਰੂ ਪੈ ਰਿਹਾ ਹੈ ਕਿਉਂਕਿ ਸ਼ਿਫਟ ਸਭਿਆਚਾਰ ਕਾਰਨ ਨੀਂਦ ਦਾ ਸਹੀ ਸਮਾਂ ਕੰਮ ਦੇ ਲੇਖੇ ਲੱਗ ਜਾਂਦਾ ਹੈ। ਇਸ ਤੋਂ ਇਲਾਵਾ 66 ਫੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਨੀਂਦ ਦੇ ਮੁਕਾਬਲੇ ਕਸਰਤ ਵਧੇਰੇ ਅਹਿਮ ਮੁੱਦਾ ਹੈ, ਜੋ ਸਿਹਤ ਦੇ ਉੱਤੇ ਅਸਰ ਪਾਉਂਦਾ ਹੈ। ਪਰ ਕਸਰਤ ਦਾ ਵਕਤ ਨਹੀਂ।
ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 45 ਫੀਸਦੀ ਭਾਰਤੀਆਂ ਨੇ ਗੂੜੀ ਨੀਂਦ ਲਈ ਯੋਗ ਤੇ ਸਮਾਧੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ 24 ਫੀਸਦੀ ਬਾਲਗ ਵਿਸ਼ੇਸ਼ ਬਿਸਤਰਿਆਂ ਦਾ ਆਸਰਾ ਲੈ ਰਹੇ ਹਨ।

ਚੁਟਕਲੇ ਵੀ ਸ਼ਾਇਦ ਸਭ ਤੋਂ ਵੱਧ ਭਾਰਤੀ ਘੜਦੇ ਹੋਣ..
ਪਰ ਖੁਸ਼ੀ ਫੇਰ ਵੀ ਗਾਇਬ ਹੈ..

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਤਾਜ਼ਾ ‘ਹੈਪੀਨੈੱਸ ਰਿਪੋਰਟ’ ਵਿੱਚ ਭਾਰਤ ਨੂੰ ਗਵਾਂਂਢੀ ਦੇਸ਼ਾਂ ਪਾਕਿਸਤਾਨ ਤੇ ਬੰੰਗਲਾਦੇਸ਼ ਨੇ ਪਛਾੜ ਦਿੱਤਾ ਹੈ ਤੇ ਭਾਰਤ ਨੂੰ 133ਵਾਂ ਦਰਜਾ ਮਿਲਿਆ ਹੈ। ਫਿਨਲੈਂਡ ਸਭ ਤੋਂ ਖੁਸ਼ ਲੋਕਾਂ ਵਾਲਾ ਮੁਲਕ ਹੈ। ਇਸ ਤੋਂ ਬਾਅਦ ਡੈਨਮਾਰਕ ਤੇ ਨਾਰਵੇ ਦਾ ਨਾਂਅ ਆਉਂਦਾ ਹੈ। ਪਿਛਲੇ ਸਾਲ ਭਾਰਤ ਦਾ ਨੰਬਰ 128ਵਾਂ ਸੀ ..
ਸੰਯੁਕਤ ਰਾਸ਼ਟਰ ਵੱਲੋਂ 20 ਮਾਰਚ ਵਿਸ਼ਵ ਖੁਸ਼ੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਤੇ ਇਹ ਰਿਪੋਰਟ ਉਸ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ।

ਅਸੀਂ ਭਾਰਤੀ ਸਵੱਛਤਾ ਦੇ ਮਾਮਲੇ ਚ ਕਿਸੇ ਤੋਂ ਘੱਟ ਨਹੀਂ, ਸਾਡਾ ਤਾਂ ਪੀ ਐਮ ਅਰਬਾਂ ਰੁਪਏ ਸਿਰਫ ਸਵੱਛਤਾ ਦਾ ਪ੍ਰਚਾਰ ਕਰਨ ਲਈ ਇਸ਼ਤਿਹਾਰਬਾਜ਼ੀ ‘ਤੇ ਹੀ ਖਰਚਾਅ ਰਿਹੈ.
ਸਵੱਛਤਾ ਦੇਖਣ ਪੰਜਾਬ ਦੇ ਸ਼ਹਿਰ ਖੰਨਾ ਚੱਲਦੇ ਹਾਂ.. ਜਿੱਥੇ ਸੀਵਰੇਜ ਦਾ ਪਾਣੀ ਗਲੀਆਂ ਚ ਹਰਲ ਹਰਲ ਕਰਦਾ ਫਿਰਦਾ ਹੈ, ਲੋਕਾਂ ਨੂੰ ਬਿਮਾਰੀਆਂ ਤਾਂ ਲੱਗ ਹੀ ਰਹੀਆਂ ਸੀ ਹੁਣ ਤਾਂ ਇਹ ਪਾਣੀ ਸਿੱਧਾ ਜਿੰਦੜੀਆਂ ਹੜੱਪਣ ਵੀ ਲੱਗਿਆ ਹੈ। ਖੰਨਾ ਚ ਰੇਲਵੇ ਲਾਈਨੋਂ ਪਾਰ ਇਲਾਕੇ ਚ ਕਿਰਾਏ ‘ਤੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਜੋੜੇ ਦਾ 13-14 ਮਹੀਨਿਆਂ ਦਾ ਬੱਚਾ ਖੇਡਦਾ ਖੇਡਦਾ ਘਰੋਂ ਬਾਹਰ ਗਲੀ ਚ ਚਲਾ ਗਿਆ, ਤੇ ਬਾਹਰ ਖੜੇ ਸੀਵਰੇਜ ਦੇ ਪਾਣੀ ਚ ਡੁੱਬ ਕੇ ਦਮ ਤੋੜ ਗਿਆ।
ਦੱਸਦੇ ਨੇ ਕਿ ਸ਼ਹਿਰ ਵਿੱਚ ਕਈ ਥਾਈਂ ਤਾਂ 4-5 ਫੁੱਟ ਟੋਏ ਪਏ ਹੋਏ ਨੇ, ਜਿੱਥੇ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਹੈ..
ਪਰ ਕਿਸੇ ਜੁਮੇਵਾਰ ਨੂੰ ਦਿਸਦਾ ਨਹੀਂ..
ਕੱਲ ਦੀ ਬੱਚੇ ਦੇ ਡੁੱਬਣ ਵਾਲੀ ਘਟਨਾ ਮਗਰੋਂ ਲੋਕਾਂ ਚ ਵੱਡਾ ਰੋਸ ਸੀ , ਨਾਅਰੇਬਾਜ਼ੀ ਵੀ ਹੋਈ ਪਰ ਕਿਸੇ ਨੂੰ ਸੁਣੀ ਨਹੀਂ..
ਸਾਡੇ ਇਥੇ ਮੁਲਕ ਚ ਸਾਫ ਦਿਸਣ ਵਾਲੀਆਂ ਐਨਕਾਂ ਤੇ ਸਾਫ ਸੁਣਨ ਵਾਲੀਆਂ ਕੰਨਾਂ ਦੀਆਂ ਮਸ਼ੀਨਾਂ ਦੀ ਵੱਡੀ ਕਮੀ ਹੈ..