• Home »
  • ਸਿਆਸਤ
  • ਖਬਰਾਂ
  • » ਹੱਕੀ ਮੰਗਾਂ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਧਰਨਾ-ਮੁਜ਼ਾਹਰਾ

ਹੱਕੀ ਮੰਗਾਂ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਧਰਨਾ-ਮੁਜ਼ਾਹਰਾ

-ਪੰਜਾਬੀਲੋਕ ਬਿਊਰੋ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੇਂਡੂ ਮਜ਼ਦੂਰਾਂ ਵੱਲੋਂ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ 5 ਲੱਖ ਰੁਪਏ ਦੀ ਗਰਾਂਟ ਦੇਣ, ਪੰਚਾਇਤੀ ਜ਼ਮੀਨਾਂ ‘ਚੋਂ ਦਲਿਤਾਂ ਲਈ ਰਾਖਵਾਂ ਹਿੱਸਾ ਦੇਣ, ਮਗਨਰੇਗਾ ਤਹਿਤ 300 ਦਿਨ ਰੁਜ਼ਗਾਰ, ਕੀਤੇ ਕੰਮ ਦਾ ਬਕਾਇਆ ਮਿਹਨਤਾਨਾ ਦੇਣ ਤੇ ਦਿਹਾੜੀ 500 ਰੁਪਏ ਕਰਨ ਅਤੇ ਮਜ਼ਦੂਰਾਂ ਸਿਰ ਹਰ ਪ੍ਰਕਾਰ ਦੇ ਕਰਜ਼ੇ ‘ਤੇ ਲਕੀਰ ਫੇਰਨ ਆਦਿ ਮੰਗਾਂ ਦੇ ਹੱਲ ਲਈ ਬੀ.ਡੀ.ਪੀ.ਓ. ਜਲੰਧਰ ਪੱਛਮੀ ਅਤੇ ਭੋਗਪੁਰ ਦੇ ਦਫ਼ਤਰ ਅੱਗੇ ਧਰਨਾ-ਮੁਜ਼ਾਹਰਾ ਕੀਤਾ ਗਿਆ।
ਇਸ ਸਮੇਂ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਾਂਗ ਪੰਜਾਬ ਦੀ ਕੈਪਟਨ ਸਰਕਾਰ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਗਈ ਹੈ। ਇਹ ਸਰਕਾਰ ਵੀ ਵੱਡੇ ਭੂਮੀਪਤੀਆਂ ਤੇ ਕੰਪਨੀਆਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ।
ਉਨਾਂ ਕਿਹਾ ਕਿ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਨਿਰਦੇਸ਼ਤ ਨੀਤੀਆਂ ਦੇ ਸਿੱਟੇ ਵਜੋਂ ਕਿਰਤੀ ਲੋਕ ਕੱਖੋਂ ਹੌਲੇ ਹੋ ਗਏ ਹਨ। ਹੋਰਨਾਂ ਵਰਗਾਂ ਵਾਂਗ ਮਜ਼ਦੂਰ ਜਮਾਤ ਆਪਣੇ ਮੰਗਾਂ ਮਸਲਿਆਂ ਦੇ ਹੱਲ ਲਈ ਸੰਘਰਸ਼ ਦੇ ਰਾਹ ਪਈ ਹੋਈ ਹੈ। ਕੀਤੇ ਵਾਅਦੇ ਪੂਰੇ ਕਰਨ ਤੇ ਮੰਗਾਂ ਮਸਲੇ ਹੱਲ ਕਰਨ ਦੀ ਥਾਂ ਸੂਬਾ ਸਰਕਾਰ ਨੇ ਕਾਲਾ ਕਾਨੂੰਨ ‘ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ’ ਲਾਗੂ ਕਰਨ ਤੋਂ ਬਾਅਦ ਗੈਂਗਸਟਰਾਂ ਨੂੰ ਕੰਟਰੋਲ ਕਰਨ ਦੇ ਨਾਂ ਹੇਠ ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਪਕੋਕਾ) ਦੀ ਤਜਵੀਜ਼ ਲਿਆਂਦੀ ਹੈ ਤਾਂ ਜੋ ਪੰਜਾਬ ਨੂੰ ਪੁਲੀਸ ਰਾਜ ‘ਚ ਤਬਦੀਲ ਕਰਕੇ ਸਰਕਾਰ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਸਕੇ। ਉਨਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਦੇ ਨਾਲ-ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨਾਂ ਨੇ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਮਜ਼ਦੂਰ ਮੰਗਾਂ-ਮਸਲਿਆਂ ਦੇ ਰਸਤੇ ਵਿੱਚ ਰੋੜਾ ਬਣਨ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ 17 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿੱਚ ਵਧ-ਚੜ ਕੇ ਸ਼ਮੂਲੀਅਤ ਕੀਤੀ ਜਾਵੇ।
ਪੇਂਡੂ ਮਜ਼ਦੂਰਾਂ ਨੂੰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ, ਸਦੀਕ ਵਿੱਕੀ ਭੂਲਪੁਰ, ਜਸਵੀਰ ਗੋਰਾ ਅਤੇ ਵੀਰ ਕੁਮਾਰ ਨੇ ਸੰਬੋਧਨ ਕੀਤਾ।