ਸ਼ਹੀਦ ਉਧਮ ਸਿੰਘ ਦੇ ਵਾਰਿਸ ਹੋਣ ਸਬੰਧੀ ਆਈ ਕਾਰਡ ਜਾਰੀ

ਪਰ ਆਰਟੀਆਈ ‘ਚ ਕੀਤਾ ਜਾਂਦਾ ਏ ਇਨਕਾਰ
-ਪੰਜਾਬੀਲੋਕ ਬਿਊਰੋ
ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਾਰਿਸਾਂ ਦੇ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ‘ਤੇ ਸਵਾਲ ਕੀਤੇ ਹਨ। ਵਾਰਿਸਾਂ ਨੇ ਸਵਾਲ ਕੀਤਾ ਕਿ ਇੱਕ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਦੇ ਵਾਰਿਸ ਹੋਣ ਦੇ ਪਛਾਣ ਪੱਤਰ ਜਾਰੀ ਕੀਤੇ ਗਏ ਹਨ, ਦੂਜੇ ਪਾਸੇ ਜਦੋਂ ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਦੇ ਤਹਿਤ ਸ਼ਹੀਦ ਊਧਮ ਸਿੰਘ ਦੇ ਵਾਰਿਸ ਹੋਣ ਦੀ ਸੂਚਨਾ ਮੰਗੀ ਜਾਂਦੀ ਹੈ ਤਾਂ ਪ੍ਰਸ਼ਾਸਨ, ਵਾਰਿਸ ਨਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲੈਂਦਾ ਹੈ।
ਬੀਤੇ ਦਿਨੀਂ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਚ ਇਕੱਠੇ ਹੋਏ ਹਰਦਿਆਲ ਸਿੰਘ, ਸ਼ਾਮ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਅਤੇ ਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਜਿਸ ਨਾਲ ਸ਼ਹੀਦ ਦੇ ਵਾਰਿਸ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ। ਹਰਦਿਆਲ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਚਚੇਰੀ ਭੈਣ ਆਸ ਕੌਰ ਨੂੰ ਤੱਤਕਾਲੀਨ ਰਾਸ਼ਟਰਪਤੀ ਗਿਆਨੀ ਜੈਲ ਸਿੰਘ (ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ), ਨੇ ਵਾਰਿਸ ਐਲਾਨਿਆ ਸੀ ਤੇ 1974 ਵਿਚ ਆਸ ਕੌਰ ਦੀ ਗੁਹਾਰ ਨੂੰ ਆਧਾਰ ਬਣਾ ਕੇ ਗਿਆਨੀ ਜੈਲ ਸਿੰਘ ਨੇ ਇੰਗਲੈਂਡ ਤੋਂ ਸ਼ਹੀਦ ਦੀਆਂ ਅਸਥੀਆਂ ਮੰਗਵਾਈਆਂ ਸਨ। ਉਦੋਂ ਆਸ ਕੌਰ ਨੂੰ ਢਾਈ ਸੌ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਗਈ ਸੀ, ਪਰ ਪ੍ਰਸ਼ਾਸਨ ਤੋਂ ਜਦੋਂ ਕੋਈ ਆਰ. ਟੀ. ਆਈ. ਸਬੰਧੀ ਜਾਣਕਾਰੀ ਮੰਗਦਾ ਹੈ, ਤਾਂ ਪ੍ਰਸ਼ਾਸਨ ਰਿਕਾਰਡ ਨਾ ਹੋਣ ਅਤੇ ਵਾਰਿਸ ਨਾ ਹੋਣ ਦੀ ਸੂਚਨਾ ਦੇ ਕੇ ਪੱਲਾ ਝਾੜ ਲੈਂਦਾ ਹੈ।