ਹਿੰਸਾ, ਤਣਾਅ ਦੇ ਦਰਮਿਆਨ ਫ਼ਿਲਮ ਪਦਮਾਵਤ ਕਰ ਰਹੀ ਹੈ ਕਮਾਈ

-ਪੰਜਾਬੀਲੋਕ ਬਿਊਰੋ
ਕਈ ਤਰਾਂ ਦੇ ਵਿਵਾਦਾਂ ਚ ਘਿਰੀ ਫਿਲਮ ਪਦਮਾਵਤ ਅੱਜ ਰਿਲੀਜ਼ ਹੋ ਗਈ ਹੈ। 200 ਕਰੋੜ ਦੀ ਲਾਗਤ ਨਾਲ ਬਣੀ ਫਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਦਮਾਵਤੀ ਦੀ ਭੂਮਿਕਾ ਨਿਭਾ ਰਹੀ ਦੀਪਿਕਾ ਪਾਦੁਕੋਣ ਨੇ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਸਹੀ ਵਕਤ ਹੁੰਦਾ ਹੈ , “ਅਸੀਂ ਬਿਨਾ ਬੋਲੇ ਕਿਸੇ ਨੂੰ ਆਪਣੇ ਕੰਮ ਨਾਲ ਵਧੀਆ ਜਵਾਬ ਦੇ ਸਕਦੇ ਹਾਂ। ਦੀਪਿਕਾ ਨੇ ਕਿਹਾ, “ਮੈਂ ਕਦੇ ਬਾਕਸ ਆਫ਼ਿਸ ਦੀ ਕਮਾਈ ਨੂੰ ਲੈ ਕੇ ਉਤਸ਼ਾਹਿਤ ਨਹੀਂ ਹੋਈ, ਪਰ ਇਸ ਵਾਰ ਕਮਾਈ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ।
ਅੱਜ ਵੀ ਫਿਲਮ ਦੀ ਵਿਰੋਧਤਾ ਕਰਦਿਆਂ ਕਰਨੀ ਸੈਨਾ, ਬਜਰੰਗ ਦਲ ਤੇ ਹੋਰ ਹਮਖਿਆਲੀ ਜਥੇਬੰਦੀਆਂ ਨੇ ਹਿੰਸਕ ਰੋਸ ਪ੍ਰਦਰਸ਼ਨ ਜਾਰੀ ਰੱਖਿਆ।  ਬੀਤੇ ਦਿਨ ਹੋਈ ਭੰਨਤੋੜ ਅਤੇ ਅੱਗ ਲਗਾਉਣ ਤੇ ਹੰਗਾਮਾ ਕਰਨ ਵਾਲਿਆਂ ਨੂੰ ਪੁਲਸ ਨੇ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਹੈ। 31 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਨਾਂ ‘ਤੇ ਹੱਤਿਆ ਦੀ ਕੋਸ਼ਿਸ਼ ਸਮੇਤ 12 ਧਾਰਾਵਾਂ ਦਰਜ ਕੀਤੀਆਂ ਗਈਆਂ ਹਨ।
ਗੁਰੂਗ੍ਰਾਮ ਦੇ ਡੀ.ਸੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਸਕੂਲ ਬੱਸ, ਸਰਕਾਰੀ ਬੱਸ, ਪੁਲਸ ‘ਤੇ ਪਥਰਾਅ, ਪੈਟਰੋਲ ਬੰਬ ਸੁੱਟਣ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਅੱਜ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਪਰ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਗੋਆ ਵਿੱਚ ਫ਼ਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ।
