ਡੀ ਐਸ ਪੀ ਸੰਧੂ ਨੇ ‘ਪ੍ਰਵੋਕ’ ਹੋ ਕੇ ਕੀਤੀ ਖੁਦਕੁਸ਼ੀ?

-ਪੰਜਾਬੀਲੋਕ ਬਿਊਰੋ
ਜੈਤੋ ਵਿੱਚ ਲੰਘੇ ਦਿਨ ਵਿਦਿਆਰਥੀਆਂ ਦੇ ਧਰਨੇ ਵਿੱਚ ਡੀ ਐਸ ਪੀ ਬਲਜਿੰਦਰ ਸਿੰਘ ਸੰਧੂ ਨੇ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦਾ ਲਾਈਵ ਵੀਡੀਓ ਵਾਇਰਲ ਹੋਇਆ ਪਿਆ ਹੈ। ਬੀਤੇ ਦਿਨੀਂ ਦੋ ਵਿਦਿਆਰਥੀਆਂ ਤੇ ਇਕ ਵਿਦਿਆਰਥਣ ਨੂੰ ਐਸ ਐਚ ਓ ਗੁਰਮੀਤ ਸਿੰਘ ਨੇ ਕੁੱਟਿਆ ਸੀ, ਜਿਸ ਦੀ ਵੀਡੀਓ ਵਿਦਾਰਥੀ ਯੂਨੀਅਨ ਨੇ ਵਾਇਰਲ ਕਰਕੇ ਇਨਸਾਫ ਮੰਗਿਆ ਤੇ ਡੀ ਐਸ ਪੀ ਕੋਲ ਐਸ ਐਚ ਓ ਖਿਲਾਫ ਸ਼ਿਕਾਇਤ ਕੀਤੀ ਸੀ, ਕੋਈ ਕਾਰਵਾਈ ਨਾ ਹੋਈ ਤਾਂ ਕਿਸਾਨ ਨੇਤਾਵਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਕੱਲ ਧਰਨਾ ਮਾਰ ਲਿਆ, ਧਰਨੇ ਨੂੰ ਇਕ ਨੌਜਵਾਨ ਸੰਬੋਧਨ ਕਰ ਰਿਹਾ ਸੀ ਤਾਂ ਭੀੜ ਵਿਚੋਂ ਕਿਸੇ ਨੇ ਕਿਹਾ ਕਿ ਉਹ ਤੈਨੂੰ ਗੋਲ਼ੀ ਮਾਰ ਦੇਣਗੇ, ਤਾਂ ਭਾਸ਼ਣ ਦੇਣ ਵਾਲੇ ਨੇ ਸਵਾਲ ਕੀਤਾ ਕਿ ਐਵੇਂ ਕਿਵੇਂ ਕੋਈ ਗੋਲ਼ੀ ਮਾਰ ਦੇਊ.. ਐਨੇ ਨੂੰ ਡੀ ਐਸ ਪੀ ਭੀੜ ਚ ਆਏ ਤੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਪਰ ਭੀੜ ਚੋਂ ਉਹਨਾਂ ‘ਤੇ ਪੱਖਪਾਤ ਕਰਨ ਦੇ ਦੋਸ਼ ਲੱਗੇ, ਤੇ ਕਿਹਾ ਜਾਣ ਲੱਗਿਆ ਕਿ ਐਹੋ ਜਿਹੇ ਪੁਲਿਸੀਆਂ ਨੂੰ ਤਾਂ ਖੁਦ ਨੂੰ ਗੋਲ਼ੀ ਮਾਰ ਲੈਣੀ ਚਾਹੀਦੀ ਹੈ, ਜੋ ਇਨਸਾਫ ਨਹੀਂ ਦੇ ਸਕਦੇ। ਰੌਲਾ ਖਤਮ ਕਰਵਾਉਣ ਦੀ ਕੋਸ਼ਿਸ਼ ਕਰਦਿਆਂ ਡੀ ਐਸ ਪੀ ਨੇ ਆਪਣੀ ਪਿਸਟਲ ਕੱਢੀ ਪੁੜਪੁੜੀ ‘ਤੇ ਰੱਖੀ ਤੇ ਕਿਹਾ ਕਿ ਮੈਂ ਫੇਰ ਗੋਲ਼ੀ ਮਾਰ ਲਵਾਂ..? ਤਾਂ ਭੀੜ ਚੋਂ ਅਵਾਜ ਆਈ ਕਿ ਮਾਰ ਲੈ.. ਐਨੇ ‘ਤੇ ਟਰਿਗਰ ਨੱਪਿਆ ਗਿਆ ਤੇ ਡੀ ਐਸ ਪੀ ਸਾਹਿਬ ਡਿੱਗ ਗਏ। ਗੋਲੀ ਨਾਲ ਉਹਨਾਂ ਦਾ ਇਕ ਗੰਨਮੈਨ ਵੀ ਜ਼ਖਮੀ ਹੋਇਆ ਹੈ। ਉਹਦੀ ਅੱਖ ਕੋਲ ਗੋਲ਼ੀ ਦੇ ਛਰੇ ਵੱਜੇ। ਡੀ ਐਸ ਪੀ ਦੀ ਮੌਤ ਮਗਰੋਂ ਐਸ ਐਚ ਓ ਗੁਰਮੀਤ ਸਿੰਘ ਦੇ ਬਿਆਨ ‘ਤੇ ਅਣਪਛਾਤਿਆਂ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਕਿ ਵਿਦਿਆਰਥੀਆਂ ਵਲੋਂ ਲਾਏ ਪੱਖਪਾਤ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ।
ਆਈ ਜੀ ਬਠਿੰਡਾ ਮੁਖਵਿੰਦਰ ਸਿੰਘ ਛੀਨਾ ਨੇ ਵੀ ਇਹੋ ਬਿਆਨ ਦਿੱਤਾ ਹੈ। ਡੀ ਜੀ ਪੀ ਨੇ ਆਈ ਜੀ ਤੋਂ ਰਿਪੋਰਟ ਤਲਬ ਕੀਤੀ ਹੈ।