ਕਰਣੀ ਸੈਨਾ ਵੱਲੋਂ ਲਾਈ ਅੱਗ ਦਾ ਸੇਕ ਪੰਜਾਬ ਨੂੰ ਵੀ ਲੱਗਿਆ ਹੈ। ਜ਼ੀਰਕਪੁਰ ਵਿੱਚ ਪਾਰਸ ਡਾਊਨਟਾਊਨ ਸਿਨੇਮਾ ਘਰ ਵਿੱਚ ਅੱਜ ਸਵੇਰੇ ਕਰਨੀ ਸੈਨਾ ਦੇ ਕਾਰਕੁਨਾਂ ਨੇ ਫਿਲਮ ਨੂੰ ਰੋਕਣ ਲਈ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਵੀ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ।
ਕੇਜਰੀਵਾਲ ਨੇ ਕਰਨੀ ਸੈਨਾ ਦੇ ਸਮਰਥਕਾਂ ਵਲੋਂ ਸਕੂਲ ਬੱਸ ‘ਤੇ ਪਥਰਾਅ ਦੀ ਘਟਨਾ ਨੂੰ ਪੂਰੇ ਦੇਸ਼ ਲਈ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਮੈਂ ਤਾਂ ਰਾਤ ਭਰ ਸੌਂ ਨਹੀਂ ਸਕਿਆ, ਮੈਂ ਤਾਂ ਸਾਰੇ ਬੱਚਿਆਂ ਨੂੰ ਇਹੀ ਸਿਖਾਵਾਂਗਾ ਕਿ ਚੰਗੇ ਇਨਸਾਨ ਬਣਿਓ, ਹਰੇਕ ਧਰਮ ਦੀ ਇਜ਼ੱਤ ਕਰਿਓ ਤੇ ਸੱਚੇ ਦੇਸ਼ ਭਗਤ ਬਣਿਓ।
ਗਣਤੰਤਰ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਨੇ ਕਿਹਾ ਕਿ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਹੋਵੇ ਪਰ ਸਾਡੇ ਬੱਚਿਆਂ ‘ਤੇ ਹੱਥ ਨਹੀਂ ਚੁੱਕ ਸਕਦੇ । ਸਾਡਾ ਦੇਸ਼ ਭਗਵਾਨ ਰਾਮ, ਕ੍ਰਿਸ਼ਨ, ਬੁੱਧ ਅਤੇ ਮਹਾਵੀਰ ਦੀ ਧਰਤੀ ਹੈ। ਸਾਨੂੰ ਅਜਿਹੀ ਸਿੱਖਿਆ ਨਹੀਂ ਦਿੱਤੀ ਜਾਂਦੀ ਹੈ ਕਿ ਮਾਸੂਮਾਂ ਨੂੰ ਨਿਸ਼ਾਨਾ ਬਣਾਇਆ ਜਾਵੇ।
ਖੁਦ ਨੂੰ ਭਗਵਾਨ ਰਾਮ ਦਾ ਭਗਤ ਦੱਸਦੇ ਹੋਏ ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ ਕਦੇ ਭਗਵਾਨ ਰਾਮ ਨੇ ਮਾਸੂਮ ਬੱਚਿਆਂ ‘ਤੇ ਪੱਥਰ ਚਲਾਉਣ ਦੀ ਗੱਲ ਕਹੀ ਸੀ?  ਭਾਰਤ ਨੂੰ ਪਿਆਰ ਅਤੇ ਦੋਸਤੀ ਵਾਲਾ ਰਾਸ਼ਟਰ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਗਵਾਨ ਰਾਮ ਹੁੰਦੇ ਤਾਂ ਅਜਿਹੇ ਲੋਕਾਂ ਨੂੰ ਕੀ ਸਜ਼ਾ ਦਿੰਦੇ। ਮੈਨੂੰ ਲੱਗਦਾ ਹੈ ਕਿ ਜੋ ਸਜ਼ਾ ਰਾਮ ਨੇ ਰਾਵਣ ਨੂੰ ਦਿੱਤੀ ਸੀ, ਉਸ ਤੋਂ ਵੀ ਸਖਤ ਸਜ਼ਾ ਇਨਾਂ ਬਦਮਾਸ਼ਾਂ ਨੂੰ ਮਿਲਦੀ। ਬੱਸ ‘ਚ ਬੈਠੇ ਬੱਚੇ ਕਿਸੇ ਧਰਮ ਜਾਂ ਜਾਤੀ ਦੇ ਨਹੀਂ ਸਨ। ਸਿਰਫ ਮਾਸੂਮ ਬੱਚੇ ਸਨ।
ਉਹਨਾਂ ਦੇ ਅਪਰਾਧੀਆਂ ਨੂੰ ਕਿਸੇ ਵੀ ਹਾਲ ਮਾਫ ਨਹੀਂ ਕੀਤਾ ਜਾ ਸਕਦਾ।
**